ਚੰਡੀਗੜ੍ਹ (ਸਮਾਜਵੀਕਲੀ) – ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਕਾਰਨ ਇੱਕ ਹੋਰ ਵਿਅਕਤੀ ਦੀ ਮੌਤ ਹੋਣ ਨਾਲ ਸੂਬੇ ਵਿੱਚ ਇਸ ਮਹਾਮਾਰੀ ਕਾਰਨ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ 18 ਹੋ ਗਈ ਹੈ। ਦੂਜੇ ਪਾਸੇ, ਸੂਬੇ ਕਰੋਨਾ ਪੀੜਤਾਂ ਦਾ ਅੰਕੜਾ 309 ਹੋ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਵਿਅਕਤੀ ਦਮ ਤੋੜ ਗਿਆ। ਸਿਹਤ ਵਿਭਾਗ ਨੇ ਹੁਣ ਤੱਕ ਪੁਸ਼ਟੀ ਨਹੀਂ ਕੀਤੀ ਪਰ ਸੂਤਰਾਂ ਦਾ ਦੱਸਣਾ ਹੈ ਕਿ ਇਹ ਮੌਤ ਕਰੋਨਾਵਾਇਰਸ ਕਾਰਨ ਹੋਈ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਨਮੂਨੇ ਲੈ ਲਏ ਹਨ ਤੇ ਸਰਕਾਰੀ ਲੈਬਾਰਟਰੀ ’ਚ ਜਾਂਚ ਮਗਰੋਂ ਮੌਤ ਦੇ ਕਾਰਨਾਂ ਦੀ ਪੁਸ਼ਟੀ ਹੋਵੇਗੀ।
ਦੂਜੇ ਪਾਸੇ ਪਠਾਨਕੋਟ ਵਿੱਚ ਇੱਕ ਡਾਕਟਰ ਨੂੰ ਵੀ ਕਰੋਨਾ ਹੋਣ ਦੀ ਰਿਪੋਰਟ ਆਈ ਹੈ। ਅੱਜ ਪਠਾਨਕੋਟ ਅਤੇ ਲੁਧਿਆਣਾ ਵਿੱਚ 1-1, ਪਟਿਆਲਾ ’ਚ 6 ਅਤੇ ਜਲੰਧਰ ’ਤ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਹਨ। ਪੰਜਾਬ ਵਿੱਚ ਇੱਕ ਹਫਤੇ ਦੌਰਾਨ ਹੀ ਕਰੋਨਾਵਾਇਰਸ ਦੇ 100 ਦੇ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ।
ਕਰੋਨਾਵਾਇਰਸ ਦੇ ਵਧਦੇ ਮਰੀਜ਼ਾਂ ਦੇ ਦੌਰ ਦੌਰਾਨ ਹੀ ਰਾਹਤ ਭਰੀ ਖ਼ਬਰ ਇਹ ਵੀ ਹੈ ਕਿ ਹੁਣ ਤੱਕ ਕੁੱਲ 72 ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਮੋਗਾ, ਰੋਪੜ, ਬਰਨਾਲਾ, ਫਤਿਹਗੜ੍ਹ ਸਾਹਿਬ ਅਤੇ ਗੁਰਦਾਸਪੁਰ ਜ਼ਿਲ੍ਹੇ ਅਜਿਹੇ ਹਨ ਜਿੱਥੇ ਕੋਈ ਨਵਾਂ ਮਰੀਜ਼ ਸਾਹਮਣੇ ਨਹੀਂ ਆਇਆ ਤੇ ਇਲਾਜ ਅਧੀਨ ਵੀ ਕੋਈ ਨਹੀਂ ਹੈ। ਬਠਿੰਡਾ, ਫਾਜ਼ਿਲਕਾ ਅਤੇ ਤਰਨ ਤਾਰਨ ਇਸ ਵਾਇਰਸ ਦੀ ਮਾਰ ਤੋਂ ਬਚੇ ਹੋਏ ਹਨ।