ਪੰਜਾਬੀ ਸਹਿਤ ਦੇ ਅੰਬਰ ਦਾ ਧਰੂ ਤਾਰਾ:- ਭਾਈ ਵੀਰ ਸਿੰਘ

(ਸਮਾਜਵੀਕਲੀ)

ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਸਨ। ਪੰਜਾਬੀ ਕਵਿਤਾ ਨੂੰ ਆਧੁਨਿਕ ਲੀਹਾਂ ‘ਤੇ ਪਾਉਣ ਅਤੇ ਕਾਵਿ-ਮੰਡਲ ਵਿੱਚ ਇਸ ਦਾ ਖਾਸ ਮੁਕਾਮ ਬਣਾਉਣ ਲਈ ਭਾਈ ਵੀਰ ਸਿੰਘ ਦਾ ਯੋਗਦਾਨ ਅਹਿਮ ਹੈ। ਆਪ ਨੇ ਸਿਰਫ ਕਵਿਤਾ ਹੀ ਨਹੀਂ ਸਗੋਂ ਆਧੁਨਿਕ ਸਾਹਿਤ ਦੀਆਂ ਕਈ ਹੋਰ ਵਿਧਾਵਾਂ ਵਿੱਚ ਵੀ ਰਚਨਾ ਰਚੀ ਹੈ। ਛੋਟੀਆਂ ਕਵਿਤਾਵਾਂ ਅਤੇ ਮਹਾਂ-ਕਾਵਿ ਤੋਂ ਛੁਟ ਨਾਵਲ, ਨਾਟਕ, ਵਾਰਤਕ, ਇਤਿਹਾਸਕ ਜੀਵਨੀਆਂ, ਲੇਖਾਂ, ਸਾਖੀਆਂ ਅਤੇ ਟਰੈਕਟ ਆਦਿ ਦੀ ਸਿਰਜਣਾ ਦੀ ਪਹਿਲਤਾ ਵੀ ਉਨ੍ਹਾਂ ਨੇ ਕੀਤੀ।

ਆਪ ਦੀ ਰਚਨਾਤਮਕ ਪ੍ਰਤਿਭਾ ਦਾ ਪ੍ਰੇਰਣਾਸਰੋਤ ਆਪ ਦਾ ਘਰੋਗੀ ਜੀਵਨ ਸੀ। ਆਪ ਦੀ ਕਵਿਤਾ ਰਹੱਸਵਾਦ ਅਤੇ ਅਧਿਆਤਮਵਾਦ ਨਾਲ ਲਬਰੇਜ਼ ਹੈ। ਭਾਈ ਵੀਰ ਸਿੰਘ ਨੂੰ ਵੀਹਵੀਂ ਸ਼ਤਾਬਦੀ ਦਾ ਭਾਈ ਗੁਰਦਾਸ ਵੀ ਕਿਹਾ ਜਾਂਦਾ ਹੈ। ਆਪ ਦੀਆਂ ਕਿਰਤਾਂ ਦੇ ਵਿਸ਼ੇ ਬੇਸ਼ੱਕ ਪੁਰਾਣੇ ਹਨ, ਪਰ ਪੇਸ਼ਕਾਰੀ ਦੇ ਢੰਗ ਨਵੀਨ ਹਨ। ਇਹ ਸਭ ਗੱਲਾਂ ਆਪ ਨੂੰ ਪ੍ਰੰਪਰਾ ਨਾਲੋਂ ਵਖਰਾਉਂਦੀਆਂ ਹਨ ਅਤੇ ਆਧੁਨਿਕਤਾ ਨਾਲ ਜੋੜਦੀਆਂ ਹਨ। ਆਪ ਜੀ ਨੂੰ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਕਿਹਾ ਜਾਂਦਾ ਹੈ।

ਭਾਈ ਵੀਰ ਸਿੰਘ ਜੀ ਦਾ ਜਨਮ 5 ਦਸੰਬਰ 1872 ਈਸਵੀ ਨੂੰ ਅੰਮ੍ਰਿਤਸਰ ਸ਼ਹਿਰ ਦੀ ਪਾਵਨ ਧਰਤੀ ਉੱਪਰ ਡਾਕਟਰ ਚਰਨ ਸਿੰਘ ਦੇ ਗ੍ਰਹਿ ਵਿਖੇ ਹੋਇਆ। ਆਪ ਦੇ ਖਾਨਦਾਨ ਦਾ ਸਬੰਧ ਸਿੱਖ ਤਵਾਰੀਖ ਦੀ ਨਾਮਵਰ ਹਸਤੀ ਦੀਵਾਨ ਕੌੜਾ ਮਲ ਨਾਲ ਸੀ। ਆਪ ਦੇ ਨਾਨਾ ਪੰਡਿਤ ਹਜ਼ਾਰਾ ਸਿੰਘ ਮਹਾਨ ਵਿਦਵਾਨ ਸਨ। ਭਾਈ ਵੀਰ ਸਿੰਘ ਨੇ ਮੈਟ੍ਰਿਕ ਦਾ ਇਮਤਿਹਾਨ ਜ਼ਿਲ੍ਹੇ ਭਰ ਵਿੱਚੋਂ ਅਵੱਲ ਰਹਿ ਕੇ ਪਾਸ ਕੀਤਾ। ਆਪ ਦਾ ਤਾਲੀਮੀ ਦੌਰ ਹੋਣਹਾਰ ਤਾਲਿਬ-ਇਲਮਾਂ ਵਾਲਾ ਰਿਹਾ। ਭਾਈ ਵੀਰ ਸਿੰਘ ਨੇ 1898 ਈਸਵੀ ਵਿੱਚ ਇੱਕ ਅਖਬਾਰ ਦੀ ਪ੍ਰਕਾਸ਼ਨਾ ਕੀਤੀ, ਜਿਸ ਦਾ ਨਾਮ ‘ਖਾਲਸਾ ਸਮਾਚਾਰ’ ਰੱਖਿਆ। ਇਸ ਤੋਂ ਇੱਕ ਸਾਲ ਬਾਅਦ ਨਿਰਗੁਣਿਆਰਾ ਪੇਪਰ ਜਾਰੀ ਕੀਤਾ। ਆਪ ਨੇ ਭਾਵੇਂ ਵਿਸ਼ਵਵਿਦਿਆਲਾ ਦੀ ਉੱਚ-ਵਿੱਦਿਆ ਗ੍ਰਹਿਣ ਨਹੀਂ ਕੀਤੀ, ਫਿਰ ਵੀ ਆਪ ਨੇ ਸੰਸਕ੍ਰਿਤ, ਫ਼ਾਰਸੀ, ਉਰਦੂ, ਗੁਰਬਾਣੀ, ਸਿੱਖ ਤੇ ਹਿੰਦੂ ਦਰਸ਼ਨ ਦਾ ਖੂਬ ਮੁਤਾਲਿਆ ਕੀਤਾ। ਆਪ ਦੀ ਵਧੇਰੇ ਰਚਨਾ ਸਿੱਖੀ ਦੇ ਪ੍ਰਚਾਰ ਵਜੋਂ ਸੀ। ਇਸ ਸਮੇਂ ਅਹਿਮਦੀਆ ਅਤੇ ਆਰੀਆ ਸਮਾਜੀ ਲਹਿਰਾਂ ਉਰਦੂ ਤੇ ਹਿੰਦੀ ਭਾਸ਼ਾ ਰਾਹੀਂ ਪ੍ਰਚਾਰ ਕਰ ਰਹੀਆਂ ਸਨ। ਇੱਧਰ ਸਿੰਘ ਸਭਾ ਲਹਿਰ ਵੀ ਪੰਜਾਬੀ ਭਾਸ਼ਾ ਅਤੇ ਸਿੱਖ ਧਰਮ ਦੀ ਰਾਖੀ ਲਈ ਮੈਦਾਨ ਵਿੱਚ ਕੁੱਦ ਚੁੱਕੀ ਸੀ। ਭਾਈ ਵੀਰ ਸਿੰਘ ਦਾ ਇਸ ਲਹਿਰ ਪ੍ਰਤੀ ਬੇਸ਼ਕੀਮਤੀ ਯੋਗਦਾਨ ਹੈ।

1930 ਤੱਕ ਪੰਜਾਬੀ ਸਾਹਿਤ ਦੇ ਅਕਾਸ਼ ਵਿੱਚ ਭਾਈ ਸਾਹਿਬ ਸੂਰਜ ਵਾਂਗ ਮਘਦੇ ਰਹੇ। ਆਪ ਦੀਆਂ ਸਾਹਿਤਕ ਸੇਵਾਵਾਂ ਨੂੰ ਮੱਦੇਨਜ਼ਰ ਰੱਖ ਕੇ ਪੰਜਾਬ ਯੂਨੀਵਰਸਿਟੀ ਨੇ ਆਪ ਨੂੰ 1849 ਈਸਵੀ ਵਿੱਚ ਡਾਕਟਰ ਆਫ ਓਰੀਐਂਟਲ ਲਰਨਿੰਗ ਦੀ ਡਿਗਰੀ ਪ੍ਰਦਾਨ ਕੀਤੀ। 1950 ਈਸਵੀ ਵਿੱਚ ਆਪ ਜੀ ਨੂੰ ਸਿੱਖ ਵਿੱਦਿਅਕ ਕਾਨਫਰੰਸ ਵਿੱਚ ਅਭਿਨੰਦਨ ਗ੍ਰੰਥ ਭੇਟ ਕੀਤਾ ਗਿਆ। ਆਪ ਦੀ ਪੁਸਤਕ ‘ਮੇਰੇ ਸਾਈਆਂ ਜੀਓ’ ਨੂੰ ਭਾਰਤ ਦੀ ਸਾਹਿਤ ਅਕਾਦਮੀ ਦਾ ਸਰਵ-ਉੱਚ ਇਨਾਮ ਮਿਲਿਆ। 1952 ਈ. ਵਿੱਚ ਆਪ ਜੀ ਨੂੰ ਪੰਜਾਬ ਵਿਧਾਨ ਘੜਨੀ ਸਭਾ ਦਾ ਮੈਂਬਰ ਨਾਮਜ਼ਦ ਕੀਤਾ ਗਿਆ। ਏਨਾ ਸਫਲ ਤੇ ਪ੍ਰਾਪਤੀਆਂ ਵਾਲਾ ਜੀਵਨ ਬਤੀਤ ਕਰਕੇ ਆਪ 10 ਜੂਨ 1957 ਈਸਵੀ ਵਿੱਚ ਸੁਰਗਵਾਸ ਹੋ ਗਏ।

-ਰਮੇਸ਼ ਬੱਗਾ ਚੋਹਲਾ
#1348/17/1, ਗਲੀ ਨੰ: 8
ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ)
ਮੋਬ: 9463132719

Previous articleRemembering legendary Birsa Munda
Next articleਕਿੱਸਾ ਕਾਵਿ ਦਾ ਵਿਦਿਆਰਥੀ ਜੀਵਨ ਤੇ ਪ੍ਰਭਾਵ …