ਚੰਡੀਗੜ੍ਹ (ਸਮਾਜਵੀਕਲੀ): ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਮੁੜ ਵੱਡੀ ਗਿਣਤੀ ਸਾਹਮਣੇ ਆਈ ਹੈ। ਸੂਬੇ ਦੇ 9 ਜ਼ਿਲ੍ਹਿਆਂ ਵਿੱਚ 33 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ ਦਾ ਅੰਕੜਾ 2139 ਤੱਕ ਪਹੁੰਚ ਗਿਆ ਹੈ। ਲੰਘੇ 24 ਘੰਟਿਆਂ ਦੌਰਾਨ ਸਭ ਤੋਂ ਜ਼ਿਆਦਾ ਕੇਸ ਅੰਮ੍ਰਿਤਸਰ ਵਿੱਚ ਸਾਹਮਣੇ ਆਏ ਹਨ। ਇਸ ਜ਼ਿਲ੍ਹੇ ਵਿੱਚ 16 ਨਵੇਂ ਕੇਸ ਆਉਣ ਤੋਂ ਬਾਅਦ ਜ਼ਿਲ੍ਹੇ ਵਿੱਚ 347 ਮਾਮਲੇ ਹੋ ਗਏ ਹਨ।
ਅੰਮ੍ਰਿਤਸਰ ਕਰੋਨਾ ਪੀੜਤਾਂ ਦੇ ਮਾਮਲੇ ਵਿੱਚ ਪਹਿਲੇ ਨੰਬਰ ’ਤੇ ਚੱਲ ਰਿਹਾ ਹੈ। ਇਸੇ ਤਰ੍ਹਾਂ ਤਰਨਤਾਰਨ ਵਿੱਚ ਵੀ ਅੱਜ 2 ਨਵੇਂ ਕੇਸ ਸਾਹਮਣੇ ਆਏ। ਇਨ੍ਹਾਂ ਵਿੱਚੋਂ ਇੱਕ ਵਿਦੇਸ਼ ਤੋਂ ਆਏ ਵਿਅਕਤੀ ’ਚ ਲਾਗ ਦੇ ਲੱਛਣ ਪਾਏ ਗਏ। ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹੇ ਪਟਿਆਲਾ ਵਿੱਚ ਵੀ ਪਿਛਲੇ 24 ਘੰਟਿਆਂ ਦੌਰਾਨ 7 ਨਵੇਂ ਕੇਸ ਆਉਣ ਨਾਲ ਕੁੱਲ ਮਾਮਲੇ 115 ਹੋ ਗਏ ਹਨ।
ਬਰਨਾਲਾ, ਜਿਸ ਨੂੰ ਕੁਝ ਦਿਨ ਪਹਿਲਾਂ ਤੱਕ ਕਰੋਨਾ ਮੁਕਤ ਐਲਾਨਿਆ ਗਿਆ ਸੀ, ਵਿੱਚ ਹੁਣ ਉਪਰੋਥੱਲੀ ਦੋ ਕੇਸ ਸਾਹਮਣੇ ਆਏ ਹਨ। ਪਠਾਨਕੋਟ ਜ਼ਿਲ੍ਹੇ ਵਿੱਚ ਵੀ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਕਰੋਨਾ ਪੀੜਤ ਸਾਹਮਣੇ ਆ ਰਹੇ ਹਨ ਤੇ ਲੰਘੇ 24 ਘੰਟਿਆਂ ਦੌਰਾਨ 3 ਮਾਮਲੇ ਸਾਹਮਣੇ ਆ ਗਏ ਹਨ। ਪੰਜਾਬ ਦੇ ਕੁੱਲ 2139 ਕਰੋਨਾ ਪਾਜ਼ੇਟਿਵ ਕੇਸਾਂ ਵਿੱਚੋਂ 1476 ਤਾਂ 9 ਜ਼ਿਲ੍ਹਿਆਂ ਵਿੱਚ ਹੀ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਅੰਮ੍ਰਿਤਸਰ ’ਚ 347, ਜਲੰਧਰ 230, ਲੁਧਿਆਣਾ 176, ਤਰਨਤਾਰਨ 156, ਗੁਰਦਾਸਪੁਰ 133, ਨਵਾਂਸ਼ਹਿਰ 106, ਪਟਿਆਲਾ 115, ਮੁਹਾਲੀ 103 ਅਤੇ ਹੁਸ਼ਿਆਰਪੁਰ ਵਿੱਚ 110 ਮਾਮਲੇ ਸਾਹਮਣੇ ਆਏ ਸਨ। ਹਾਲਾਕਿ ਇਨ੍ਹਾਂ ਵਿੱਚੋਂ ਬਹੁਤੇ ਸਿਹਤਯਾਬ ਵੀ ਹੋ ਚੁੱਕੇ ਹਨ।
ਸੂਬੇ ਦੇ 6 ਜ਼ਿਲ੍ਹਿਆਂ ਰੋਪੜ, ਮੋਗਾ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਫਾਜ਼ਿਲਕਾ ਅਤੇ ਮਾਨਸਾ ਵਿੱਚ ਇਸ ਵੇਲੇ ਇੱਕ ਵੀ ਵਿਅਕਤੀ ਇਸ ਵਾਇਰਸ ਕਾਰਨ ਜ਼ੇਰੇ ਇਲਾਜ ਨਹੀਂ ਹੈ। ਉਂਜ ਰਾਹਤ ਭਰੀ ਖ਼ਬਰ ਇਹ ਵੀ ਹੈ ਕਿ ਹੁਣ ਤੱਕ 1918 ਵਿਅਕਤੀ ਸਿਹਤਯਾਬ ਹੋ ਗਏ ਹਨ ਤੇ 181 ਵਿਅਕਤੀ ਇਸ ਸਮੇਂ ਇਲਾਜ ਅਧੀਨ ਹਨ।