ਤਬਲੀਗੀ ਸਮਾਗਮ ਪਿਛੋਂ ਦੇਸ਼ ਭਰ ’ਚ ਮਰੀਜ਼ਾਂ ਦੀ ਭਾਲ

ਨਿਜ਼ਾਮੂਦੀਨ ਮਰਕਜ਼ ਦੇ ਮੌਲਾਨਾ ਸਮੇਤ ਹੋਰਨਾਂ ਖਿਲਾਫ਼ ਕੇਸ ਦਰਜ;
ਜਾਂਚ ਅਪਰਾਧ ਸ਼ਾਖਾ ਨੂੰ ਸੌਂਪੀ


ਨਵੀਂ ਦਿੱਲੀ (ਸਮਾਜਵੀਕਲੀ) – ਦੱਖਣੀ ਦਿੱਲੀ ਦੇ ਨਿਜ਼ਾਮੂਦੀਨ ਸਥਿਤ ਮਰਕਜ਼ ਵਿੱਚੋਂ ਬਾਹਰ ਕੱਢੇ ਵਿਅਕਤੀਆਂ ’ਚੋਂ 24 ਨੂੰ ਕਰੋਨਾਵਾਇਰਸ ਹੋਣ ਦੀ ਪੁਸ਼ਟੀ ਤੇ ਧਾਰਮਿਕ ਇਕੱਤਰਤਾ ’ਚ ਸ਼ਾਮਲ ਲੋਕਾਂ ਦੀ ਪਿਛਲੇ ਦਿਨਾਂ ’ਚ ਹੋਈ ਮੌਤ ਮਗਰੋਂ ਅੱਜ ਮਰਕਜ਼ ਦੇ ਮੌਲਾਨਾ ਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਅਪਰਾਧ ਸ਼ਾਖਾ ਨੂੰ ਸੌਂਪ ਦਿੱਤੀ ਗਈ ਹੈ। ਇਸ ਦੌਰਾਨ ਸਰਕਾਰ ਨੇ ਮੱਧ ਮਾਰਚ ਵਿੱਚ ਕੌਮੀ ਰਾਜਧਾਨੀ ਦੇ ਨਿਜ਼ਾਮੂਦੀਨ ਖੇਤਰ ਵਿੱਚ ਹੋਈ ਇਸ ਵੱਡੀ ਧਾਰਮਿਕ ਇਕੱਤਰਤਾ ’ਚ ਸ਼ਮੂਲੀਅਤ ਕਰਨ ਵਾਲਿਆਂ ਦਾ ਖੁਰਾ-ਖੋਜਾ ਲਾਉਣ ਲਈ ਦੇਸ਼ ਪੱਧਰੀ ਤਲਾਸ਼ੀ ਮੁਹਿੰਮ ਵਿੱਢ ਦਿੱਤੀ ਹੈ।

ਜਾਣਕਾਰੀ ਅਨੁਸਾਰ ਨਿਜ਼ਾਮੂਦੀਨ ਵਿੱਚ ਹੋਏ ਤਬਲੀਗੀ ਜਮਾਤ ਦੇ ਇਸ ਇਕੱਠ ਵਿੱਚ ਹਜ਼ਾਰਾਂ ਲੋਕ ਸ਼ਾਮਲ ਹੋਏ ਸਨ, ਜੋ ਮਗਰੋਂ ਤਿਲੰਗਾਨਾ, ਪੱਛਮੀ ਬੰਗਾਲ, ਕਰਨਾਟਕ ਤੇ ਗੁਜਰਾਤ ਸਮੇਤ ਹੋਰਨਾਂ ਰਾਜਾਂ ਵਿੱਚ ਪਰਤ ਗਏ। ਹੁਣ ਇਨ੍ਹਾਂ ਰਾਜਾਂ ਵਿੱਚ ਮਿਲੇ ਕੋਵਿਡ-19 ਕੇਸਾਂ ਨੂੰ ਤਬਲੀਗੀ ਜਮਾਤ ਨਾਲ ਜੋੜ ਕੇ ਵੇਖਿਆ ਜਾ ਰਿਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਸ ਸਾਲ ‘ਤਬਲੀਗ’ ਵੱਲੋਂ ਕਰਵਾਈਆਂ ਸਰਗਰਮੀਆਂ ਵਿੱਚ 2100 ਦੇ ਕਰੀਬ ਵਿਦੇਸ਼ੀਆਂ ਨੇ ਸ਼ਿਰਕਤ ਕੀਤੀ ਹੈ ਤੇ ਇਨ੍ਹਾਂ ਵਿੱਚੋਂ ਬਹੁਤੇ ਇੰਡੋਨੇਸ਼ੀਆ, ਮਲੇਸ਼ੀਆ, ਥਾਈਲੈਂਡ, ਨੇਪਾਲ, ਮਿਆਂਮਾਰ, ਬੰਗਲਾਦੇਸ਼, ਸ੍ਰੀਲੰਕਾ ਤੇ ਕਿਰਗਿਜ਼ਸਤਾਨ ਨਾਲ ਸਬੰਧਤ ਸਨ।

ਮੰਤਰਾਲੇ ਨੇ ਕਿਹਾ ਕਿ ਸਾਰੇ ਰਾਜਾਂ ਦੀ ਪੁਲੀਸ ਨੂੰ ਮੁਕਾਮੀ ਕੋਆਰਡੀਨੇਟਰਾਂ ਵਿੱਚੋਂ ਭਾਰਤੀ ਤਬਲੀਗ ਜਮਾਤ ਦੇ ਵਰਕਰਾਂ ਦੀ ਪਛਾਣ ਕਰਨ ਲਈ ਆਖ ਦਿੱਤਾ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਹੁਣ ਤਕ 2137 ਅਜਿਹੇ ਲੋਕਾਂ ਦੀ ਪਛਾਣ ਹੋ ਗਈ ਹੈ, ਜਿਨ੍ਹਾਂ ਦਾ ਮੈਡੀਕਲ ਮੁਆਇਨਾ ਕਰਵਾਉਣ ਮਗਰੋਂ ਇਕਾਂਤਵਾਸ ’ਚ ਭੇਜ ਦਿੱਤਾ ਗਿਆ ਹੈ। ਕਈਆਂ ਦੀ ਸ਼ਨਾਖਤ ਅਜੇ ਬਾਕੀ ਹੈ। ਪੱਛਮੀ ਬੰਗਾਲ, ਅਸਾਮ ਤੇ ਮਨੀਪੁਰ ਸਮੇਤ ਹੋਰਨਾਂ ਰਾਜ ਸਰਕਾਰਾਂ ਨੇ ਨਿਜ਼ਾਮੂਦੀਨ ਸਮਾਗਮ ’ਚ ਸ਼ਾਮਲ ਲੋਕਾਂ ਦੀ ਪਛਾਣ ਲਈ ਮੁਹਿੰਮ ਵਿੱਢ ਦਿੱਤੀ ਹੈ। ਕਰਨਾਟਕ ਤੇ ਹਿਮਾਚਲ ਪ੍ਰਦੇਸ਼ ਤੋਂ ਕ੍ਰਮਵਾਰ 54 ਤੇ 17 ਲੋਕਾਂ ਦੇ ਧਾਰਮਿਕ ਇਕੱਤਰਤਾ ’ਚ ਸ਼ਾਮਲ ਹੋਣ ਦੀਆਂ ਰਿਪੋਰਟਾਂ ਹਨ। ਉਧਰ ਗੁਜਰਾਤ ਪੁਲੀਸ ਨੇ ਕਿਹਾ ਕਿ ਭਾਵਨਗਰ ਤੋਂ ਕੁਝ ਲੋਕ ਉਕਤ ਸਮਾਗਮ ’ਚ ਸ਼ਾਮਲ ਹੋਏ ਸੀ।

ਤਿਲੰਗਾਨਾ ਨਾਲ ਸਬੰਧਤ ਛੇ ਲੋਕਾਂ, ਜਿਨ੍ਹਾਂ ਤਬਲੀਗੀ ਜਮਾਤ ਦੇ ਇਕੱਠ ’ਚ ਸ਼ਮੂਲੀਅਤ ਕੀਤੀ ਸੀ, ਦੀ ਸੋਮਵਾਰ ਨੂੰ ਮੌਤ ਹੋ ਗਈ ਸੀ। ਇਸ ਦੌਰਾਨ ਆਂਧਰਾ ਪ੍ਰਦੇਸ਼ ਵਿੱਚ ਅੱਧੇ ਨਾਲੋਂ ਵਧ ਕਰੋਨਾ ਪੀੜਤ ਵਿਅਕਤੀ ਵੀ ਇਸੇ ਸਮਾਗਮ ਤੋਂ ਪਰਤੇ ਹਨ। ਦੱਖਣੀ ਦਿੱਲੀ ਦੇ ਨਿਜ਼ਾਮੂਦੀਨ ਸਥਿਤ ਮਰਕਜ਼ ਵਿੱਚੋਂ ਲੰਘੇ ਦਿਨ ਬਾਹਰ ਕੱਢੇ 1500 ਤੋਂ ਵੱਧ ਲੋਕਾਂ ਵਿੱਚੋਂ 24 ਵਿਅਕਤੀਆਂ ਨੂੰ ਅੱਜ ਕਰੋਨਾਵਾਇਰਸ ਲਈ ਪਾਜ਼ੇਟਿਵ ਪਾਇਆ ਗਿਆ ਹੈ। ਇਨ੍ਹਾਂ ਵਿੱਚੋਂ 334 ਵਿਅਕਤੀਆਂ ਨੂੰ ਵੱਖ ਵੱਖ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ ਜਦੋਂਕਿ 700 ਦੇ ਕਰੀਬ ਲੋਕਾਂ ਨੂੰ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੰਘੇ ਦਿਨ ਉਪ ਰਾਜਪਾਲ ਨੂੰ ਇਕ ਪੱਤਰ ਲਿਖ ਕੇ ਮਰਕਜ਼ ਖ਼ਿਲਾਫ਼ ਕਾਰਵਾਈ ਲਈ ਕਿਹਾ ਸੀ। ਮੁੱਖ ਮੰਤਰੀ ਨੇ ਅੱਜ ਕਿਹਾ ਕਿ ਜੇਕਰ ਕੋਈ ਅਧਿਕਾਰੀ ਅਣਗਹਿਲੀ ਦਾ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਿਜ਼ਾਮੂਦੀਨ ਵਿੱਚ ਇੰਨੀ ਵੱਡੀ ਗਿਣਤੀ ’ਚ ਲੋਕਾਂ ਦਾ ਧਾਰਮਿਕ ਇਕੱਤਰਤਾ ਲਈ ਜੁੜਨਾ ਬਹੁਤ ਖ਼ਤਰਨਾਕ ਹੈ ਤੇ ਇਸ ਲਈ ਪ੍ਰਬੰਧਕ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਜੋ ਕੋਈ ਵੀ ਇਸ ਇਕੱਤਰਤਾ ਵਿੱਚ ਸ਼ਾਮਲ ਸੀ, ਉਨ੍ਹਾਂ ਤੋਂ ਹੋਰਨਾਂ ਨੂੰ ਲਾਗ ਲੱਗਣ ਦਾ ਖ਼ਤਰਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਮਰਕਜ਼ ’ਚੋਂ ਕੁੱਲ 1548 ਲੋਕ ਬਾਹਰ ਕੱਢੇ ਗਏ ਹਨ ਤੇ 1127 ਨੂੰ ਇਕਾਂਤਵਾਸ ’ਚ ਭੇਜਿਆ ਗਿਆ ਹੈ।

ਉਨ੍ਹਾਂ ਨਾਰਾਜ਼ਗੀ ਪ੍ਰਗਟਾਉਂਦਿਆਂ ਕਿਹਾ ਕਿ ਧਾਰਮਿਕ ਅਸਥਾਨਾਂ ਨੂੰ ਸੰਕਟ ਦੀ ਇਸ ਘੜੀ ’ਚ ਜਦੋਂ ਪਾਬੰਦੀਆਂ ਆਇਦ ਹਨ, ਅਜਿਹੀਆਂ ਇਕੱਤਰਤਾਵਾਂ ਨਹੀਂ ਕਰਨੀਆਂ ਚਾਹੀਦੀਆਂ। ਇਸ ਦੌਰਾਨ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਦੱਸਿਆ ਕਿ ਮਰਕਜ਼ ’ਚੋਂ ਬਾਹਰ ਕੱੱਢੇ 24 ਵਿਅਕਤੀਆਂ ਨੂੰ ਕਰੋਨਾ ਪਾਇਆ ਗਿਆ। ਉਨ੍ਹਾਂ ਕਿਹਾ ਕਿ ਸਮਾਗਮ ਮਗਰੋਂ ਵੀ 1500 ਤੋਂ 1700 ਲੋਕ ਮਰਕਜ਼ ਵਿੱਚ ਮੌਜੂਦ ਸਨ। ਇੱਥੇ 3000 ਤੋਂ ਵੱਧ ਲੋਕ ਰਹਿ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਉਕਤ ਇਮਾਰਤ ਦੇ ਨਾਲ ਹੀ ਥਾਣਾ ਲਗਦਾ ਹੈ, ਪਰ ਫਿਰ ਵੀ ਲਾਪ੍ਰਵਾਹੀ ਹੋਈ।

Previous articleNo new corona positive case in Rajasthan, tally at 93
Next articleਪੰਜਾਬ ’ਚ ਕਰੋਨਾਵਾਇਰਸ ਨਾਲ ਚੌਥੀ ਮੌਤ