ਚੰਡੀਗੜ੍ਹ (ਸਮਾਜਵੀਕਲੀ): ਪੰਜਾਬ ਵਿੱਚ ਕਰੋਨਾਵਾਇਰਸ ਕਾਰਨ ਲੰਘੇ 24 ਘੰਟਿਆਂ ਦੌਰਾਨ ਇੱਕ ਹੋਰ ਮੌਤ ਹੋ ਜਾਣ ਨਾਲ ਸੂਬੇ ਵਿੱਚ ਕੁੱਲ ਮੌਤਾਂ ਦੀ ਗਿਣਤੀ 55 ’ਤੇ ਪਹੁੰਚ ਗਈ ਹੈ। ਸੂਬੇ ਵਿੱਚ ਇਲਾਜ ਅਧੀਨ 497 ਲੋਕਾਂ ਵਿੱਚੋਂ ਪੰਜ ਦੀ ਹਾਲਤ ਗੰਭੀਰ ਹੋਣ ਕਾਰਨ ਵੈਂਟੀਲਟਰ ਦੀ ਮਦਦ ਦਿੱਤੀ ਗਈ ਹੈ। ਸਿਹਤ ਵਿਭਾਗ ਨੇ ਅੰਮ੍ਰਿਤਸਰ ਵਿੱਚ ਤਾਜ਼ਾ ਮੌਤ ਹੋਣ ਦੇ ਤੱਥ ਦਿੱਤੇ ਹਨ।
ਪਿਛਲੇ ਇੱਕ ਦਿਨ ਦੌਰਾਨ ਹੀ ਸੂਬੇ ਵਿੱਚ ਕਰੋਨਾ ਦੇ 56 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪ੍ਰਭਾਵਿਤ ਲੋਕਾਂ ਦੀ ਗਿਣਤੀ ਵਧ ਕੇ 2,719 ਹੋ ਗਈ ਹੈ। ਅਹਿਮ ਤੱਥ ਹੈ ਕਿ ਪਿਛਲੇ ਇੱਕ ਹਫ਼ਤੇ ਤੋਂ ਵੀ ਵੱਧ ਸਮੇਂ ਤੋਂ ਰੋਜ਼ਾਨਾ ਨਵੇਂ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਸੂਬੇ ਦੇ ਤਿੰਨ ਵੱਡੇ ਸ਼ਹਿਰਾਂ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਵਿੱਚ ਮਾਮਲੇ ਬਹੁਤ ਵਧ ਰਹੇ ਹਨ।
ਸਿਹਤ ਵਿਭਾਗ ਵੱਲੋਂ ਜਾਰੀ ਸਿਹਤ ਬੁਲੇਟਿਨ ਅਨੁਸਾਰ ਲੰਘੇ 24 ਘੰਟਿਆਂ ਦੌਰਾਨ ਅੰਮ੍ਰਿਤਸਰ ਵਿੱਚ 20, ਲੁਧਿਆਣਾ ਵਿੱਚ 15, ਜਲੰਧਰ ਵਿੱਚ ਪੰਜ, ਮੁਹਾਲੀ ਵਿੱਚ ਪੰਜ, ਸੰਗਰੂਰ ਵਿੱਚ ਪੰਜ, ਪਠਾਨਕੋਟ ਵਿੱਚ ਤਿੰਨ, ਤਰਨਤਾਰਨ, ਰੋਪੜ ਅਤੇ ਪਟਿਆਲਾ ਵਿੱਚ 1-1 ਮਾਮਲਾ ਸਾਹਮਣੇ ਆਇਆ ਹੈ। ਤਾਜ਼ਾ ਮਾਮਲਿਆਂ ਵਿੱਚ ਵਿਦੇਸ਼ ਤੋਂ ਆਏ ਵਿਅਕਤੀਆਂ ਵਿੱਚ ਵੀ ਲਾਗ ਦੇ ਲੱਛਣ ਪਾਏ ਗਏ ਹਨ।
ਅੰਮ੍ਰਿਤਸਰ ਵਿੱਚ ਹੁਣ ਤੱਕ 502 ਪਾਜ਼ੇਟਿਵ ਮਾਮਲੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 11 ਮੌਤਾਂ ਹੋ ਚੁੱਕੀਆਂ ਹਨ ਅਤੇ 356 ਠੀਕ ਹੋ ਗਏ ਹਨ। ਇਸ ਜ਼ਿਲ੍ਹੇ ਵਿੱਚ 135 ਲੋਕ ਇਲਾਜ ਅਧੀਨ ਹਨ। ਅੰਮ੍ਰਿਤਸਰ ਤੋਂ ਬਾਅਦ ਸਭ ਤੋਂ ਵੱਧ 10 ਮੌਤਾਂ ਲੁਧਿਆਣਾ ਵਿੱਚ ਹੋਈਆਂ ਹਨ। ਜਲੰਧਰ ਵਿੱਚ ਹੁਣ ਤੱਕ 311 ਮਾਮਲੇ ਸਾਹਮਣੇ ਆਏ ਹਨ ਤੇ ਅੱਠ ਮੌਤਾਂ ਹੋਈਆਂ।
ਪੰਜਾਬ ਵਿਚਲੇ ਕੁੱਲ 2,719 ਪੀੜਤਾਂ ਵਿੱਚੋਂ 2,167 ਨੇ ਕਰੋਨਾ ’ਤੇ ਫਤਿਹ ਪਾ ਲਈ ਹੈ ਤੇ ਅੱਜ ਵੀ 39 ਵਿਅਕਤੀ ਸਿਹਤਯਾਬ ਹੋਏ ਹਨ। ਪੰਜਾਬ ਵਿੱਚ ਹੁਣ ਤੱਕ ਕੁੱਲ 1,36,343 ਸੈਂਪਲ ਲਏ ਗਏ ਹਨ। ਇਸੇ ਦੌਰਾਨ ਕੋਟਕਪੂਰਾ ’ਚ ਅੱਜ ਇੱਕੋ ਪਰਿਵਾਰ ਦੇ 13 ਜੀਅ ਕਰੋਨਾ ਪਾਜ਼ੇਟਿਵ ਪਾਏ ਗਏ ਹਨ।