(ਸਮਾਜਵੀਕਲੀ) ਪੰਜਾਬ ਸਰਕਾਰ ਨੇ ਐਤਕੀਂ ਝੋਨੇ ਦੀ ਲੁਆਈ ਦਸ ਦਿਨ ਅਗੇਤੀ ਸ਼ੁਰੂ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਝੋਨੇ ਦੀ ਪਨੀਰੀ ਦੀ ਬਿਜਾਈ ਹੁਣ 10 ਮਈ ਤੋਂ ਅਤੇ ਝੋਨੇ ਦੀ ਲੁਆਈ 10 ਜੂਨ ਤੋਂ ਸ਼ੁਰੂ ਹੋਵੇਗੀ। ਰਾਜ ਸਰਕਾਰ ਨੇ ਪਰਵਾਸੀ ਕਾਮਿਆਂ ਦੀ ਥੁੜ ਕਰਕੇ ਅਗੇਤੀ ਲੁਆਈ ਦਾ ਫੈਸਲਾ ਲਿਆ ਹੈ। ਲੰਘੇ ਵਰ੍ਹੇ ਝੋਨੇ ਦੀ ਲੁਆਈ 13 ਜੂਨ ਤੋਂ ਸ਼ੁਰੂ ਹੋਈ ਸੀ।
ਇਸ ਵਾਰ ਕੋਵਿਡ-19 ਕਾਰਨ ਸੂਬੇ ’ਚ ਲੇਬਰ ਦਾ ਸੰਕਟ ਬਣਿਆ ਹੈ। ਅਗੇਤੀ ਲੁਆਈ ਨਾਲ ਕਾਮਿਆਂ ਦੀ ਤੋਟ ਦੇ ਮਸਲੇ ਨੂੰ ਠੱਲ੍ਹ ਪਏਗੀ। ਕਿਸਾਨ ਹੁਣ ਭਲਕੇ 10 ਮਈ ਤੋਂ ਪਨੀਰੀ ਦੀ ਬਿਜਾਈ ਸ਼ੁਰੂ ਕਰਨਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਹ ਫੈਸਲਾ ਲੈਂਦਿਆਂ ਪਾਵਰਕੌਮ ਨੂੰ ਵੀ ਖੇਤੀ ਸੈਕਟਰ ਲਈ ਬਿਜਲੀ ਸਪਲਾਈ ਵਾਸਤੇ ਜ਼ਰੂਰੀ ਹਦਾਇਤਾਂ ਦਿੱਤੀਆਂ ਹਨ।