ਜ਼ਿਲ੍ਹਾ ਸਕੱਤਰੇਤ ਅੱਗੇ ਅਕਾਲੀ ਦਲ (ਬ) ਵੱਲੋਂ ਸੂਬੇ ਵਿਚ ਹਾਕਮ ਧਿਰ ਦੀਆਂ ਅਕਾਲੀ ਵਰਕਰਾਂ ਨਾਲ ਕਥਿਤ ਧੱਕੇਸ਼ਾਹੀਆਂ, ਅੱਤਿਆਚਾਰ, ਗ਼ੈਰ-ਕਾਨੂੰਨੀ ਖਣਨ ਅਤੇ ਹੋਰ ਲੋਕ ਮੁੱਦਿਆਂ ਨੂੰ ਲੈ ਕੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਜਿਥੇ ਕੈਪਟਨ ਸਰਕਾਰ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ ਗਏ ਉਥੇ ਟਕਸਾਲੀ ਅਕਾਲੀਆਂ ’ਤੇ ਵੀ ਸ਼ਬਦੀ ਬਾਣ ਕੱਸੇ ਗਏ। ਇਸ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰਾਜ ’ਚ ਖ਼ਜ਼ਾਨਾ ਖ਼ਾਲੀ ਨਹੀਂ ਸਗੋਂ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜ ’ਚ ਸ਼ਰਾਬ ਮਾਫ਼ੀਆ ਦੀ ਹਾਕਮ ਧਿਰ ਦੇ ਆਗੂਆਂ ਨਾਲ ਕਥਿਤ ਗੰਢਤੁੱਪ ਕਾਰਨ ਅਕਾਲੀ ਸਰਕਾਰ ਦੇ ਮੁਕਾਬਲੇ 1000 ਹਜ਼ਾਰ ਕਰੋੜ ਸਾਲਾਨਾ ਮਾਲੀਆ ਘੱਟ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸੀਆਂ ਤੇ ਪੁਲੀਸ ਦੀ ਮਿਲੀਭੁਗਤ ਨਾਲ ਤਸਕਰ ਨਸ਼ਾ ਵੇਚ ਰਹੇ ਹਨ। ਉਨ੍ਹਾਂ ਝੂਠੇ ਪਰਚਿਆਂ ਲਈ ਸਥਾਨਕ ਐਸਐੱਸਪੀ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਅਜਿਹਾ ਵਰਤਾਰਾ ਬੰਦ ਹੋਣਾ ਚਾਹੀਦਾ ਹੈ ਨਹੀਂ ਤਾਂ ਅਕਾਲੀ ਸਰਕਾਰ ਆਉਣ ’ਤੇ ਅਜਿਹੇ ਅਫਸਰਾਂ ’ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਬਿਨਾਂ ਕਿਸੇ ਦਾ ਨਾਮ ਲਏ ਕਿਹਾ ਕਿ ਜੋ ਪਾਰਟੀ ਦੀ ਪਿੱਠ ’ਚ ਛੁਰਾ ਮਾਰੇ ਉਹ ਟਕਸਾਲੀ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਸਾਜਿਸ਼ਾਂ ਘੜੀਆਂ ਜਾ ਰਹੀਆਂ ਹਨ ਜਿਸ ਤੋਂ ਉਹ ਡਰਨ ਵਾਲੇ ਨਹੀਂ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਰ-ਘਰ ਨੌਕਰੀ, ਕਿਸਾਨਾਂ ਦੇ ਕਰਜ਼ਾ ਮੁਆਫ਼ੀ ਤੇ ਨਸ਼ਾ ਖ਼ਤਮ ਕਰਨ ਦੀ ਝੂਠੀ ਸਹੁੰ ਖਾ ਕੇ ਰਾਜ ਹਾਸਲ ਕਰਨ ਵਾਲੀ ਕੈਪਟਨ ਸਰਕਾਰ ਹਰ ਫਰੰਟ ’ਤੇ ਫੇਲ੍ਹ ਸਾਬਤ ਹੋਈ ਹੈ। ਇਸ ਮੌਕੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਇਥੋਂ ਦੇ ਗਿਰਜਾਘਰ ਦੀ 200 ਕਰੋੜ ਤੋਂ ਵੱਧ ਦੀ ਜ਼ਮੀਨ ਤੇ ਹੋਰ ਥਾਵਾਂ ਉੱਤੇ ਹਾਕਮ ਧਿਰ ਦੀ ਸ਼ਹਿ ਨਾਲ ਕਬਜ਼ੇ ਕੀਤੇ ਜਾ ਰਹੇ ਹਨ। ਉਨ੍ਹਾਂ ਹਾਕਮ ਧਿਰ ਦੇ ਵਿਧਾਇਕਾਂ ’ਤੇ ਪੰਚਾਇਤੀ ਚੋਣਾਂ ’ਚ ਧੱਕੇਸ਼ਾਹੀ ਦਾ ਦੋਸ਼ ਲਾਉਂਦਿਆਂ ਅਕਾਲੀ ਸਰਕਾਰ ਆਉਣ ’ਤੇ ਨਿਉਂਦਾ ਮੋੜਨ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਵਰਕਰ ਡਰਨ ਵਾਲੇ ਨਹੀਂ। ਉਨ੍ਹਾਂ ਕਿਹਾ ਕਿ ਚੋਣਾਂ ’ਚ ਕਾਂਗਰਸੀਆਂ ਨੇ ਗੋਲੀਆਂ ਚਲਾਈਆਂ ਪਰ ਪੁਲੀਸ ਨੇ ਪਰਚੇ ਅਕਾਲੀ ਵਰਕਰਾਂ ਤੇ ਵਿਦੇਸ਼ ’ਚ ਬੈਠੇ ਬੇਕਸੂਰ ਲੋਕਾਂ ਖ਼ਿਲਾਫ਼ ਦਰਜ ਕੀਤੇ। ਇਸ ਮੌਕੇ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ, ਬਰਜਿੰਦਰ ਸਿੰਘ ਮੱਖਣ ਬਰਾੜ, ਜ਼ਿਲ੍ਹਾ ਪ੍ਰਧੀਨ ਤੀਰਥ ਸਿੰਘ ਮਾਹਲਾ ਤੇ ਹੋਰਾਂ ਨੇ ਸੰਬੋਧਨ ਕੀਤਾ।
INDIA ਪੰਜਾਬ ’ਚ ਕਾਂਗਰਸੀਆਂ ਤੇ ਪੁਲੀਸ ਦੀ ਮਿਲੀਭੁਗਤ ਨਾਲ ਵਿਕ ਰਿਹੈ ਨਸ਼ਾ: ਸੁਖਬੀਰ