ਪੰਜਾਬ ’ਚ ਕਰੋਨਾਵਾਇਰਸ ਨਾਲ ਚੌਥੀ ਮੌਤ

ਪੀਜੀਆਈ ’ਚ ਦਾਖ਼ਲ ਨਵਾਂ ਗਰਾਓਂ ਵਾਸੀ ਨੇ ਦਮ ਤੋੜਿਆ


ਚੰਡੀਗੜ੍ਹ (ਸਮਾਜਵੀਕਲੀ)- 
ਪੰਜਾਬ ਵਿੱਚ ਕਰੋਨਾਵਾਇਰਸ ਨਾਲ ਇੱਕ ਹੋਰ ਵਿਅਕਤੀ ਦੀ ਮੌਤ ਹੋਣ ਮਗਰੋਂ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਨੇ ਚੌਕਸੀ ਵਧਾ ਦਿੱਤੀ ਹੈ। ਪੀਜੀਆਈ ਵਿੱਚ ਜ਼ੇਰੇ ਇਲਾਜ ਨਵਾਂ ਗਰਾਓਂ ਦਾ ਓਮ ਪ੍ਰਕਾਸ਼ (65) ਅੱਜ ਦਮ ਤੋੜ ਗਿਆ। ਇਸ ਸੱਜਰੀ ਮੌਤ ਨਾਲ ਸੂਬੇ ਵਿੱਚ ਇਸ ਮਹਾਮਾਰੀ ਕਰਕੇ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ 4 ਹੋ ਗਈ ਹੈ। ਪੰਜਾਬ ਵਿੱਚ ਇਸ ਵਾਇਰਸ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ 41 ਹੋ ਗਈ ਹੈ। ਪੰਜਾਬ ਵਿੱਚ ਹੁਣ ਤੱਕ ਇਸ ਵਾਇਰਸ ਨਾਲ ਮਰਨ ਵਾਲੇ ਵਿਅਕਤੀਆਂ ਦੀ ਮੌਤ ਦਰ ਨੂੰ ਵੀ ਜ਼ਿਆਦਾ ਮੰਨਿਆ ਜਾ ਰਿਹਾ ਹੈ।

ਉਧਰ ਲੁਧਿਆਣਾ ਦੀ ਅਮਰਪੁਰਾ ਬਸਤੀ ਨਾਲ ਸਬੰਧਤ ਪੂਜਾ ਰਾਣੀ (43) ਦੀ ਲੰਘੀ ਰਾਤ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਮੌਤ ਹੋਣ ਮਗਰੋਂ ਸਨਅਤੀ ਸ਼ਹਿਰ ਨੂੰ ਸਾਰੇ ਪਾਸਿਆਂ ਤੋਂ ਸੀਲ ਕਰ ਦਿੱਤਾ ਗਿਆ ਹੈ। ਪੰਜਾਬ ਦੇ ਦੋ ਦਰਜਨ ਪਿੰਡ ਪਹਿਲਾਂ ਹੀ ਸੀਲ ਕੀਤੇ ਹੋਏ ਹਨ। ਪੁਲੀਸ ਵੱਲੋਂ ਅਮਰਪੁਰਾ ਬਸਤੀ ਵਿੱਚ ਵੱਡੀ ਗਿਣਤੀ ਨਫ਼ਰੀ ਤਾਇਨਾਤ ਕਰਕੇ ਨਿਗਰਾਨੀ ਕੀਤੀ ਜਾ ਰਹੀ ਹੈ। ਸ਼ਹਿਰ ਦੀ ਸਬਜ਼ੀ ਮੰਡੀ ਵਿੱਚ ਸਬਜ਼ੀ ਵੇਚਣ ਆਏ ਕਿਸਾਨਾਂ ਅਤੇ ਪਰਵਾਸੀ ਮਜ਼ਦੂਰਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਸੀ। ਲੋਕਾਂ ਨੂੰ ਸਖ਼ਤ ਪਾਬੰਦੀਆਂ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਸਿਹਤ ਵਿਭਾਗ ਇਸ ਕਰਕੇ ਵੀ ਵਧੇਰੇ ਚੌਕਸ ਹੋ ਗਿਆ ਹੈ ਕਿ ਲੁਧਿਆਣਾ ਅਤੇ ਨਵਾਂ ਗਰਾਓਂ ਨਾਲ ਸਬੰਧਤ ਉਕਤ ਦੋਵੇਂ ਮ੍ਰਿਤਕਾਂ ਦੇ ਸਰੀਰ ਵਿੱਚ ਇਸ ਵਾਇਰਸ ਦੇ ਲੱਛਣ ਸਾਹਮਣੇ ਆਉਣ ਤੋਂ ਬਾਅਦ ਮੌਤ ਬਹੁਤ ਜਲਦੀ ਹੋਈ ਹੈ। ਵਿਭਾਗ ਨੇ ਇਨ੍ਹਾਂ ਦੋਵਾਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਦੇ ਸੈਂਪਲ ਵੀ ਲਏ ਹਨ। ਓਮ ਪ੍ਰਕਾਸ਼ ਤੇ ਪੂਜਾ ਰਾਣੀ ਬਾਰੇ ਵਿਭਾਗ ਨੂੰ ਇਹ ਵੀ ਤੱਥ ਹਾਸਲ ਨਹੀਂ ਹੋਏ ਕਿ ਇਨ੍ਹਾਂ ਦੋਵਾਂ ਨੂੰ ਇਹ ਵਾਇਰਸ ਕਿਸ ਸਰੋਤ ਤੋਂ ਮਿਲਿਆ।

ਨਵਾਂਸ਼ਹਿਰ ’ਚ 19, ਮੁਹਾਲੀ ’ਚ 7, ਹੁਸ਼ਿਆਰਪੁਰ ’ਚ 6, ਅੰਮ੍ਰਿਤਸਰ ’ਚ 1, ਜਲੰਧਰ ’ਚ 5, ਲੁਧਿਆਣਾ ’ਚ 2 ਅਤੇ ਪਟਿਆਲਾ ’ਚ 1 ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਦੇ ਸਿਹਤ ਵਿਭਾਗ ਵੱਲੋਂ ਹੁਣ ਤੱਕ 1198 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ। ਇਨ੍ਹਾਂ ਵਿੱਚੋਂ 1009 ਨੈਗੇਟਿਵ ਪਾਏ ਗਏ ਤੇ 148 ਨਤੀਜਿਆਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿੱਚ ਆਏ 36 ਵਿਅਕਤੀਆਂ ਨੂੰ ਅਲਹਿਦਾ ਰੱਖਿਆ ਗਿਆ ਹੈ।

ਪੰਜਾਬ ਦੇ ਸਿਹਤ ਵਿਭਾਗ ਲਈ ਵੱਡੀ ਚਿੰਤਾ ਦਾ ਵਿਸ਼ਾ ਨਵੀਂ ਦਿੱਲੀ ਦੇ ਨਿਜ਼ਾਮੂਦੀਨ ਖੇਤਰ ਵਿੱਚ ਹੋਈ ਧਾਰਮਿਕ ਇਕੱਤਰਤਾ ਵਿੱਚ ਪੰਜਾਬ ਦੇ 9 ਵਿਅਕਤੀਆਂ ਦੀ ਸ਼ਮੂਲੀਅਤ ਬਣੀ ਹੋਈ ਹੈ। ਇਸ ਇਕੱਤਰਤਾ ਵਿੱਚ ਸ਼ਿਰਕਤ ਕਰਕੇ ਪਰਤੇ ਕਈ ਵਿਅਕਤੀਆਂ ਦੀ ਮੌਤ ਹੋਣ ਅਤੇ ਹਿੱਸਾ ਲੈਣ ਵਾਲੇ ਕਈ ਵਿਅਕਤੀਆਂ ਵਿੱਚ ਕਰੋਨਾਵਾਇਰਸ ਦੇ ਲੱਛਣ ਹੋਣ ਦੀ ਪੁਸ਼ਟੀ ਕੌਮੀ ਪੱਧਰ ’ਤੇ ਹੋ ਗਈ ਹੈ। ਧਾਰਮਿਕ ਇਕੱਤਰਤਾ ਵਿੱਚ ਸ਼ਾਮਲ ਵਿਅਕਤੀਆਂ ਵਿੱਚ ਪੰਜਾਬ ਨਾਲ ਸਬੰਧਤ ਵਿਅਕਤੀਆਂ ਦੀ ਗਿਣਤੀ 9 ਦੱਸੀ ਜਾ ਰਹੀ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਪੰਜਾਬ ਪੁਲੀਸ ਨੇ ਇਨ੍ਹਾਂ ਨੌਂ ਵਿਅਕਤੀਆਂ ਦੀ ਤਲਾਸ਼ ਵਿੱਢ ਦਿੱਤੀ ਹੈ।

Previous articleਤਬਲੀਗੀ ਸਮਾਗਮ ਪਿਛੋਂ ਦੇਸ਼ ਭਰ ’ਚ ਮਰੀਜ਼ਾਂ ਦੀ ਭਾਲ
Next articleਸਿਹਤ ਵਿਭਾਗ ਦੇ ਵਤੀਰੇ ਖ਼ਿਲਾਫ਼ ਭੜਕੀਆਂ ਨਰਸਾਂ