ਜੰਮੂ ਕਸ਼ਮੀਰ: ਮੁਕਾਬਲੇ ਵਿੱਚ ਲਸ਼ਕਰ ਦੇ ਦੋ ਅਤਿਵਾਦੀ ਹਲਾਕ

ਸ੍ਰੀਨਗਰ (ਸਮਾਜ ਵੀਕਲੀ):  ਇੱਥੇ ਅੱਜ ਰੈਨਾਵਾੜੀ ਇਲਾਕੇ ਵਿੱਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਲਸ਼ਕਰ-ਏ-ਤੋਇਬਾ ਦੇ ਦੋ ਅਤਿਵਾਦੀ ਹਲਾਕ ਹੋ ਗਏ। ਇਹ ਜਾਣਕਾਰੀ ਇਕ ਪੁਲੀਸ ਅਧਿਕਾਰੀ ਨੇ ਦਿੱਤੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਅੱਧੀ ਰਾਤ ਨੂੰ ਸ੍ਰੀਨਗਰ ਦੇ ਰੈਨਾਵਾੜੀ ਖੇਤਰ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਤਾਂ ਇਹ ਮੁਕਾਬਲਾ ਸ਼ੁਰੂ ਹੋ ਗਿਆ। ਕਸ਼ਮੀਰ ਜ਼ੋਨ ਦੇ ਆਈਜੀ ਵਿਜੈ ਕੁਮਾਰ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਦੋ ਅਤਿਵਾਦੀ ਹਲਾਕ ਹੋ ਗਏ ਜਿਨ੍ਹਾਂ ਵਿੱਚੋਂ ਇਕ ਕੋਲ ਮੀਡੀਆ ਦਾ ਪਛਾਣ ਪੱਤਰ ਮਿਲਿਆ।

ਸ੍ਰੀ ਕੁਮਾਰ ਨੇ ਟਵੀਟ ਕੀਤਾ, ‘‘ਪਾਬੰਦੀਸ਼ੁਦਾ ਜਥੇਬੰਦੀ ਲਸ਼ਕਰ-ਏ-ਤੋਇਬਾ ਦੇ ਮਾਰੇ ਗਏ ਅਤਿਵਾਦੀਆਂ ਵਿੱਚੋਂ ਇਕ ਕੋਲ ਮੀਡੀਆ ਦਾ ਪਛਾਣ ਪੱਤਰ ਸੀ। ਇਸ ਨਾਲ ਮੀਡੀਆ ਦੇ ਗਲਤ ਇਸਤੇਮਾਲ ਦਾ ਸਪੱਸ਼ਟ ਸੰਕੇਤ ਮਿਲਦਾ ਹੈ।’’ ਪਛਾਣ ਪੱਤਰ ਵਿੱਚ ਨਾਮ ਰਈਸ ਅਹਿਮਦ ਭੱਟ ਲਿਖਿਆ ਹੈ ਅਤੇ ਉਹ ‘ਵੈਲੀ ਮੀਡੀਆ ਸਰਵਿਸ’ ਨਾਂ ਦੀ ਨਿਊਜ਼ ਏਜੰਸੀ ਦਾ ਮੁੱਖ ਸੰਪਾਦਕ ਸੀ। ਇਸ ਖ਼ਬਰ ਏਜੰਸੀ ਦਾ ਕੋਈ ਪਤਾ-ਟਿਕਾਣਾ ਨਹੀਂ ਹੈ। ਆਈਜੀ ਅਨੁਸਾਰ ਉਹ ਸਾਲ 2021 ਵਿੱਚ ਅਤਿਵਾਦੀ ਬਣਨ ਤੋਂ ਪਹਿਲਾਂ ਪੱਤਰਕਾੀ ਕਰਦਾ ਸੀ। ਉਹ ਅਨੰਤਨਾਗ ਜ਼ਿਲ੍ਹੇ ਵਿੱਚ ਕਤਲ ਦੀਆਂ ਕਈ ਘਟਨਾਵਾਂ ਵਿੱਚ ਸ਼ਾਮਲ ਸੀ। ਦੂਜੇ ਅਤਿਵਾਦੀ ਦੀ ਪਛਾਣ ਹਿਲਾਲ ਅਹਿਮਦ ਵਜੋਂ ਹੋਈ ਹੈ। ਕੁਮਾਰ ਨੇ ਮੁਕਾਬਲੇ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬੁੱਧਵਾਰ ਸ਼ਾਮ ਨੂੰ ਪੁਲੀਸ ਨੂੰ ਅਤਿਵਾਦੀਆਂ ਦੇ ਸ਼ਹਿਰ ਦੇ ਰੈਨਾਵਾੜੀ ਇਲਾਕੇ ਵਿੱਚ ਛੁਪੇ ਹੋਣ ਦੀ ਜਾਣਕਾਰੀ ਮਿਲੀ ਸੀ।

ਆਈਜੀ ਨੇ ਕਿਹਾ, ‘‘ਪੁਲੀਸ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਆਰੰਭ ਦਿੱਤੀ ਅਤੇ ਇਸ ਦੌਰਾਨ ਅਤਿਵਾਦੀਆਂ ਨੇ ਗੋਲੀਬਾਰੀ ਕੀਤੀ। ਉਪਰੰਤ ਇਹ ਤਲਾਸ਼ੀ ਮੁਹਿੰਮ ਮੁਕਾਬਲੇ ਵਿੱਚ ਤਬਦੀਲ ਹੋ ਗਈ। ਇਸ ਗੋਲੀਬਾਰੀ ਵਿੱਚ ਦੋ ਅਤਿਵਾਦੀ ਮਾਰੇ ਗਏ। ਦੋਵੇਂ ਅਤਿਵਾਦੀ ਅਨੰਤਨਾਗ ਜ਼ਿਲ੍ਹੇ ਨਾਲ ਸਬੰਧਤ ਸਨ।’’

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੰਡੀਗੜ੍ਹ ਦੇ ਮੁਲਾਜ਼ਮਾਂ ’ਤੇ ਭਲਕ ਤੋਂ ਲਾਗੂ ਹੋਣਗੇ ਕੇਂਦਰੀ ਸੇਵਾ ਨਿਯਮ
Next articleਕੇਂਦਰੀ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਵਧਿਆ