ਪੰਜਾਬ ਵਿੱਚ ਕਰੋਨਾਵਾਇਰਸ ਤੋਂ ਪ੍ਰਭਾਵਿਤ ਇੱਕ ਮਹਿਲਾ ਦੀ ਅੱਜ ਮੌਤ ਹੋ ਗਈ। ਸਿਹਤ ਵਿਭਾਗ ਨੇ ਅਧਿਕਾਰਤ ਤੌਰ ’ਤੇ ਭਾਵੇਂ ਇਸ ਦੀ ਪੁਸ਼ਟੀ ਨਹੀਂ ਕੀਤੀ, ਪਰ ਉੱਚ ਪੱਧਰੀ ਸੂਤਰਾਂ ਦਾ ਦੱਸਣਾ ਹੈ ਕਿ ਖ਼ਤਰਨਾਕ ਵਾਇਰਸ ਤੋਂ ਪੀੜਤ ਲੁਧਿਆਣਾ ਨਾਲ ਸਬੰਧਤ 43 ਸਾਲਾ ਪੂਜਾ ਰਾਣੀ ਨੇ ਅੱਜ ਪਟਿਆਲਾ ਦੇ ਰਾਜਿੰਦਰਾ ਹਸਪਤਾਲ ’ਚ ਦਮ ਤੋੜ ਦਿੱਤਾ। ਇਸ ਸੱਜਰੀ ਮੌਤ ਨਾਲ ਸੂਬੇ ਵਿੱਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 3 ਹੋ ਗਈ ਹੈ। ਇਸ ਦੌਰਾਨ ਪਟਿਆਲਾ ਵਿੱਚ ਦੁਬਈ ਤੋਂ ਪਰਤੇ ਇੱਕ ਵਿਅਕਤੀ ਨੂੰ ਪਾਜ਼ੇਟਿਵ ਪਾਇਆ ਿਗਆ ਹੈ। ਉਧਰ ਪੰਜਾਬ ਤੇ ਚੰਡੀਗੜ੍ਹ ਵਿੱਚ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 54 ਤੱਕ ਪਹੁੰਚ ਗਈ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਵਿੱਚ ਕਰੋਨਾਵਾਇਰਸ ਤੋਂ ਪੀੜਤ ਅੱਜ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ। ਚੰਡੀਗੜ੍ਹ ਦੇ ਨਾਲ ਲਗਦੇ ਮੁਹਾਲੀ ਜ਼ਿਲ੍ਹੇ ’ਚ ਪੈਂਦੇ ਪਿੰਡ ਨਵਾਂ ਗਰਾਉਂ ਦੇ ਇੱਕ ਵਸਨੀਕ ਦੀ ਇਸ ਵਾਇਰਸ ਦੀ ਲਪੇਟ ’ਚ ਆਉਣ ਸਬੰਧੀ ਤਾਂ ਵਿਭਾਗ ਨੇ ਪੁਸ਼ਟੀ ਕਰ ਦਿੱਤੀ ਹੈ, ਪਰ ਲੁਧਿਆਣਾ ਦੇ ਮਾਮਲੇ ਵਿੱਚ ਅਜੇ ਐਲਾਨ ਨਹੀਂ ਕੀਤਾ ਗਿਆ। ਸੂਤਰਾਂ ਦਾ ਦੱਸਣਾ ਹੈ ਕਿ ਲੁਧਿਆਣਾ ਸ਼ਹਿਰ ਦੇ ਅਮਰਪੁਰਾ ਬਸਤੀ ਦੀ ਰਹਿਣ ਵਾਲੀ ਇਸ ਮਹਿਲਾ ਨੇ ਅੱਜ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਦਮ ਤੋੜ ਦਿੱਤਾ। ਡਾਕਟਰਾਂ ਮੁਤਾਬਕ ਇਸ ਔਰਤ ਦੇ ਸੈਂਪਲਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਲੁਧਿਆਣਾ ਦੇ ਜਿਸ ਖੇਤਰ ਵਿੱਚ ਇਹ ਮਹਿਲਾ ਰਹਿੰਦੀ ਹੈ, ਉਹ ਖੇਤਰ ਸੰਘਣੀ ਵਸੋਂ ਵਾਲੀ ਬਸਤੀ ਵਜੋਂ ਜਾਣਿਆ ਜਾਂਦਾ ਹੈ। ਸਿਹਤ ਵਿਭਾਗ ਨੂੰ ਇਸ ਖੇਤਰ ਵਿੱਚ ਵਾਇਰਸ ਦੇ ਫੈਲਾਅ ਦਾ ਖ਼ਦਸ਼ਾ ਖੜ੍ਹਾ ਹੋ ਗਿਆ ਹੈ। ਵਿਭਾਗ ਵੱਲੋਂ ਸਮੁੱਚੇ ਖੇਤਰ ਨੂੰ ਨਿਗਰਾਨੀ ਹੇਠ ਲਿਆਂਦਾ ਗਿਆ ਹੈ। ਲੁਧਿਆਣਾ ਦੀ ਜਿਸ ਔਰਤ ਦੀ ਕਰੋਨਾਵਾਇਰਸ ਨਾਲ ਮੌਤ ਹੋਈ ਹੈ, ਉਸ ਦੇ ਪਰਿਵਾਰਕ ਮੈਂਬਰਾਂ ਤੇ ਆਸਪਾਸ ਦੇ ਲੋਕਾਂ ਦੇ ਸੈਂਪਲ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲਏ ਜਾ ਰਹੇ ਹਨ।
ਨਵਾਂਗਰਾਉਂ ਰਹਿੰਦੇ ਵਿਅਕਤੀ ਨੂੰ ਪੀਜੀਆਈ ਦਾਖਲ ਕਰਵਾਇਆ ਗਿਆ ਹੈ। ਇਸੇ ਤਰ੍ਹਾਂ ਚੰਡੀਗੜ੍ਹ ਵਿੱਚ ਇਸ ਖ਼ਤਰਨਾਕ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵਿੱਚ ਇੱਕ ਦਮ ਵਾਧਾ ਹੋ ਗਿਆ ਹੈ। ਯੂਟੀ ਪ੍ਰਸ਼ਾਸਨ ਮੁਤਾਬਕ ਅੱਜ 5 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸ਼ਹਿਰ ਵਿੱਚ ਇਸ ਵਾਇਰਸ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 13 ਹੋ ਗਈ ਹੈ। ਪੰਜਾਬ ਦੇ ਸਿਹਤ ਵਿਭਾਗ ਵੱਲੋਂ ਹੁਣ ਤੱਕ ਐਲਾਨ ਤਾਂ 39 ਮਰੀਜ਼ਾਂ ਦਾ ਹੀ ਕੀਤਾ ਗਿਆ ਹੈ, ਪਰ ਪਟਿਆਲਾ ਜ਼ਿਲ੍ਹੇ ਦੇ ਮਾਮਲੇ ਨੂੰ ਹਰਿਆਣਾ ’ਚ ਗਿਣਿਆ ਜਾ ਰਿਹਾ ਹੈ ਤੇ ਲੁਧਿਆਣਾ ’ਚ ਸਾਹਮਣੇ ਆਇਆ ਨਵਾਂ ਮਾਮਲਾ ਵੀ ਸ਼ਾਮਲ ਨਹੀਂ ਕੀਤਾ ਗਿਆ। ਉਂਜ ਪੰਜਾਬ ’ਚ ਇਸ ਵਾਇਰਸ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 41 ਹੋ ਗਈ ਹੈ ਤੇ ਤਿੰਨ ਮੌਤਾਂ ਹੋ ਗਈਆਂ। ਮਰਨ ਵਾਲੇ ਦੋ ਵਿਅਕਤੀ ਨਵਾਂ ਸ਼ਹਿਰ ਤੇ ਹੁਸ਼ਿਆਰਪੁਰ ਜਦੋਂਕਿ ਮਹਿਲਾ ਲੁਧਿਆਣਾ ਨਾਲ ਸਬੰਧਤ ਹੈ। ਪੰਜਾਬ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਹੁਣ ਤੱਕ 977 ਵਿਅਕਤੀਆਂ ਦੇ ਸੈਂਪਲ ਲੈਬਾਰਟਰੀਆਂ ਨੂੰ ਭੇਜੇ ਗਏ ਸਨ। ਇਨ੍ਹਾਂ ਵਿੱਚੋਂ 749 ਨੈਗੇਟਿਵ ਪਾਏ ਗਏ ਤੇ 190 ਵਿਅਕਤੀਆਂ ਦੇ ਸੈਂਪਲਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
HOME ਪੰਜਾਬ ’ਚ ਕਰੋਨਾਵਾਇਰਸ ਨਾਲ ਤੀਜੀ ਮੌਤ