– ਹਰਮੇਸ਼ ਜੱਸਲ
91-94644-83080
(ਸਮਾਜਵੀਕਲੀ)
ਪ੍ਰਾਚੀਨ ਬੋਧੀ ਸਾਹਿਤ, ਪਾਲੀ ਭਾਸ਼ਾਂ ਵਿਚ ਰਚਿਆ ਗਿਆ ਸੀ। ਫਿਰ ਮਗਧੀ, ਸੰਸਕ੍ਰਿਤ ਅਤੇ ਹਿੰਦੀ ਵਿਚ ਬੋਧੀ ਸਾਹਿਤ ਦੀ ਰਚਨਾ ਸ਼ੁਰੂ ਹੋਈ। ਪੰਜਾਬੀ ਭਾਸ਼ਾ ਤਾਂ ਖੁਦ ਹੀ ਬਹੁਤੀ ਪ੍ਰਾਚੀਨ ਨਹੀਂ ਤਾਂ ਪ੍ਰਾਚੀਨ ਸਾਹਿਤ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੋ ਸਕਦਾ। ਪੰਜਾਬ `ਚੋਂ ਬੁੱਧ ਧਰਮ ਅਤੇ ਉਸਦੇ ਪੈਰੋਕਾਰ ਤਾਂ ਸਦੀਆਂ ਪਹਿਲਾਂ ਹੀ ਅਲੋਪ ਹੋ ਚੁੱਕੇ ਸਨ ਤਾਂ ਸਾਹਿਤ ਰਚਨਾ ਕਿਸਨੇ ਕਰਨੀ ਸੀ। ਕੁਝ ਸਿੱਖ ਵਿਦਵਾਨਾਂ ਨੇ ਬੁੱਧ ਧੱਮ ਵਿਚ ਰੁਚੀ ਦਿਖਾਈ ਅਤੇ ਪੰਜਾਬੀ ਭਾਸ਼ਾ ਵਿਚ ਬੋਧੀ ਵਿਚਾਰਧਾਰਾ ਨੂੰ ਪ੍ਰਗਟ ਕਰਨਾ ਸ਼ੁਰੂ ਕੀਤਾ। ਡਾ. ਅੰਬੇਡਕਰ ਦੇ ਸੰਘਰਸ਼ ਸਦਕਾ ਦਲਿਤ ਚੇਤਨਾ ਉਤਪੰਨ ਹੋਈ। ਫਿਰ 1956 ਵਿਚ ਜਦੋਂ ਡਾ. ਅੰਬੇਡਕਰ ਨੇ ਬੁੱਧ ਧਰਮ ਗ੍ਰਹਿਣ ਕਰ ਲਿਆ ਤਾਂ ਭਾਰਤ `ਚ ਬੁੱਧ ਧਰਮ ਮੁੜ ਕੇ ਸੁਰਜੀਤ ਹੋ ਗਿਆ। ਉਸ ਤੋਂ ਬਾਅਦ ਬੁੱਧ ਦੇ ਪੈਰੋਕਾਰਾਂ ਦੀ ਗਿਣਤੀ, ਪੰਜਾਬ `ਚ ਵੀ ਵਧਣੀ ਸ਼ੁਰੂ ਹੋਈ ਅਤੇ ਪੰਜਾਬੀ ਭਾਸ਼ਾ ਵਿਚ ਬੋਧੀ ਸਾਹਿਤ ਰਚਿਆ ਜਾਣ ਲੱਗਾ। ਬਹੁਤ ਸਾਰੇ ਅਨੁਵਾਦ ਵੀ ਹੋਏ। ਅਸੀਂ ਇਸ ਲੇਖ ਵਿਚ, ਪੰਜਾਬੀ ਭਾਸ਼ਾ ਵਿਚ ਰਚੇ ਗਏ ਅਤੇ ਅਨੁਵਾਦ ਹੋਏ ਬੋਧੀ ਸਾਹਿਤ ਦੀ ਇਕ ਝਲਕ ਹੀ ਦਿਆਂਗੇ। ਵਿਸਥਾਰ ਦੇਣਾ ਸਾਡਾ ਮਕਸਦ ਨਹੀਂ ਹੈ। ਵਿਸਥਾਰ ਲਈ ਪਾਠਕ ਇੱਥੇ ਉਠਾਏ ਗਏ ਨੁਕਤਿਆਂ ਦੀ ਪੈੜ ਨੱਪਦੇ ਹੋਏ, ਸਰੋਤ ਤੱਕ ਪਹੁੰਚ ਕੇ ਖੁਦ ਪੜ੍ਹ ਸਕਦੇ ਹਾਂ।
ਪੰਜਾਬੀ ਵਿਚ ਦੋ ਤਰ੍ਹਾਂ ਦਾ ਬੋਧੀ ਸਾਹਿਤ ਰਚਿਆ ਗਿਆ ਹੈ। ਇਕ ਵਾਰਤਕ, ਦੂਜਾ ਕਾਵਿ ਰੂਪ। ਬੋਧੀ ਸਾਹਿਤ ਦੇ ਦੋ ਹੋਰ ਭੇਦ ਹਨ, ਇਕ ਬੋਧੀ ਵਿਦਵਾਨਾਂ ਵੱਲੋਂ ਰਚਿਆ ਗਿਆ ਸਾਹਿਤ ਹੈ, ਦੂਜਾ ਗੈਰ-ਬੋਧੀ ਵਿਦਵਾਨਾਂ ਵੱਲੋਂ ਰਚਿਆ ਗਿਆ ਬੋਧੀ ਸਾਹਿਤ ਹੈ। ਬੋਧੀ ਵਿਦਵਾਨਾਂ ਵੱਲੋਂ ਰਚੇ ਗਏ, ਸਾਹਿਤ ਦੇ ਹਵਾਲੇ ਤਾਂ ਇਸ ਪੁਸਤਕ ਵਿਚ ਜਗ੍ਹਾ-ਜਗ੍ਹਾ ਆਉਣਗੇ। ਇਸ ਲਈ, ਹੱਥਲੇ ਲੇਖ ਵਿਚ ਸਿਰਫ ਗੈਰ-ਬੋਧੀ ਵਿਦਵਾਨਾਂ ਵੱਲੋਂ ਰਚੇ ਸਾਹਿਤ ਦੇ ਹਵਾਲੇ ਹੀ ਹੋਣਗੇ:
(1) ਪੁੰਦ੍ਰੀਕ: ਲੇਖਕ-ਕਪੂਰ ਸਿੰਘ, ਪ੍ਰਕਾਸ਼ਕ ਅਤਰ ਚੰਦ ਕਪੂਰ ਐਂਡ ਸੰਨਜ਼, ਸੰਨ 1952 ਇਹ ਉਹੀ ਸਿੱਖ ਵਿਦਵਾਨ ਲੇਖਕ ਹਨ, ਜਿਹਨਾਂ ਦੀ ‘ਸਾਚੀ ਸਾਖੀ` ਜਗਤ ਪ੍ਰਸਿੱਧ ਪੁਸਤਕ ਹੈ। ਇਹਨਾਂ ਨੇ ਬੁੱਧ ਧਰਮ ਬਾਰੇ ਕਾਫੀ ਕੁਝ ਲਿਖਿਆ ਹੈ। ਪੁੰਦ੍ਰੀਕ, ਇਹਨਾਂ ਦੀ ਬੇਹੱਦ ਪ੍ਰਸਿੱਧ ਕਿਤਾਬ ਹੈ। ਪੁੰਦ੍ਰੀਕ ਦਾ ਮਤਲਬ ਹੁੰਦਾ ਹੈਕਮਲ ਦਾ ਫੁੱਲ। ਕਮਲ ਦਾ ਫੁੱਲ ਬੁੱਧ ਦਾ ਪ੍ਰਤੀਕ ਹੈ। ਬੁੱਧ
ਦੀਆਂ ਤਸਵੀਰਾਂ ਅਤੇ ਮੂਰਤੀਆਂ ਕਮਲ ਦੇ ਫੁੱਲ ਉਪਰ ਹੀ ਬਣਾਈਆਂ ਜਾਂਦੀਆਂ ਹਨ। ਇਸ ਕਿਤਾਬ ਵਿਚ ‘ਧੱਮਪਦ` ਨਾਮਕ ਲੇਖ, ਪੰਨਾ 261 ਤੋਂ ਲੈ ਕੇ 368 ਪੰਨੇ ਤੱਕ ਹੈ। ਇਸ ਲੇਖ ਦਾ ਆਧਾਰ, ਬੋਧੀਆਂ ਦੀ ਵਿਸ਼ਵ ਪ੍ਰਸਿੱਧ ਧਾਰਮਿਕ ਪੁਸਤਕ `ਧੱਮਪਦ` ਹੀ ਹੈ। ਸ਼ਲਾਘਾਯੋਗ ਗੱਲ ਇਹ ਹੈ ਕਿ ਇਹ ਲੇਖ ਉਦੋਂ ਲਿਖਿਆ ਗਿਆ, ਜਦੋਂ ਬੁੱਧ ਧਰਮ ਬਾਰੇ, ਕੋਈ ਸਾਹਿਤ ਨਹੀਂ ਸੀ। ਬੁੱਧ ਦੀਆਂ ਗਾਥਾਵਾਂ ਨੂੰ ਸਭ ਤੋਂ ਪਹਿਲਾਂ, ਪੰਜਾਬੀ ਵਿਚ ਵਿਆਖਿਆ ਸਾਹਿਤ ਉਲਥਾ ਕੀਤਾ ਹੈ। ਇਹ ਪੰਜਾਬ ਦੇ ਬੋਧੀ ਸਾਹਿਤ ਨੂੰ ਬਹੁਤ ਵੱਡੀ ਦੇਣ ਹੈ। ਬਾਅਦ ਵਿਚ ਕਿਸੇ ਸੱਚਣ ਨੇ ਇਸੇ ਪੁਸਤਕ ਦੇ `ਧੱਮਪਦ` ਨਾਮਕ ਲੇਖ ਨੂੰ ‘ਇਕ ਸਿੱਖ ਦਾ ਬੁੱਧ ਨੂੰ ਪ੍ਰਣਾਮ` ਸਿਰਲੇਖ ਹੇਠ ਵੱਖਰੀ ਪੁਸਤਕ ਦੇ ਰੂਪ ਵਿਚ ਛਾਪਿਆ ਹੈ। ਕਈ ਵਿਦਵਾਨ ਕਹਿੰਦੇ ਹਨ ਕਿ ਗਾਥਾਵਾਂ ਵਿਚ ਲਗਾ-ਮਾਤ੍ਰਾ ਦੀਆਂ ਕਮੀਆਂ ਰਹਿ ਗਈਆਂ ਹਨ, ਪਰ ਫਿਰ ਵੀ ਪ੍ਰਸੰਸਾਯੋਗ ਹੈ। ਪੜ੍ਹਨਯੋਗ ਹੈ। ਇਸ ਲੇਖ ਉਤੇ ਵੱਖਰੀ ਕਿਤਾਬ ਲਿਖੀ ਜਾ ਸਕਦੀ ਹੈ, ਜਦਕਿ ਸਾਡਾ ਮਕਸਦ, ਪਾਠਕਾਂ ਨੂੰ ਸਿਰਫ ਕਿਤਾਬ ਬਾਰੇ ਜਾਣਕਾਰੀ ਦੇਣਾ ਹੀ ਹੈ। ਇਸ ਲੇਖ ਵਿਚ `ਧੱਮਪਦ` ਦੀਆਂ ਸਿਰਫ 101 ਗਾਥਾਵਾਂ ਦਾ ਹਵਾਲਾ ਦਿੱਤਾ ਗਿਆ ਹੈ, ਜਦਕਿ ਧੱਮਪਦ ਵਿਚ ਕੁੱਲ 423 ਗਾਥਾਵਾਂ ਹਨ। ਇਸ ਲੇਖ ਦਾ ਮੁੱਖ ਮਕਸਦ, ਬੁੱਧ ਧਰਮ ਅਤੇ ਸਿੱਖ ਧਰਮ ਦੀ ਵਿਚਾਰਕ ਸਮਰੂਪਤਾ ਨੂੰ ਦਰਸਾਉਣਾ ਹੈ। ਲੇਖਕ ਦਾ ਵਿਚਾਰ ਹੈ, “ਸਿੱਖ ਧਰਮ ਜੋ ਕਿ ਆਪਣੀ ਆਤਮਾ ਤੇ ਬੁਨਿਆਦੀ ਰੂਪ-ਰੇਖਾ ਦੇ ਪਹਿਲੂ ਤੋਂ ਬੁੱਧ ਧਰਮ ਦਾ ਹੀ ਨਵ-ਜਨਮਕ ਰੂਪ ਕਿਹਾ ਜਾ ਸਕਦਾ ਹੈ। (ਪੰਨਾ 270)।
(2) ਸਪਤ ਸ਼ਿ੍ਰੰਗ: ਸ: ਕਪੂਰ ਸਿੰਘ (ਆਈ. ਸੀ. ਐਸ.) ਦੀ ਦੂਜੀ ਪੁਸਤਕ ਹੈ, ਜਿਸ ਵਿਚ ਸੱਤ ਮਹਾਨ ਪੁਰਸ਼ਾਂ ਦੇ ਜੀਵਨ ਚਰਿੱਤ੍ਰ ਹਨ। ਇਕ ਲੇਖ (ਗੌਤਮ ਬੁੱਧ` ਪੰਨਾ 119 ਤੋਂ 143
ਪੰਨੇ ਤੱਕ ਹੈ। ਪਹਿਲੀ ਵਾਰ 1952 ਵਿਚ ਹਿੰਦ ਪਬਲਿਸ਼ਰਜ਼ ਅਤੇ ਚੌਥੀ ਵਾਰ, ਲਾਹੌਰ ਬੁੱਕ ਸ਼ਾਪ ਲੁਧਿਆਣਾ ਨੇ 1980 ਵਿਚ ਛਾਪੀ। ਬੁ ੱਧ ਦਾ ਸੰਖੇਪ ਜੀਵਨ ਸਾਰ ਦਿੱਤਾ ਗਿਆ ਹੈ।
ਇਸ ਲੇਖ ਵਿਚ ਵੀ, ਲੇਖਕ ‘ਬੁੱਧ ਧਰਮ ਅਤੇ ਸਿੱਖ ਧਰਮ`ਵਿਚਲੀਆਂ ਸਮਾਨਤਾਵਾਂ ਦਾ ਵਰਣਨ ਕਰਦੇ ਹੋਏ ਲਿਖਦੇ ਹਨ ਕਿ “ਗੌਤਮ ਬੁੱਧ ਦੇ ਜਵੀਨ ਦੀਆਂ ਇਹ ਘਟਨਾਵਾਂ ਪੜ੍ਹੀਦੀਆਂ
ਹਨ ਤਾਂ ਸਿੱਖ ਗੁਰੂਆਂ ਦੀਆਂ ਜੀਵਨ ਘਟਨਾਵਾਂ, ਵਿਸ਼ੇਸ਼ ਕਰਕੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਪ੍ਰਿਥੀ ਚੰਦ ਅਤੇ ਧੀਰਮੱਲ ਦੇ ਕੁਟਲ ਕਰਮ ਆਪਹੁਦਰੇ ਅੱਖਾਂ ਅੱਗੇ ਆ ਜਾਂਦੇ
ਹਨ ਅਤੇ ਅਚੰਭਿਤ ਹੋਈਦਾ ਹੈ ਕਿ ਤਵਾਰੀਖ ਕਿਵੇਂ ਕਿਸੇ ਵਚਿੱਤ੍ਰ ਤੇ ਗੁਪਤ ਸ਼ਕਤੀ ਦੇ ਅਧੀਨ ਹੋ ਕੇ ਪੁਰਾਣੀਆਂ ਬੀਤ ਚੁੱਕੀਆਂ ਘਟਨਾਵਾਂ ਸਮਾਂ ਪਾ ਕੇ ਮੁੜ ਵਰਤਾ ਦਿੰਦੀ ਹੈ।(ਪੰਨਾ 139)।
(3) Parashar Prasna (ਪਰਾਸ਼ਰ ਪ੍ਰਾਸ਼ਨਾ): ਸ: ਕਪੂਰ ਸਿੰਘ ਦੀ ਹੀ ਇਕ ਹੋਰ ਪੁਸਤਕ ਹੈ। ਇਸ ਵਿਚ ਵੀ ਸਿੱਖ ਧਰਮ ਅਤੇ ਬੁੱਧ ਧਰਮ ਵਿਚ ਸਮਾਨਤਾ ਦਾ ਵਰਣਨ ਕੀਤਾ ਹੈ।
(4) ਧੱਮਪਦ: ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸੰਨ 1969 ਵਿਚ ਪੰਜਾਬੀ ਵਿਚ ‘ਧੱਮਪਦ` ਛਾਪਿਆ, ਜਿਸਨੂੰ ਵਿਦਵਾਨ- ਐਲ. ਐਮ. ਜੋਸ਼ੀ ਅਤੇ ਸ਼ਾਰਦਾ ਗਾਂਧੀ ਨੇ ਪੰਜਾਬੀ ਵਿਚ ਅਨੁਵਾਦ ਕੀਤਾ। ਇਸ ਵਿਚ 55 ਪੇਜ ਦੀ ਭੂਮਿਕਾ ਦੇ ਨਾਲ `ਧੱਮਪਦ` ਦੀਆਂ 423 ਗਾਥਾਵਾਂ ਦਾ ਅਰਥ ਸਹਿਤ ਵਰਣਨ ਹੈ। ਧੱਮਪਦ ਦੇ 26 ਵੱਗ (ਭਾਗ) ਹਨ। ਇਹ ਬਹੁਤ ਮਹੱਤਵਪੂਰਨ ਅਤੇ ਉਪਯੋਗੀ ਪੁਸਤਕ ਹੈ। ਬੁੱਧ ਦੇ ਉਪਦੇਸ਼ਾਂ ਦਾ ਖਜ਼ਾਨਾ ਹੈ। ਧੱਮਪਦ, ਇਕ ਵੱਖਰੀ ਖੋਜ ਦਾ ਵਿਸ਼ਾ ਹੈ। ਧੱਮ ਪੱਦ, ਤਕਰੀਬਨ, ਦੁਨੀਆਂ ਦੀਆਂ ਸਾਰੀਆਂ ਭਾਸ਼ਾਵਾਂ ਵਿਚ ਛਪ ਚੁੱਕਿਆ ਹੈ। ਇਸ ਪੁਸਤਕ ਨੇ ਬੁੱਧ ਧਰਮ ਨੂੰ ਵਿਸ਼ਵ ਪੱਧਰ ਉਪਰ ਫੈਲਾਉਣ ਦਾ ਕੰਮ ਕੀਤਾ ਹੈ। ਮਾਨਵੀ ਜੀਵਨ ਵਿਚ ਚੰਗੇ ਗੁਣਾਂ ਨੂੰ ਪੈਦਾ ਕਰਨ ਲਈ, ਇਹ ਬਹੁਤ ਉਪਯੋਗੀ ਪੁਸਤਕ ਹੈ। ਮੈਂ ਪਾਲੀ ਦਾ ਵਿਦਵਾਨ ਨਹੀਂ ਪਰ ਵਿਦਵਾਨ ਕਹਿੰਦੇ ਹਨ ਕਿ ਗਾਥਾਵਾਂ ਦੀਆਂ ਤਰੁੱਟੀਆਂ, ਇਸ ਵਿਚ ਵੀ ਰਹਿ ਗਈਆਂ ਹਨ। ਫਿਰ ਵੀ ਪ੍ਰਸੰਸਾਯੋਗ ਹੈ। ਇੱਥੇ ਪਹਿਲੀ ਅਤੇ ਆਖਰੀ ਗਾਥਾਵਾਂ ਦਾ ਜ਼ਿਕਰ ਕਰ ਰਿਹਾ ਹਾਂ। ਪਹਿਲਾ ਵੱਗ, ਯਮਨ ਵੱਗੋ, ਗਾਥਾ ਪਹਿਲੀ:
ਮਨੋਪੁੱਬੰਗੰਮਾ ਧੱਮਾ, ਮਨੋਸੇਟਠਾ ਮਨੋਮਯਾ।
ਮਨਸਾ ਚੇ ਪੁਦੁੱਠੇਨ, ਭਾਸਿਤ ਵਾ ਕਰੋਤਿ ਵਾ।
ਤਤੋ ਨੰ ਦੁਕਖੰ ਅਨਵਤਿ, ਚੱਕੇ ਵਾ ਵਹਤੋ ਪਦੰ।।1।।
ਅਰਥਾਤ : ਮਨ ਹੀ ਸਾਰੀਆਂ ਮਾਨਸਿਕ ਕਿਰਿਆਵਾਂ ਦੀ ਪ੍ਰਧਾਨਗੀ ਕਰਦਾ ਹੈ। ਮਨ ਹੀ ਸ੍ਰੇਸ਼ਠ ਹੈ। ਮਨ ਤੋਂ ਹੀ ਸਾਰੀਆਂ ਮਾਨਸਿਕ ਕਿਰਿਆਵਾਂ ਦੀ ਸਿਰਜਣਾ ਹੋਈ ਹੈ। ਜਿਹੜਾ ਵਿਅਕਤੀ ਦੂਸ਼ਿਤ ਮਨ ਨਾਲ ਬੋਲਦਾ ਹੈ ਜਾਂ ਕੰਮ ਕਰਦਾ ਹੈ, ਉਸ ਦੇ ਪਿੱਛੇ ਦੁੱਖ ਉਸੇ ਤਰ੍ਹਾਂ ਪੈਂਦਾ ਹੈ, ਜਿਵੇਂ ਰੱਥ ਦਾ ਪਹੀਆ, ਰੱਥ ਖਿੱਚਣ ਵਾਲੇ ਬਲਦ ਦੇ। (ਪੰਨਾ 61)
ਆਖਰੀ ਵੱਗ- ਬ੍ਰਾਹਮਣ ਵੱਗ ਹੈ। ਇਸ ਵਿਚ, ਕੌਣ ਬ੍ਰਾਹਮਣ ਹੈ, ਕੌਣ ਨਹੀਂ, ਦੀ ਵਿਆਖਿਆ ਕੀਤੀ ਗਈ ਹੈ।
ਗਾਥਾ 396 ਇਉਂ ਹੈ:
ਨ ਚਾਹੰ ਬ੍ਰਾਹਮਣੰ ਬਰੂਮਿ,
ਯੋਨਿਜੰ ਮੱਤਿਸੰਭਵੰ।
ਭੋਵਾਦਿ ਨਾਮ ਸੋ ਹੋਤਿ, ਸਚੇ ਹੋਤਿ ਸਕਿੰਚਨੇ।
ਅਕਿੰਚਨੰ ਅਨਾਦਾਨੰ, ਤਮਹੰ ਬਰੂਮਿ ਬ੍ਰਾਹਮਣੰ।। 396।।
ਅਰਥਾਤ : ਜਨਮ ਤੋਂ ਜਾਂ ਬ੍ਰਾਹਮਣੀ ਦੀ ਕੁੱਖ ਤੋਂ ਪੈਦਾ ਹੋਣ ਵਾਲੇ ਨੂੰ ਮੈਂ ਬ੍ਰਾਹਮਣ ਨਹੀਂ ਕਹਿੰਦਾ, ਕਿਉਂਕਿ ਉਹ `ਭੋ ਵਾ ਦਿ` ਹੈ ਔਰ ਪਦਾਰਥਾਂ ਨੂੰ ਇਕੱਠਾ ਕਰਨ ਵਾਲਾ ਹੈ। ਜੋ ਧੰਨ ਦੌਲਤ ਦਾ ਸੰਗ੍ਰਹੀ ਨਹੀਂ ਹੈ, ਜਾਂ ਜੋ ਸੰਸਾਰਕ ਪਦਾਰਥਾਂ ਨਾਲ ਲਗਾਓ ਨਹੀਂ ਰੱਖਦਾ, ਉਸਨੂੰ ਮੈਂ ਬ੍ਰਾਹਮਣ ਕਹਿੰਦਾ ਹਾਂ।
`ਧੱਮਪਦ` ਦੀ ਆਖਰੀ ਗਾਥਾ 423 ਇਉਂ ਹੈ:
ਪੁੱਬੇ ਨਿਵਾਸੰ ਯੋ ਵੇਦਿ, ਸੱਗਾਪਾਯੰ ਚ ਪੱਸਤਿ।
ਅਥੋ ਜਾਤਿਕਖਯੰ ਪੱਤੋ, ਅਭਿੱਵਾਵੋਸਿਤ ਮੁਨਿ।
ਸੱਬਵੋਸਿਤਵੋਸਾਨੰ, ਤਮਹੰ ਬਰੂਮਿ ਬ੍ਰਾਹਮਣੰ।। 423।।
ਅਰਥਾਤ: ਜੋ ਆਪਣੇ ਪੂਰਬ ਜਨਮ ਨੂੰ ਜਾਣਦਾ ਹੈ, ਸਵਰਗ ਤੇ ਨਰਕ ਨੂੰ ਜਿਸਨੇ ਵੇਖ ਲਿਆ ਹੈ, ਜਿਸਦਾ ਪੁਨਰ ਜਨਮ ਖਤਮ ਹੋ ਗਿਆ ਹੈ। ਜੋ ਪੂਰਨ ਗਿਆਨੀ ਹੈ, ਮੁਨੀ ਹੈ, ਜਿਸ ਵਿਚ ਸਾਰੀਆਂ ਪੂਰਣਤਾਵਾਂ ਹਨ, ਉਸਨੂੰ ਮੈਂ ਬ੍ਰਾਹਮਣ ਕਹਿੰਦਾ ਹਾਂ। (ਪੰਨਾ 176)।
ਗਾਥਾਵਾਂ ਤੇ ਉਹਨਾਂ ਦੇ ਅਰਥ ਉਹੀ ਹਨ, ਜੋ ਇਸ ਪੁਸਤਕ ਵਿਚ ਦਿੱਤੇ ਗਏ ਹਨ। ਕਿਸੇ ਦੂਸਰੇ, ਪਾਲੀ ਵਿਦਵਾਨ ਦੇ ਅਰਥ, ਇਸ ਤੋਂ ਭਿੰਨ ਵੀ ਹੋ ਸਕਦੇ ਹਨ।
(5) ਹਰਸ਼: ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 1985 ਵਿਚ, ਡਾ. ਫੌਜਾ ਸਿੰਘ ਦੁਆਰਾ ਲਿਖਤ `ਹਰਸ਼` ਛਾਪੀ ਸੀ। ਹਰਸ਼ਵਰਧਨ, ਇਕ ਪ੍ਰਸਿੱਧ ਬੋਧੀ ਰਾਜਾ ਸੀ। ਇਹ ਹਿਊਨਸਾਂਗ
ਦਾ ਸਮਕਾਲੀ ਰਾਜਾ ਸੀ। ਹਿਊਨਸਾਂਗ ਨੇ ‘ਹਰਸ਼` ਬਾਰੇ ਬਹੁਤ ਕੁਝ ਲਿਖਿਆ ਹੈ। ਇਸ ਸਮੇਂ ਭਾਰਤ-ਚੀਨ ਦੇ ਸਬੰਧ ਬਹੁਤ ਚੰਗੇ ਸਨ। ਬਹੁਤ ਸਾਰੇ ਚੀਨੀ ਵਿਦਿਆਰਥੀ ਭਾਰਤ ਵਿਚ ਸਿੱਖਿਆ ਗ੍ਰਹਿਣ ਕਰਨ ਲਈ ਆਉਂਦੇ ਸਨ। ਨਾਲੰਦਾ ਦੇ ਨਾਲ ਨਾਲ ‘ਜਲੰਧਰ` ਵੀ ਵਿੱਦਿਆ ਦਾ ਪ੍ਰਮੁੱਖ ਕੇਂਦਰ ਸੀ। ਜਲੰਧਰ ਉਸ ਸਮੇਂ ‘ਧੱਮ ਦਾ ਕੇਂਦਰ` ਵੀ ਸੀ। ਜਲੰਧਰ ਬਾਰੇ ਲਿਖਦਾ ਹੈ ਕਿ `ਜਲੰਧਰ ਦੇ ਇਲਾਕੇ ਵਿਚ ਇਕ ਰਾਜਾ ਉਦੀਤੋ ਦਾ ਰਾਜ ਪ੍ਰਬੱਧ ਸੀ। ਇਹ ਰਾਜਾ ਪਹਿਲਾਂ ਹਿੰਦੂ ਧਰਮੀ ਸੀ, ਮਗਰੋਂ ਇਕ ਬੋਧੀ ਅਰਹਤ ਨੇ ਇਸਦੇ ਮਨ `ਤੇ ਡੂੰਘਾ ਪ੍ਰਭਾਵ ਪਾਇਆ ਅਤੇ
ਉਹ ਬੁੱਧ ਧਰਮ ਦਾ ਅਨੁਯਾਈ ਹੀ ਨਹੀਂ ਸਗੋਂ ਸਰਗਰਮ ਪ੍ਰਚਾਰਕ ਵੀ ਬਣ ਗਿਆ। ਉਸਨੇ ਭਾਰਤ ਵਿਚ ਦੂਰ-ਦੂਰ ਤੱਕ ਸਫਰ ਅਤੇ ਸਤੂਪਾਂ ਦਾ ਨਿਰਮਾਣ ਕੀਤਾ।“ ਜਲੰਧਰ ਦਾ ਰਾਜਾ
ਹਰਸ਼ਵਰਧਨ ਦੇ ਅਧੀਨ ਸੀ, ਹਰਸ਼ਵਰਧਨ ਦੇ ਪ੍ਰਭਾਵ ਥੱਲੇ ਹੀ ਜਲੰਧਰ ਦਾ ਰਾਜਾ ਬੋਧੀ ਬਣਿਆ ਸੀ। ਹਰਸ਼ ਵਰਧਨ ਨੇ ‘ਆਪਣੇ ਸਾਰੇ ਰਾਜਕਾਲ ਵਿਚ ਬੋਧੀ ਸੱਤਵ ਅਵਲੋਕ ਤੇਸ਼ਵਰ
ਦੀ ਸਿੱਖਿਆ `ਤੇ ਯਥਾ ਯੁਕਤ ਅਮਲ ਕੀਤਾ। ਉਸਨੇ ਬੁੱਧ ਧਰਮ ਦੇ ਪ੍ਰਚਾਰ ਲਈ, ਕਈ ਉਚੇਚੇ ਪ੍ਰਬੰਧ ਕੀਤੇ। ਜਲੰਧਰ ਦਾ ਰਾਜਾ, ਜੋ ਇਸ ਧਰਮ ਵਿਚ ਦ੍ਰਿੜ੍ਹ ਵਿਸ਼ਵਾਸ ਰੱਖਦਾ ਸੀ, ਉਸਨੂੰ
ਇਸ ਕੰਮ ਦੀ ਸਰਵੋਤਮ ਜ਼ਿੰਮੇਵਾਰੀ ਸੌਂਪੀ। ਬੋਧੀ ਮਠਾਂ ਨੂੰ ਦਿਲ ਖੋਲ੍ਹਕੇ ਦਾਨ ਦਿੱਤਾ ਤਾਂ ਜੋ ਉਹਨਾਂ ਨੂੰ ਰਿਹਾਇਸ਼ ਰੱਖਣ ਵਾਲੇ ਭਿਖਸ਼ੂ ਤੇ ਭਿਖਸ਼ੂਣੀਆਂ ਆਪਣੇ ਧਾਰਮਿਕ ਕਰਤੱਵਾਂ ਨੂੰ ਬਿਨਾਂ
ਕਿਸੇ ਮਾਇਕ ਔਕੜ ਦੇ ਨਿਭਾ ਸਕਣ।“ (ਪੰਨਾ 84)
ਹਿਊਨਸਾਂਗ ਦੀਆਂ ਲਿਖਤਾਂ ਤੋਂ ਪਤਾ ਲੱਗਦਾ ਹੈ ਕਿ ਹਰਸ਼ ਕਾਲ ਵਿਚ ਆਮ ਲੋਕਾਂ ਦੀ ਆਰਥਿਕ ਦਸ਼ਾ ਕਾਫੀ ਚੰਗੀ ਸੀ। ਚੀਨੀ ਯਾਤਰੀ ਦੇ ਵੇਖਣ ਵਿਚ ਮਹਾਤਮਾ ਬੁੱਧ ਦੀਆਂ ਬਹੁਤ ਸਾਰੀਆਂ ਸੋਨੇ ਦੀਆਂ ਮੂਰਤੀਆਂ ਆਈਆਂ। ਉਸਨੇ ਇਹ ਵੀ ਵੇਖਿਆ ਕਿ ਬੋਧੀ ਸੰਘ ਦੇ ਮੱਠਾਂ ਲਈ ਕੇਵਲ ਅਮੀਰ ਆਦਮੀ ਹੀ ਨਹੀਂ ਸਗੋਂ ਸਧਾਰਨ ਆਦਮੀ ਵੀ ਦਾਨ ਦਿੰਦੇ ਸਨ। ਜਿੱਥੇ ਵੀ ਭਾਰਤ ਵਿਚ ਇਹ ਚੀਨੀ ਯਾਤਰੀ ਗਿਆ, ਉਸਨੂੰ ਲੋਕਾਂ ਵੱਲੋਂ ਬੜੀਆਂ ਸੁਗਾਤਾਂ ਦਿੱਤੀਆਂ ਗਈਆਂ। ਉਸਦੀ ਪ੍ਰਾਹੁਣਾਚਾਰੀ ਵਿਚ ਬੜੀ ਉਦਾਰਤਾ ਨਾਲ ਪੈਸਾ ਖਰਚ ਕੀਤਾ ਜਾਂਦਾ ਰਿਹਾ। ਹਿੰਦੂ ਧਰਮ ਤੇ ਬੁੱਧ ਧਰਮ ਦੇ ਮੰਦਰਾਂ ਦੀ ਹਾਲਤ ਵੀ ਬਹੁਤ ਚੰਗੀ ਸੀ। ਉਹਨਾਂ ਵਿਚ ਖਾਣ-ਪੀਣ ਦਾ ਸਮਾਨ ਇੰਨਾ ਜ਼ਿਆਦਾ ਹੁੰਦਾ ਸੀ ਕਿ ਕਈ ਵਾਰ ਉਹ ਪਿਆ-ਪਿਆ ਖਰਾਬ ਹੋ ਜਾਂਦਾ ਸੀ। ਉਹਨਾਂ ਕੋਲ ਰੁਪਏ ਦੀ ਕੋਈ ਥੁੜ੍ਹ ਨਹੀਂ ਸੀ।
ਇਕ ਹੋਰ ਚੀਨੀ ਯਾਤਰੀ, ਇੰਤਸਿੰਗ, ਜੋ ਹਰਸ਼ ਦੇ ਸਮੇਂ ਤੋਂ ਕੋਈ 50 ਕੁ ਸਾਲ ਮਗਰੋਂ ਭਾਰਤ ਆਇਆ, ਇਸ ਬਾਰੇ ਇਉਂ ਲਿਖਦਾ ਹੈ: “ਇਹ ਉਚਿਤ ਨਹੀਂ ਲੱਗਦਾ ਕਿ ਕਿਸੇ ਮੱਠ ਵਿਚ
ਇੰਨਾ ਧੰਨ ਹੋਵੇ ਜਾਂ ਖਰਾਬ ਹੋ ਚੁੱਕੇ ਅਨਾਜ ਦੇ ਇੰਨੇ ਵੱਡੇ ਭੰਡਾਰ ਹੋਣ ਜਾਂ ਇੰਨੇ ਨਰ-ਮਾਦਾ ਨੌਕਰ ਹੋਣ ਜਾਂ ਇਸਦੇ ਖਜ਼ਾਨੇ ਵਿਚ ਇੰਨਾ ਮਾਲ ਤੇ ਰੁਪਿਆ ਪੈਸਾ ਹੋਵੇ ਕਿ ਉਹ ਵਰਤੋਂ ਵਿਚ ਨਾ ਆ ਸਕੇ।“(ਪੰਨਾ 72)।
ਇਹ ਛੋਟੀ ਜਿਹੀ ਕਿਤਾਬ, ਬੋਧੀ ਪਾਠਕਾਂ ਦੇ ਗਿਆਨ ਵਿਚ ਚੌਖਾ ਵਾਧਾ ਕਰਦੀ ਹੈ। ਹਰਸ਼ਵਰਧਨ ਬੁੱਧ ਦਾ ਕਿੱਡਾ ਵੱਡਾ ਪੁਜਾਰੀ ਸੀ। ਇਸ ਦਾ ਅੰਦਾਜ਼ਾ ਇਕ ਘਟਨਾ ਤੋਂ ਲਾਇਆ ਜਾ ਸਕਦਾ ਹੈ।
ਹਿਊਨਸਾਂਗ ਕਸ਼ਮੀਰ ਵਿਚ ਕੋਈ ਦੋ ਸਾਲ ਭਰ ਰਿਹਾ, ਉਹ ਲਿਖਦਾ ਹੈ ਕਿ `ਕੋਈ ਰਾਜਾ ਸ਼ੀਲਾ ਦਿੱਤੀਆਂ ਮਹਾਤਮਾ ਬੁੱਧ ਦੇ ਇਕ ਦੰਦ ਦੇ ਦਰਸ਼ਨਾਂ ਲਈਆਇਆ ਸੀ। ਇਹ ਇਕ ਅਲੌਕਿਕ ਦੰਦ ਸੀ ਜਿਸ ਵਿਚੋਂ ਰੌਸ਼ਨੀ ਹੁੰਦੀ ਰਹਿੰਦੀ ਸੀ। ਉਸਦੇ ਦਿਲ ਵਿਚ ਇਸ ਪਾਵਨ ਦੰਦ ਨੂੰ ਵੇਖਣ ਦੀ ਬੜੀ ਤਾਂਘ ਸੀ। ਜਦ ਉਹ ਉਥੇ ਅੱਪੜਿਆ ਤਾਂ ਜਿਹਨਾਂ ਲੋਕਾਂ ਕੋਲ ਉਹ ਦੰਦ ਸੀ, ਉਹਨਾਂ ਉਸਨੂੰ ਜ਼ਮੀਨ ਵਿਚ ਦਬਾਅ ਦਿੱਤਾ। ਪਰ ਸ਼ੀਲਾ ਦਿੱਤੀਆਂ ਨੂੰ ਇਵੇਂ ਟਾਲਿਆ ਨਹੀਂ ਸੀ ਜਾ ਸਕਦਾ। ਸੋ, ਕਸ਼ਮੀਰ ਦੇ ਰਾਜਾ ਨੇ ਉਸਦੀ ਤਾਕਤ ਤੋਂ ਭੈਅ ਖਾ ਕੇ ਉਹ ਦੰਦ ਜ਼ਮੀਨ ਵਿਚੋਂ ਪੁਟਵਾਇਆ ਤੇ ਸ਼ੀਲਾ ਦਿੱਤੀਆ ਨੂੰ ਦੇਖਣ ਲਈ ਦਿੱਤਾ। ਸ਼ੀਲਾ ਦਿੱਤੀਆ ਤਾਕਤ ਦੀ ਵਰਤੋਂ ਦੁਆਰਾ ਉਹ ਦੰਦ ਆਪਣੇ ਨਾਲ ਲੈ ਆਇਆ। ਡਾ. ਮੁਕਰਜੀ, ਡਾ. ਤ੍ਰਿਪਾਠੀ, ਡਾ. ਬੈਜਨਾਥ ਸ਼ਰਮਾ ਆਦਿ ਇਤਿਹਾਸਕਾਰਾਂ ਦਾ ਖਿਆਲ ਹੈ ਕਿ ਇਹ ਸ਼ੀਲਾ ਦਿੱਤੀਆ ਕਨੌਜ ਦਾ ਰਾਜਾ ਹਰਸ਼ਵਰਧਨ ਹੀ ਸੀ।“(ਪੰਨਾ 47)
ਹਰਸ਼ ਨੇ 641 ਤੋਂ 648 ਈਸਵੀ ਦੇ ਵਿਚਕਾਰ ਤਿੰਨ ਮਿਸ਼ਨ ਚੀਨ ਭੇਜੇ। ਇਸੇ ਸਮੇਂ ਇੰਨੇ ਹੀ ਮਿਸ਼ਨ ਚੀਨ ਤੋਂ ਭਾਰਤ ਆਏ। ਇਸ ਤੋਂ ਪਤਾ ਲੱਗਦਾ ਹੈ ਕਿ ਹਰਸ਼ ਕਾਲ ਵਿਚ ਭਾਰਤ ਤੇ ਚੀਨ ਦੇ ਵਿਚਕਾਰ ਕਈ ਰਾਹ ਖੁੱਲ੍ਹੇ ਸਨ, ਜਿਹਨਾਂ ਥਾਣੀ ਲੋਕ ਸਫਰ ਕਰ ਸਕਦੇ ਸਨ। ਇਕ ਰਾਹ ਤਿੱਬਤ ਵਿਚੋਂ ਦੀ ਸੀ, ਇਕ ਕੇਂਦਰੀ ਏਸ਼ੀਆ ਵਿਚੋਂ ਤੇ ਇਕ ਹੋਰ ਦੱਖਣ ਪੱਛਮੀ ਏਸ਼ੀਆ ਵਿਚੋਂ ਦੀ ਲੰਘਦਾ ਸੀ। ਫਾਹਯਾਂਗ, ਹਿਊਨਸਾਂਗ, ਸਿੰਗਯੁੰਨ, ਇੰਤਸਿੰਗ ਤੇ ਹੋਰ ਕਈ ਯਾਤਰੀਆਂ ਨੇ ਇਹਨਾਂ ਰਾਹਾਂ `ਤੇ ਹੀ ਸਫਰ ਕੀਤਾ ਸੀ। (ਪੰਨਾ 67) ਭਾਰਤ ਦੀ ਵਿੱਦਿਆ ਦੇ ਖੇਤਰ ਵਿਚ ਪ੍ਰਸਿੱਧੀ ਦੇ ਕਾਰਨ ਲੱਗਭੱਗ 162 ਚੀਨੀ ਯਾਤਰੀ ਪੰਜਵੀਂ ਤੋਂ ਅੱਠਵੀਂ ਸ਼ਤਾਬਦੀ ਤੱਕ ਭਾਰਤ ਆਏ (ਪੰਨਾ 64)।
ਹਰਸ਼ਵਰਧਨ, ਮਹਾਂਦਾਨੀ ਸੀ। ਉਹ ਹਰ ਪੰਜਾਂ ਸਾਲਾਂ ਬਾਅਦ ਬੁੱਧ ਧਰਮ ਦੀ ਸ਼ਾਨ ਵਿਚ ਇਕ ਮਹਾਨ ਸਮਾਗਮ ਕਰਦਾ ਸੀ। ਇਸ ਤਰ੍ਹਾਂ ਦੇ ਉਸਨੇ ਛੇ ਸਮਾਗਮ ਕੀਤੇ। ਇਕ ਸਮਾਗਮ ਵਿਚ ਹਿਊਨਸਾਂਗ ਖੁਦ ਵੀ ਹਾਜ਼ਰ ਸੀ। ਉਹ ਲਿਖਦਾ ਹੈ ਕਿ “ਹਰਸ਼ ਨੇ ਫੌਜੀ ਲੋੜਾਂ ਦਾ ਸਮਾਨ ਛੱਡ ਕੇ ਸ਼ਾਹੀ ਖਜ਼ਾਨੇ ਦੀ ਸਾਰੀ ਦੌਲਤ ਤੇ ਹੋਰ ਕੀਮਤੀ ਸਮੱਗਰੀ ਦਾਨ ਵਿਚ ਦੇ ਦਿੱਤੀ। ਇੱਥੋਂ ਤੱਕ ਕਿ ਜੋ ਕੱਪੜੇ ਉਸਨੇ ਪਹਿਨੇ ਹੋਏ ਸਨ, ਉਹ ਵੀ ਦਾਨ ਕਰ ਦਿੱਤੇ ਅਤੇ ਪਿੰਡਾ ਢੱਕਣ ਲਈ ਉਸਨੇ ਆਪਣੀ ਭੈਣ ਰਾਜੇਸ਼ਵਰੀ ਪਾਸੋਂ ਕੱਪੜਾ ਮੰਗਿਆ। ਇਸ ਤਰ੍ਹਾਂ ਦੇ ਦਾਨ ਦੀ ਉਦਾਹਰਣ ਮਾਨਵ ਇਤਿਹਾਸ ਵਿਚ ਕਿਧਰੇ ਘੱਟ ਹੀ ਵੇਖਣ ਨੂੰ ਮਿਲਦੀ ਹੈ (ਪੰਨਾ 85)। “
ਇਹ ਸਮਾਗਮ ਆਮ ਤੌਰ `ਤੇ ਪ੍ਰਯਾਗ ਵਿਖੇ ਕੀਤੇ ਜਾਂਦੇ ਸਨ, ਜਿੱਥੇ ਕਿ ਸਮਾਗਮ ਦੇ ਅਵਸਰ ਤੇ ਆਰਜ਼ੀ ਤੌਰ ਤੇ ਇਕ ਨਵਾਂ ਸ਼ਹਿਰ ਆਬਾਦ ਹੋ ਜਾਂਦਾ ਸੀ। ਸਮਾਗਮ ਦਾ ਆਰੰਭ ਇਕ ਵੱਡੇ ਜਲੂਸ ਨਾਲ ਕੀਤਾ ਜਾਂਦਾ ਸੀ, ਜਿਸ ਵਿਚ ਮਹਾਤਮਾ ਬੁੱਧ ਦੀ ਸੋਨੇ ਦੀ ਮੂਰਤੀ ਨੂੰ ਪੂਰੇ ਸਨਮਾਨ ਨਾਲ ਲਿਜਾਇਆ ਜਾਂਦਾ ਸੀ।“ (ਪੰਨਾ 84)।
ਡਾ. ਫੌਜਾ ਸਿੰਘ ਦੀ, ਇਹ ਛੋਟੀ ਜਿਹੀ ਕਿਤਾਬ, ਬੁੱਧ ਧਰਮ ਦੀ ਜਾਣਕਾਰੀ ਲਈ, ਆਮ ਪਾਠਕ ਲਈ, ਕਾਫੀ ਹੈ।
(6) ਪ੍ਰਾਚੀਨ ਭਾਰਤੀ ਬੁੱਧ ਧਰਮ: ਉਦਭਵ, ਸੁਭਾਅ ਅਤੇ ਪਤਨ: ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ 2007 ਵਿਚ ਲੇਖਕ, ਪ੍ਰੋ: ਕਰਮਤੇਜ ਸਿੰਘ ਸਰਾਓ ਦੁਆਰਾ ਲਿਖੀ ਗਈ ਹੈ।
ਇਸਦੇ 6 ਅਧਿਆਏ ਹਨ, ਜਿਹਨਾਂ ਵਿਚੋਂ 5 ਅਧਿਆਏ, ਉਸਦੀ ਅੰਗਰੇਜ਼ੀ ਦੀ ਪੁਸਤਕ Origin and Nature of Ancient Buddhism ਉਪਰ ਆਧਾਰਿਤ ਹਨ, ਸਿਰਫ ਇਕ ਅਧਿਆਏ “ਬੁੱਧ ਧਰਮ ਦਾ ਪਤਨ“ ਲਿਖ ਕੇ ਨਵੀਂ ਕਿਤਾਬ ਬਣਾ ਦਿੱਤੀ ਗਈ। ਮੈਂ ਇਹ ਕਿਤਾਬ ਅਜੇ ਪੜ੍ਹੀ ਨਹੀਂ, ਸਿਰਫ ਪਾਠਕਾਂ ਦੀ ਜਾਣਕਾਰੀ ਲਈ ਹੀ ਦੇ ਰਿਹਾ ਹਾਂ। ਪਰ ਵਿਭਾਗੀ ਸ਼ਬਦ ਵਿਚ ‘ਧਨਵੰਤ ਕੌਰ` ਨੇ ਲਿਖਿਆ ਹੈ ਕਿ ਇਹ ਪੁਸਤਕ ਬੁੱਧ ਦੀ ਫਿਲਾਸਫੀ ਨੂੰ ਸਮੱਗਰ ਅਤੇ ਸੰਤੁਲਿਤ ਰੂਪ ਵਿਚ ਪੇਸ਼ ਕਰਦੀ ਹੈ।
(7) ਸੰਘੋਲ ਇਕ ਭਾਸ਼ਾਈ ਅਤੇ ਸੱਭਿਅਚਾਰਕ ਸਰਵੇਖਣ: ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਲ 1980 ਵਿਚ ਇਕ ਸੰਘੋਲ ਬਾਰੇ ਸਰਵੇ ਪੁਸਤਕ ਛਾਪੀ, ਜਿਸ ਵਿਚ ਪਿੰਡ ਦੇ ਹਰ ਪਹਿਲੂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸੰਘੋਲ ਵਿਖੇ ਹੋ ਰਹੀ ਖੁਦਾਈ ਦੀਆਂ ਕੁਝ ਤਸਵੀਰਾਂ ਅਤੇ ਪ੍ਰਾਚੀਨ ਸਿੱਕਿਆਂ ਦੇ ਫੋਟੋ ਵੀ ਹਨ। ਇਸ ਪੁਸਤਕ ਤੋ ਬਾਅਦ ਸੰਘੋਲ ਬਾਰੇ ਬਹੁਤ ਸਾਰੀ ਜਾਣਕਾਰੀ ਅਤੇ ਵਿਧੀਵਤ ਤਰੀਕੇ ਨਾਲ ਹੋਈ ਖੁਦਾਈ ਤੋਂ ਬਹੁਤ ਸਾਰਾ ਬੋਧੀ ਵਿਰਸਾ ਮਿਲਿਆ ਹੈ। ਪੁਰਾਤੱਤਵ ਵਿਭਾਗ ਨੇ ਕਈ ਪੁਸਤਕਾਂ ਵੀ ਛਾਪੀਆਂ ਹਨ। ਮੈਂਵੀ ਇਕ ਪੁਸਤਿਕਾ ‘ਸੰਘੋਲ ਇਕ ਇਤਿਹਾਸਕ ਬੋਧੀ ਕੇਂਦਰ` ਛਾਪੀ ਸੀ। ਸੰਘੋਲ ਬਾਰੇ ਵਹਿਮ ਹੈ ਕਿ ਸੰਘੋਲ ਦਾ ਨਾਂ ਲੈਣਾ ਮਾੜਾ ਹੈ ਅਤੇ ਇਕ ਮੁਹਾਵਰਾ ਵੀ ਪ੍ਰਚੱਲਿਤ ਰਿਹਾ ਹੈ- ਸੰਘੋਲ ਦੇ ਪੱਥਰ ਪੈਣੇ। ਇਹ, ਜਾਂ ਤਾਂ ਸੰਘੋਲ ਦੇ ਵਾਰ-ਵਾਰ ਉਜੜਨ ਕਰਕੇ ਜਾਂ ਬੁੱਧ ਧਰਮ ਪ੍ਰਤੀ ਜੋ ਘ੍ਰਿਣਾ ਹੈ, ਉਸ ਦਾ ਪ੍ਰਤੀਕ ਹੈ। ਇਸੇ ਕਰਕੇ ਸੰਘੋਲ ਦੀ ਬਜਾਏ, ਇਸਨੂੰ ਉੱਚਾ ਪਿੰਡ ਕਿਹਾ ਜਾਂਦਾ ਹੈ। ਸੰਘੋਲ ਸ਼ਬਦ ਸੰਘ ਸ਼ਬਦ, ਜੋ ਬੁੱਧ ਸੰਘ ਦਾ ਪ੍ਰਤੀਕ ਹੈ, ਉਸ ਤੋਂ ਬਣਿਆ ਲੱਗਦਾ ਹੈ, ਇਸੇ ਕਰਕੇ ਸੰਘੋਲ ਦਾ ਨਾਂ ਲੈਣਾ ਬੁਰਾ ਸਮਝਿਆ ਜਾਂਦਾ ਹੈ ਅਤੇ ਇਲਾਕੇ ਦੇ ਲੋਕ ਇਸ ਪਿੰਡ ਨੂੰ ਸੰਘੋਲ ਦੀ ਬਜਾਏ `ਉੱਚਾ ਪਿੰਡ` ਕਹਿਣਾ ਜ਼ਿਆਦਾ
ਪਸੰਦ ਕਰਦੇ ਹਨ।
(8) ਸਾਰਨਾਥ: ਭਾਸ਼ਾ ਵਿਭਾਗ ਪੰਜਾਬ ਵੱਲੋਂ 1991 ਵਿਚ ਡਾ. ਨਵਰਤਨ ਕਪੂਰ ਦੁਆਰਾ ਲਿਖੀ, ਪੰਜਾਬੀ ਦੀ ਵੱਡਮੁਲੀ ਪੁਸਤਕ ਹੈ, ਜਿਸ ਵਿਚ ਸਾਰਨਾਥ ਦਾ ਇਤਿਹਾਸ ਅੰਕਿਤ ਹੈ।
ਇਸ ਪੜ੍ਹਨਯੋਗ ਪੁਸਤਕ ਵਿਚੋਂ ਕੁਝ ਹਵਾਲੇ ਦੇ ਰਹੇ ਹਾਂ:
“ਭਿਖਸ਼ੂਓ! ਹੁਣ ਤੁਸੀਂ ਵੱਖ-ਵੱਖ ਦਿਸ਼ਾਵਾਂ ਵੱਲ ਜਾਓ। ਤੁਹਾਡੇ ਵਿਚੋਂ ਕੋਈ ਵੀ ਦੋ ਬੰਦੇ ਇਕੱਠੇ ਨਾ ਜਾਣ। ਬਹੁਤਿਆਂ ਦੇ ਸੁੱਖ ਅਤੇ ਬਹੁਤਿਆਂ ਦੀ ਭਲਾਈ (ਬਹੁਜਨ ਸੁਖਾਯ, ਬਹੁਜਨ ਹਿਤਾਯ), ਦੇਵਤਿਆਂ ਤੇ ਮਨੁੱਖਾਂ ਦੇ ਕਲਿਆਣ ਲਈ ਤੁਸੀਂ ਤੁਰਦੇ ਫਿਰਦੇ ਰਹੋ ਅਤੇ ਸੱਚੇ ਧਰਮ ਦਾ ਉਪਦੇਸ਼ ਦਿੰਦੇ ਰਹੋ। (ਇਹ ਅਜਿਹਾ ਧਰਮ ਹੈ) ਜਿਸਦਾ ਆਦਿ, ਮੱਧ ਤੇ ਅੰਤ ਸਾਰੇ ਹੀ ਕਲਿਆਣਕਾਰੀ ਹਨ। ਤੁਸੀਂ ਲੋਕਾਂ ਨੂੰ ਸ਼ੁੱਧ ਬ੍ਰਹਮਚਰਯ ਪਾਲਣ ਤਨੋ ਹੀ ਨਹੀਂ ਸਗੋਂ ਮਨੋ ਵੀ ਭੋਗ-ਵਿਲਾਸ ਦੇ ਵਿਚਾਰਾਂ ਤੋਂ ਦੂਰ ਰਹਿਣ) ਦੀ ਸਿੱਖਿਆ ਦਿਓ।“ (ਪੰਨਾ 14)
ਫੋ-ਲੋ-ਨਈ ਅਰਥਾਤ `ਬਨਾਰਸ` (ਵਾਰਾਣਸੀ) ਦੇ ਉੱਤਰੀ ਪਾਸੇ ਫੋ-ਲੋ-ਨਾ (ਵਰੁਣਾ) ਨਦੀ ਵਗਦੀ ਹੈ, ਜਿਸਦੇ ਕੰਢੇ ਉਤੇ 10 ਲੀ (ਲੱਗਭੱਗ 3 ਕਿਲੋਮੀਟਰ) ਦੀ ਦੂਰੀ ਉਤੇ `ਕਿਆ-ਲਾਨ` ਅਰਥਾਤ ਸਾਰਨਾਥ ਹੈ। ਉਥੇ 1500 ਭਿਕਸ਼ੂ 30 ਸੰਘਾਗਮਾ ਵਿਚ ਰਹਿੰਦੇ ਹਨ। ਇਹ ਬੋਧੀਆਂ ਦੇ ਸੰਮ੍ਰਿਤੀਯ ਸੰਪ੍ਰਦਾਇ ਨਾਲ ਸਬੰਧ ਰੱਖਦੇ ਹਨ। `ਮ੍ਰਿਗ ਦਾਵ` (ਹਿਰਨਾਂ ਦੇ ਜੰਗਲ) ਦੀਆਂ ਇਮਾਰਤਾਂ ਅੱਠ ਹਿੱਸਿਆਂ ਵਿਚ ਵੰਡੀਆਂ ਹੋਈਆਂ ਹਨ। ਇਹ ਇਕੋ ਚਾਰ ਦੀਵਾਰੀ ਵਿਚ ਬਣੀਆਂ ਹੋਈਆਂ ਹਨ। ਇਸ ਅਹਾਤੇ ਦੇ ਮੱਧ ਵਿਚ ਇਕ ਵਿਸ਼ਾਲ ਬੋਧੀ ਮੰਦਿਰ ਸੀ। ਉਸਦੀ ਉਚਾਈ 200 ਫੁੱਟ ਸੀ। ਇਸ ਦੇ ਸਿਖਰ ਉਤੇ ਸੋਨੇ ਦਾ ਬਣਿਆ ਹੋਇਆ ਇਕ ਤੀਰ ਲਾਇਆ ਹੋਇਆ ਸੀ। ਮੰਦਿਰ ਦਾ ਹੇਠਲਾ ਹਿੱਸਾ ਪੱਥਰ ਦਾ ਬਣਿਆ ਹੋਇਆ ਸੀ ਅਤੇ ਕੰਧਾਂ ਇੱਟਾਂ ਨਾਲ ਤਿਆਰ ਕੀਤੀਆਂ ਗਈਆਂ ਸਨ। ਮੰਦਿਰ ਦੇ ਆਲੇ-ਦੁਆਲੇ ਇਕ ਸੌ ਚੈਤਯ (CHAPELS)) ਉਸਾਰੇ ਗਏ ਸਨ। ਇਹਨਾਂ ਸਭਨਾਂ ਉਤੇ ਸੁਨਹਿਰੀ ਤੀਰ ਧਰੇ ਹੋਏ ਸਨ ਅਤੇ ਇਨ੍ਹਾਂ ਅੰਦਰ ਸਥਾਪਤ ਦੇਵ-ਮੂਰਤੀਆਂ ਗਿਲਟ ਦੀਆਂ ਬਣੀਆਂ ਹੋਈਆਂ ਸਨ। ਵੱਡੇ ਮੰਦਿਰ ਵਿਚ ਮਹਾਤਮਾ ਬੁੱਧ ਅਤੇ ਬਹੁਤ ਸਾਰੇ ਚੇਲਿਆਂ ਦੀਆਂ ਮੂਰਤੀਆਂ ਪੱਥਰ ਦੀਆਂ ਬਣੀਆਂ ਹੋਈਆਂ ਸਨ। ਹਿਊਨਸਾਂਗ ਦਾ ਇਹ ਵਰਤਾਂਤ, ਪੁਸਤਕ ਦੇ ਪੰਨਾ 24 ਉਪਰ ਦਰਜ ਹੈ।
ਸੰਨ 1794 ਈ. ਵਿਚ ਕਾਸ਼ੀ ਦਾ ਰਾਜਾ ਜਗਤ ਸਿੰਘ ਚੂਨੇ ਦੀਆਂ ਭੱਠੀਆਂ ਲਾਉਣ ਅਤੇ ਇਕ ਬਾਜ਼ਾਰ ਬਣਵਾਉਣ ਦਾ ਚਾਹਵਾਨ ਸੀ। ਇਸ ਲਈ ਉਸਦੇ ਦੀਵਾਨ ਚੇਤ ਸਿੰਘ ਨੇ ‘ਧਰਮ-ਰਾਜਿਕਾ ਸਤੂਪ` ਦੀਆਂ ਇੱਟਾਂ ਉਖੜਵਾਈਆਂ ਤਾਂ ਉਸਨੂੰ ਹਰੇ ਰੰਗ ਦੇ ਪੱਥਰ ਦੀ ਇਕ ਸੰਦੂਕੜੀ ਵਿਚ ਹੱਡੀਆਂ ਦੇ ਕੁਝ ਟੁਕੜੇ ਮਿਲੇ। ਉਸਨੇ ਇਹ ਅਸਥੀ-ਫੁੱਲ ਗੰਗਾ ਨਦੀ ਵਿਚ ਰੁੜ੍ਹਵਾ ਦਿੱਤੇ। ਪਰ ਇਸਦੇ ਨਤੀਜੇ ਵਜੋਂ ਲੋਕਾਂ ਦਾ ਧਿਆਨ ਸਾਰਨਾਥ ਵੱਲ ਗਿਆ। ਉਤਸੁਕਤਾ ਕਾਰਨ ਕੁਝ ਲੋਕਾਂ ਨੇ ਹੋਰ ਭਵਨਾਂ ਦੀ ਪੁੱਟ-ਪੁਟਾਈ ਕਰਕੇ ਉਹਨਾਂ ਦਾ ਨਾਸ਼ ਮਾਰ ਦਿੱਤਾ। ਬਹੁਤ ਸਾਰੀਆਂ ਪੱਥਰ ਦੀਆਂ ਪ੍ਰਾਚੀਨ ਮੂਰਤੀਆਂ ਤਾਂ ਸਾਰਨਾਥ ਲਾਗੇ ਵਗਦੀ ਵਰੁਣਾ ਨਦੀ ਦੇ ਪੁਲ ਬਣਵਾਉਣ ਵੇਲੇ ਚਿਣ ਦਿੱਤੀਆਂ ਗਈਆਂ। (ਪੰਨਾ 25)
ਇਸ ਤੋਂ ਬਾਅਦ ਜਦ ਅੰਗਰੇਜ਼ਾਂ ਦਾ ਧਿਆਨ ਸਾਰਥਨਾਥ ਵੱਲ ਗਿਆ ਤਾਂ ਜੌਨਾਥਨ ਡੰਕਨ, ਕਿੱਟੋ, ਕਨਿੰਘਮ ਅਤੇ ਔਰਟੇਲ ਵਰਗੇ ਵਿਦਵਾਨਾਂ ਅਤੇ ਖੋਜੀਆਂ ਨੇ ਸਾਰਨਾਥ ਦੇ ਵਿਰਸੇ ਨੂੰ ਸੰਭਾਲਿਆ। ਸਾਰਨਾਂਥ ਵਿਚ `ਧਰਮ ਰਾਜਿਕਾ ਸਤੂਪ` ਤੋਂ ਇਲਾਵਾ ਬੁੱਧ ਨਾਲ ਸਬੰਧਤ ਹੋਰ ਥਾਵਾਂ ਜਿਵੇਂ ‘ਮੂਲ ਗੰਧ ਕੁਟੀ ਵਿਹਾਰ`, ਜਿਸਨੂੰ ਮਹਾਰਾਜਾ ਅਸ਼ੋਕ ਨੇ ਉਸ ਥਾਂ ਬਣਵਾਇਆ
ਸੀ, ਜਿੱਥੇ ਤਥਾਗਤ ਬੁੱਧ ਸਮਾਧੀ ਲਾਉਂਦੇ ਸਨ। ਚੌਖੰਡੀ ਸਤੂਪ ਉਹ ਥਾਂ ਉਤੇ ਹੈ, ਜਿੱਥੇ ਬੁੱਧ ਨੂੰ ਆਪਣੇ ਪੁਰਾਣੇ ਹਮਜੋਲੀਆਂ ਨੂੰ ਰਿਸ਼ੀ ਪਤਨ ਵਿਚ ਮਿਲੇ ਸਨ। ਇੱਥੇ ਅਠਕੋਣਾ ਸਤੂਪ ਬਣਾਇਆ ਸੀ, ਜਿਸਦਾ ਉਪਰਲਾ ਹਿੱਸਾ ਢਹਿ ਚੁੱਕਿਆ ਹੈ। ਇਹ 300 ਫੁੱਟ ਤੋਂ ਘੱਟ ਉਚਾ ਨਹੀਂ ਸੀ। ਅਜਿਹਾ ਹਿਊਨਸਾਂਗ ਨੇ ਲਿਖਿਆ ਹੈ। ‘ਧਮੇਖ ਸਤੂਪ`, ਸਾਰਨਾਥ ਦੇ ਦੱਖਣ-ਪੂਰਬੀ ਪਾਸੇ ਸਥਿਤ ਹੈ। ਧਮੇਖ ਸਤੂਪ ਦੀ ਉਸਾਰੀ ਈਸਾ ਦੇ ਜਨਮ ਤੋਂ 250 ਵਰ੍ਹੇ ਪਹਿਲਾਂ ਕਰਵਾਈ ਗਈ ਸੀ। ਇਹ ਸਤੂਪ 143 ਫੁੱਟ ਉਚਾ ਅਤੇ 100 ਫੁੱਟ ਚੌੜਾ ਹੈ। ਇਥੋਂ ਬਹੁਤ ਸਾਰੀਆਂ ਮੂਰਤੀਆਂ ਮਿਲੀਆਂ ਹਨ, ਜਿਹਨਾਂ ਵਿਚ ਬੋਧੀਸੱਤਵ ਦੀ ਖੜ੍ਹੀ ਮੂਰਤੀ ਅਤੇ ਤਾਰਾ ਦੇਵੀ ਦੇ ਤਿੰਨ ਸਿਰਾਂ ਵਾਲੀ ਮੂਰਤੀ ਵੀ ਮਿਲੀ ਹੈ। ਇਹ ਕਿਤਾਬ ਭਾਵੇਂ ਛੋਟੀ ਹੈ, ਪਰ ਗਿਆਨ ਦਾ ਭੰਡਾਰ ਹੈ। ਇੱਥੇ ਅਸੀਂ ਕੁਝ ਕੁ ਹਵਾਲੇ ਹੀ ਦਿੱਤੇ ਹਨ। ਪੂਰੀ ਕਿਤਾਬ ਪੜ੍ਹਨੀ ਚਾਹੀਦੀ ਹੈ।
(9) ਬੁੱਧ ਦਾ ਧੱਮਪਦ : ਭਾਸ਼ਾ ਵਿਭਾਗ ਪੰਜਾਬ ਵੱਲੋਂ ਸੰਨ 2003 ਵਿਚ `ਬੁੱਧ ਦੇ ਧੱਮਪਦ` ਨਾਮਕ ਕਿਤਾਬ ਛਾਪੀ, ਜਿਸ ਵਿਚ ਪ੍ਰੋ. ਹਰਨਾਮ ਦਾਸ ਨੇ ਧੱਮਪਦ ਦੀਆਂ ਪਾਲੀ ਗਾਥਾਵਾਂ ਨੂੰ
`ਪੰਜਾਬੀ ਕਾਵਿ-ਸ਼ੈਲੀ` ਵਿਚ ਢਾਲ ਕੇ ਪੇਸ਼ ਕੀਤਾ ਹੈ। ਉਹਨਾਂ ਦੀ ਬੇਟੀ ਡਾ. ਅੰਮ੍ਰਿਤ ਕੌਰ ਰੈਣਾ ਨੇ ਇਸ ਦਾ ਸੰਪਾਦਨ ਕਰਦੇ ਹੋਏ ਭੂਮਿਕਾ ਵਿਚ ਲਿਖਿਆ ਹੈ ਕਿ ਧੱਮਪਦ ਦਾ ਇਹ ਪੰਜਾਬੀ
ਕਾਵਿ-ਅਨੁਵਾਦ ਹੈ। ਪ੍ਰੋ. ਹਰਨਾਮ ਦਾਸ ਦੇ ਸ਼ਬਦਾਂ ਵਿਚ, “ਪੁਸਤਕ ਨੂੰ ਚੌਬਰਗਿਆਂ ਵਿਚ ਪੇਸ਼ ਕਰਦੇ ਹੋਏ, ਕੇਵਲ ਅੱਖਰੀ ਉਲਥਾ ਨਹੀਂ ਕੀਤਾ ਗਿਆ ਸਗੋਂ ਲੋੜ ਅਨੁਸਾਰ ਸੀਮਿਤ ਹੱਦਾਂ ਦੇ ਅੰਦਰ ਕੁਝ ਨਾ ਕੁਝ ਵਿਆਖਿਆ ਵਾਲੇ ਨੋਟ ਵੀ ਦਿੱਤੇ ਗਏ ਹਨ ਪਰ ਉਹਨਾਂ ਨੂੰ ਅਸਲ ਵਿਸ਼ੇ ਦੀ ਗੁੰਜਾਇਸ਼ ਤੋਂ ਪਰ੍ਹੇ ਨਹੀਂ ਜਾਣ ਦਿੱਤਾ ਗਿਆ।” ਧੱਮਪਦ ਦੇ 26 ਵੱਗ (ਭਾਗ) ਹਨ ਅਤੇ 423 ਗਾਥਾਵਾਂ ਹਨ। ਪਰ ਪਤਾ ਨਹੀਂ ਕਿਉਂ, ਇਸ ਪੁਸਤਕ ਵਿਚ 23 ਵੱਗਾਂ ਅਤੇ 327 ਗਾਥਾਵਾਂ ਦਾ ਹੀ ਜ਼ਿਕਰ ਹੈ। ਹੋ ਸਕਦਾ ਹੈ, ਪ੍ਰੋ. ਹਰਨਾਮ ਦਾਸ ਜੀ ਆਪਣੇ ਜੀਵਨ ਵਿਚ, ਇਹ ਕੰਮ ਪੂਰਾ ਨਾ ਕਰ ਸਕੇ ਹੋਣ। ਕੁਝ ਨਮੂਨੇ ਹੇਠਾਂ ਦਰਜ ਹਨ:
ਸੁਖੰਖ ਵਤ ਜੀਵਾਮ ਆਤੁਰੇਸੁ ਅਨਾਤੁਰਾ
ਆਤੁਰੇਸੁ ਮਨੁੱਮੇਸ਼ ਵਿਹਰਾਮ-ਅਨਾਤੁਰਾ।।198।। (ਪਾਲੀ)
ਸਦਾ ਅਰੋਗੀ ਬਣਕੇ ਰਹੀਏ ਬੀਮਾਰਾਂ ਵਿਚਕਾਰ। ਸਦਾ ਸਾਂਤ ਮਨ ਬਣ ਕੇ ਰਹੀਏ ਆਤਰ ਜਨ ਵਿਚਕਾਰ। ਸਦਾ ਉਨ੍ਹਾਂ ਦੀ ਸੇਵਾ ਕਰੀਏ ਛੱਡ ਕੇ ਸਭ ਹੰਕਾਰ। ਜੱਗ ਦਾ ਬਹੁਤਾ ਕਰ ਲਵਾਂਗੇ ਆਪਣੇ ਆਪ ਸੁਧਾਰ। (ਪੰਜਾਬੀ)
ਫੰਦਨੰ ਚਪਲੰ ਚਿਤੰ, ਦੂਰਕਬੰ ਦੁੱਨਿਵਾਰਯ।
ਉਜੰ ਕਰੋਤਿ ਮੇਧਾਵੀ, ਉਸੁਕਾਰੋ ਵ ਤੇਜਨੰ।।331 (ਪਾਲੀ)
ਤੀਰ ਬਨਾਵਣ ਵਾਲਾ ਜੀਕਣ ਤੀਰ ਨੂੰ ਸਿੱਧਾਂ ਰੱਖਦੈ। ਬੁੱਧੀਵਾਨ ਚਿੱਤ ਆਪਣੇ ਤਾਈਂ ਈਕਣ ਵੱਸ ਵਿਚ ਕਰਦੇ। ਬੁੱਧੀਵਾਨ ਚਿੱਤ ਆਪਣੇ ਤਾਈਂ ਰੱਖਦੈ ਸਿਮਰਨ ਵਿਚ ਨਿੱਤ। ਅਤੇ ਈਕਣ ਉਸਨੂੰ ਚੰਚਲ ਸ਼ੋਖ ਨਾ ਹੋਵਣ ਦਿੰਦੈ। (ਪੰਜਾਬੀ) ਇਹ ਪੁਸਤਕ ਵੀ ਪੰਜਾਬੀ ਬੋਧੀ ਸਾਹਿਤ ਵਿਚ ਨਿਵੇਕਲਾ ਰੂਪ ਹੈ।
ਬੁੱਧ ਚਰਿਤ : ਭਾਸ਼ਾ ਵਿਭਾਗ ਪੰਜਾਬ ਵੱਲੋਂ ਅਸ਼ਵਘੋਸ਼ ਦੁਆਰਾ ਲਿਖੀ `ਬੁੱਧ ਚਰਿਤ` ਪੁਸਤਕ 1996 ਵਿਚ ਛਾਪੀ ਗਈ ਸੀ। ਸੰਸਕ੍ਰਿਤ ਵਿਚ ਰਚੀ ਗਈ, ਇਸ ਪ੍ਰਾਚੀਨ ਬੁੱਧ ਕਥਾ ਨੂੰ ਪੰਜਾਬੀ ਗਦ ਵਿਚ ਅਨੁਵਾਦ ਕਰਨ ਦਾ ਸਿਹਰਾ ਪ੍ਰੋ. ਪ੍ਰੀਤਮ ਸਿੰਘ `ਰਾਹੀ` ਨੂੰ ਜਾਂਦਾ ਹੈ। ਮਹਾਂਕਵੀ ਅਸ਼ਵਘੋਸ਼ ਨੇ ਪ੍ਰਾਚੀਨ ਕਾਲ ਵਿਚ ਬੁੱਧ ਦੇ ਜੀਵਨ-ਚਰਿਤ ਅਤੇ ਉਨ੍ਹਾਂ ਦੇ ਉਪਦੇਸ਼ਾ ਨੂੰ ਬਿਆਨਿਆ ਸੀ ਕਿ “ਬੁੱਧ ਦੇ ਸ਼ਾਸਤਰ ਅਨੁਸਾਰ ਚੱਲ ਕੇ, ਬੁੱਧ ਦੇ ਪ੍ਰਤੀ ਸ਼ਰਧਾ ਹੋਣ ਕਾਰਨ ਲੋਕ-ਸ਼ਾਂਤੀ ਅਤੇ ਲੋਕ ਹਿੱਤ ਲਈ ਇਹ ਕਾਵਿ ਰਚਨਾ ਕੀਤੀ ਹੈ ਨਾ ਕਿ ਕਲਾ ਜਾਂ ਪੰਡਤਾਈ ਦੇ ਪ੍ਰਦਰਸ਼ਨ ਲਈ ਕੀਤਾ ਗਿਆ ਹੈ।” (ਪੰਨਾ 227)
ਜਲੰਧਰ: ਭਾਸ਼ਾ ਵਿਭਾਗ ਪੰਜਾਬ ਨੇ 1987 ਵਿਚ ‘ਜਲੰਧਰ` ਦੀ ਜਾਣਕਾਰੀ ਦੇਣ ਲਈ ਪ੍ਰੋ. ਦਰਸ਼ਨ ਸਿੰਘ ਦੁਆਰਾ ਲਿਖਤ ਇਕ ਪੁਸਤਿਕਾ ਛਾਪੀ ਸੀ। ਇਸ ਵਿਚ ਜਲੰਧਰ ਦਾ ਪ੍ਰਾਚੀਨ ਸੰਖੇਪ ਇਤਿਹਾਸ ਦਿੱਤਾ ਗਿਆ ਹੈ। ਪੁਰਾਣਕ ਕਥਾ ਦੇ ਅਨੁਸਾਰ ‘ਜਲੰਧਰ` ਸ਼ਹਿਰ ਦਾ ਨਾਂ ਇਕ ਦੈਂਤ ਦੇ ਨਾਂ ਉਪਰ ਰੱਖਿਆ ਗਿਆ ਹੈ। ਜਿਸਨੇ ਆਪਣਾ ਰਾਜ ਸਥਾਪਤ ਕਰਨ ਲਈ ਇੰਦਰ ਲੋਕ ਜਿੱਤ ਲਿਆ। ਇੰਦਰ ਨੇ ਸ਼ਿਵ ਜੀ ਅਤੇ ਵਿਸ਼ਨੂੰ ਦੀ ਸਹਾਇਤਾ ਨਾਲ ਮੁੜ ਰਾਜ ਪ੍ਰਾਪਤ ਕਰਨ ਲਈ ਜਲੰਧਰ ਦੇ ਰਾਜੇ ਉਪਰ ਹਮਲਾ ਕਰਕੇ ਮਾਰ ਮੁਕਾਇਆ ਅਤੇ ਉਸ ਦੀ ਪਤਨੀ ਵਿੰਦ੍ਰਾ ਦਾ ਸਤ ਭੰਗ ਕਰ ਦਿੱਤਾ। ਅੱਜ ਵੀ ਵਿੰਦ੍ਰਾ ਦਾ ਮੰਦਿਰ ਜਲੰਧਰ ਰੇਲਵੇ ਸਟੇਸ਼ਨ ਦੇ ਨੇੜੇ ਹੈ। ਇੱਥੇ ਇਕ ਪ੍ਰਾਚੀਨ ਤਲਾਬ ਵੀ ਸੀ, ਜੋ ਬਹੁਤ ਨੀਵਾਂ ਸੀ।
ਏਸ਼ੀਆ ਦਾ ਚਾਨਣ : ਸਰ ਐਡਵਿਨ ਆਰਨਲਡ ਨੇ ਇਕ ਵਿਸ਼ਵ ਪ੍ਰਸਿੱਧ ਪੁਸਤਕ ਲਿਖੀ `ਦੀ ਲਾਈਟ ਆਫ ਏਸ਼ੀਆ` ਜਿਸ ਦਾ ਦੋ ਵਿਦਵਾਨਾਂ ਪ੍ਰੋ. ਮੋਹਨ ਸਿੰਘ ਨੇ ਕਾਵਿਤਾ ਦੇ ਰੂਪ ਵਿਚ ਅਤੇ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਕਾਵਿ-ਮਈ ਵਾਰਤਕ ਵਿਚ ‘ਏਸ਼ੀਆ ਦਾ ਚਾਨਣ` ਨਾਂ ਹੇਠ ਅਨੁਵਾਦ ਕੀਤਾ ਅਤੇ ਛਪਵਾਇਆ। ਸਰ ਐਡਵਿਨ ਆਰਨਲਡ ਦਾ ਸਥਾਨ, ਬੋਧੀ ਪ੍ਰੰਪਰਾ ਵਿਚ ਬਹੁਤ ਉੱਚਾ ਹੈ ਕਿਉਂਕਿ ਉਸ ਦੀ ਇਸ ਕਿਤਾਬ ਨੇ ਵਿਸ਼ਵ ਭਰ ਵਿਚ ਲੋਕਾਂ ਨੂੰ ਬੁੱਧ ਤੇ ਧੱਮ ਪ੍ਰਤੀ ਨਾ ਸਿਰਫ ਜਾਗਰੂਕ ਕੀਤਾ ਬਲਕਿ ਸ਼ਰਧਾਲੂ ਬਣਾ ਦਿੱਤਾ। ਏਨਾ ਹੀ ਨਹੀਂ ਸਰ ਐਡਵਿਨ ਆਰਨਲਡ ਨੇ ਸ੍ਰੀਲੰਕਾ ਦੇ ਬੋਧੀ ਭਿਕਸ਼ੂ ਅਨਾਗਰਿਕ ਧੱਮ ਪਾਲ ਨਾਲ ਮਿਲ ਕੇ ਬੁੱਧ ਗਯਾ ਮੰਦਿਰ ਦੀ ਮੁੜ ਉਸਾਰੀ, ਵਿਕਾਸ ਅਤੇ ਪ੍ਰਬੰਧ ਨੂੰ ਲੈ ਕੇ, ਮਹੱਤਵਪੂਰਨ ਯੋਗਦਾਨ ਪਾਇਆ ਸੀ। ਦੋਵੇਂ ਅਨੁਵਾਦ ਪੜ੍ਹਨਯੋਗ ਹਨ, ਖਾਸ ਕਰਕੇ ਉਨ੍ਹਾਂ ਦੀਆਂ ਭੂਮਿਕਾਵਾਂ। ਹੁਣ ਜਦ ਮੈਂ, ਇਹ ਲੇਖ ਲਿਖ ਰਿਹਾ ਹਾਂ ਤੇਰੇ ਸਾਹਮਣੇ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਕਿਤਾਬ ‘ਏਸ਼ੀਆ ਦਾ ਚਾਨਣ` ਦਾ ਚੌਥਾ ਐਡੀਸ਼ਨ, ਜੋ 1973 ਵਿਚ ਛਪਿਆ ਸੀ, ਪਿਆ ਹੈ, ਜਿਸ ਦੀ ਭੂਮਿਕਾ, ਮਾਡਲ ਟਾਊਨ, ਲਾਹੌਰ ਵਿਖੇ 1 ਦਸੰਬਰ 1937 ਨੂੰ ਲਿਖੀ ਗਈ ਹੈ, ਉਸ ਵਿਚ ਉਹ ਲਿਖਦੇ ਹਨ ਕਿ `ਇਹ ਕਿਤਾਬ ਮੈਂ, ਪਹਿਲੀ ਵਾਰੀ, ਕੋਈ ਵੀਹ ਵਰ੍ਹੇ ਹੋਏ (ਯਾਨੀ 1917) ਵਿਚ ਈਰਾਨ ਵਿਚ ਇਕ ਅਮਰੀਕਨ ਪਾਦਰੀ ਕੋਲੋਂ ਮੰਗ ਕੇ ਪੜ੍ਹੀ ਸੀ। ਉਸਦੇ ਬਾਅਦ ਅਮਰੀਕਾ ਵਿਚ ਪ੍ਰੀਤ-ਕਲੱਬ ਦੇ ਮੈਂਬਰਾਂ ਨੂੰ ਪੜ੍ਹ ਕੇ ਸੁਣਾਇਆ ਕਰਦਾ ਸਾਂ। ਕਈ ਅਮਰੀਕਨਾਂ ਨੇ ਮੈਨੂੰ ਇਹ ਆਖਿਆ ਸੀ ਕਿ ਉਹ ਇਸ ਪੁਸਤਕ ਨੂੰ ਆਪਣੀ ‘ਅੰਜੀਲ` ਸਮਝਣ ਲੱਗ ਪਏ ਸਨ। ਬੁੱਧ ਮੱਤ ਦੇ ਲੋਕ ਪ੍ਰਵਾਨ ਹੋਣ ਦਾ ਵੱਡਾ ਸਬੂਤ ਇਹ ਹੈ ਕਿ ਅੱਜ ਕਿਸੇ ਥਾਂ ਵੀ ਬੋਧੀ ਗੁਲਾਮ ਨਹੀਂ ਹਨ। ਪਿੱਛੇ ਹਨ ਜਾਂ ਅੱਗੇ, ਪਰ ਕਿਸੇ ਦੇ ਅਧੀਨ ਨਹੀਂ ਹਨ।
ਮਹਾਤਮਾ ਬੁੱਧ ਦਾ ਹੇਠਲਾ ਉਪਦੇਸ਼ ਹਿਰਦੇ ਵਿਚ ਪਰੋ ਕੇ ਰੱਖਣ ਵਾਲਾ ਹੈ :-
“ਮੰਗੋ ਕੁਝ ਨਾ! ਹਨੇਰਾ ਲਿਸ਼ਕ ਨਹੀਂ ਸਕਦਾ!
ਖਾਮੋਸ਼ੀ ਅੱਗੇ ਬੇਨਤੀ ਨਾ ਕਰੋ, ਕਿਉਂਕਿ ਇਹ ਬੋਲ ਨਹੀਂ ਸਕਦੀ!
ਆਪਣੇ ਸੋਗੀ ਮਨਾਂ ਨੂੰ ਧਾਰਮਿਕ ਕਸ਼ਟਾਂ ਨਾਲ ਦੁਖੀ ਨਾ ਕਰੋ।
ਆਹ, ਭਰਾਵੋ ਤੇ ਭੈਣੋ!
ਸਹਾਇਤਾ-ਹੀਣ ਦੇਵਤਿਆਂ ਕੋਲੋਂ ਭਜਨਾਂ ਤੇ ਭੇਟਾਂ ਨਾਲ ਮੰਗੋ ਕੁਝ ਨਾ!
ਨਾ ਲਹੂ ਨਾਲ ਰਿਸ਼ਵਤ ਦਿਓ, ਨਾ ਫਲਾਂ ਪ੍ਰਸ਼ਾਦਾਂ ਨਾਲ ਰਿਝਾਓ;
ਆਪਣੇ ਅੰਦਰੋਂ ਮੁਕਤੀ ਲੱਭਣੀ ਹੋਵੇਗੀ,
ਹਰ ਕੋਈ ਆਪਣੇ ਬਣਾਏ, ਬੰਦੀ-ਖਾਨੇ ਵਿਚ ਵਸਦਾ ਹੈ।”
ਕਿਸੇ ਬੋਧੀ ਭਿਕਸ਼ੂ ਦੇ ਮੂੰਹੋਂ ਕਹਿਲਾਈ ਗਈ, ਬੁੱਧ ਵਾਣੀ ਬਹੁਤ ਸੁੰਦਰ ਦ੍ਰਿਸ਼ ਪੇਸ਼ ਕਰਦੀ ਹੈ। ਜਦੋਂ ਬੁੱਧ ਨੂੰ ਗਿਆਨ ਪ੍ਰਾਪਤ ਹੋਇਆ, ਉਸ ਸਮੇਂ ਦਾ ਵਾਣੀ-ਚਿਤ੍ਰ ਇਸ ਪ੍ਰਕਾਰ ਹੈ:
“ਹੁਣ ਉਹ ਉੱਠੇ- ਨੂਰੋ ਨੂਰ, ਪ੍ਰਸੰਨ, ਤਕੜੇ-ਬ੍ਰਿਛ ਹੇਠ, ਤੇ ਆਪਣੀ ਆਵਾਜ਼ ਨੂੰ ਉਚਿਆਂ ਕਰ ਕੇ, ਸਾਰਿਆਂ ਸਮਿਆਂ ਨੂੰ ਤੇ ਸਾਰੀਆਂ ਦੁਨੀਆਂ ਨੂੰ ਸੁਣਾਨ ਲਈ”, ਉਨ੍ਹਾਂ ਆਖਿਆ :-
ਜਿੰਦਗੀ ਦੇ ਅਨੇਕਾਂ ਘਰਾਂ ਨੇ ਮੈਨੂੰ ਕੈਦ ਰੱਖਿਆ, ਮੈਂ ਸਦਾ ਉਸੇ ਨੂੰ ਢੂੰਡਦਾ ਰਿਹਾ, ਜਿਸ ਇਹ ਸੁਰਤੀਆਂ ਦਾ ਸੋਗਾਂ ਭਰਿਆ ਬੰਦੀਖਾਨਾ ਸਾਜਿਆ, ਮੇਰੀ ਅਮੁੱਕ ਘਾਲ ਪੀੜਾਂ ਨਾਲ ਭਰਪੂਰ ਸੀ!
ਪਰ ਹੁਣ, ਤੂੰ ਏਸ ਪੂਜ ਅਸਥਾਨ ਦੇ ਬਣਾਨ ਵਾਲੇ- ਤੂੰ! ਮੈਂ ਤੈਨੂੰ ਜਾਣ ਲਿਆ ਹੈ! ਫੇਰ ਕਦੇ ਨਹੀਂ ਤੂੰ ਉਸਾਰ ਸਕੇਂਗਾ, ਇਹ ਦੁੱਖ ਦੀਆਂ ਕੰਧਾਂ, ਨਾ ਹੀ ਧੋਖਿਆਂ ਦੀ ਛੱਤ ਉਪਰ ਪਾ ਸਕੇਂਗਾ,
ਤੇ ਨਾ ਹੀ ਮਿੱਟੀ ਉਤੇ ਨਵੀਆਂ ਕੜੀਆਂ; ਟੁੱਟ ਗਿਆ ਹੈ ਤੇਰਾ ਘਰ, ਤੇ ਕੁੜਕ ਗਿਆ ਹੈ ਇਸਦਾ ਸ਼ਤੀਰ! ਮਾਯਾ ਨੇ ਜਿਹੜਾ ਬਣਾਇਆ ਸੀ! ਸੁਤੰਤਰ ਮੈਂ ਇੱਥੋਂ ਨਿਕਲਦਾ ਹਾਂ- ਮੁਕਤੀ ਪ੍ਰਾਪਤ ਕਰਨ ਲਈ।
ਦੋਵੇਂ ਅਨੁਵਾਦ ਪੜ੍ਹਨਯੋਗ ਹਨ, ਵਾਰ-ਵਾਰ ਪੜ੍ਹਨਯੋਗ ਹਨ।
ਬੁੱਧ ਧਰਮ ਦਾ ਸਾਰ : ਦੱਖਣੀ ਭਾਰਤ ਦੇ ਪ੍ਰਸਿੱਧ ਵਿਦਵਾਨ, ਸਮਾਜ ਸੁਧਾਰਕ ਅਤੇ ਬੋਧੀ ਸ਼ਰਧਾਲੂ ਪ੍ਰੋਫੈਸਰ ਲਕਸ਼ਮੀ ਨਰਸੂ ਨੇ The Essence of Buddhism ਪੁਸਤਕ ਲਿਖੀ ਸੀ, ਜਿਸਦੇ ਕਈ ਐਡੀਸ਼ਨ, ਇੰਗਲਿਸ਼, ਹਿੰਦੀ ਅਤੇ ਪੰਜਾਬੀ ਵਿਚ ਛਪ ਚੁੱਕੇ ਹਨ, ਇਸ ਪੁਸਤਕ ਦੀ ਭੂਮਿਕਾ ਲਿਖਦੇ ਹੋਏ, ਬਾਬਾ ਸਾਹਿਬ ਨੇ ਕਿਹਾ ਸੀ, “ਪਿਛਲੇ ਕੁਝ ਸਮੇਂ ਤੋਂ ਭਾਰਤ ਦੇ ਵੱਖ-ਵੱਖ ਇਲਾਕਿਆਂ ਦੇ ਲੋਕ ਮੈਥੋਂ ਬੁੱਧ ਧਰਮ ਬਾਰੇ ਕਿਸੇ ਚੰਗੇ ਗ੍ਰੰਥ ਦੀ ਜਾਣਕਾਰੀ ਦੀ ਮੰਗ ਕਰ ਰਹੇ ਸਨ। ਉਹਨਾਂ ਦੀ ਇੱਛਾ ਪੂਰੀ ਕਰਨ ਲਈ ਪ੍ਰੋ. ਨਰਸੂ ਦੇ ਇਸ ਗ੍ਰੰਥ ਦੀ ਸਿਫਾਰਸ਼ ਕਰਨ ਲੱਗਿਆਂ ਮੈਨੂੰ ਜ਼ਰਾ ਜਿੰਨਾ ਵੀ ਸੰਕੋਚ ਨਹੀਂ। ਮੈਂ ਸੋਚਦਾ ਹਾਂ ਕਿ ਹੁਣ ਤੱਕ ਬੁੱਧ ਧਰਮ ਨਾਲ ਸਬੰਧਤ ਲਿਖੇ ਗਏ ਸਾਰੇ ਗ੍ਰੰਥਾਂ ਵਿਚੋਂ ਵਧੀਆ ਹੈ।” ਇਹ ਸ਼ਬਦ, ਉਹਨਾਂ ਨੇ, ਇਸ ਗ੍ਰੰਥ ਦੇ ਤੀਜੇ ਐਡੀਸ਼ਨ ਦੀ ਭੂਮਿਕਾ ਲਿਖਦੇ ਹੋਏ, 10 ਮਾਰਚ 1948 ਨੂੰ ਕਹੇ ਸਨ। ਇਹ ਕਿਤਾਬ ਪੜ੍ਹਨਯੋਗ ਹੈ। ਵਾਰ ਵਾਰ ਪੜ੍ਹਨਯੋਗ ਹੈ। ਤਾਈਵਾਨ ਦੀ ਸੰਸਥਾ The corporate Body of the Buddha educational foundation ਭੰਤੇ ਡਾ. ਅਨੰਦ ਕੌਸੰਲਿਆਯਨ ਦੁਆਰਾ ਕੀਤਾ ਹੋਇਆ, ਅਨੁਵਾਦ ਵੀ ਛਾਪਿਆ ਹੈ। ਯੂ. ਕੇ. ਤੋਂ ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਆਫ ਗ੍ਰੇਟ ਬ੍ਰਿਟੇਨ ਦੇ ਸਹਿਯੋਗ ਨਾਲ ਸ੍ਰੀ ਤਰਸੇਮ ਲਾਲ ਚਾਹਲ ਨੇ, ਪੰਜਾਬੀ ਵਿਚ ‘ਬੁੱਧ ਧਰਮ ਦਾ ਸਾਰ ਕਿਤਾਬ ਛਾਪੀ ਹੈ। ਬਹੁਤ ਚੰਗਾ ਉਦਮ ਹੈ। ਪਰ ਇਸ ਕਿਤਾਬ ਵਿਚ ਅਨੁਵਾਦ ਅਤੇ ਪਰੂਫ ਰੀਡਿੰਗ ਵਿਚ ਉਕਾਈਆਂ ਰਹਿ ਗਈਆਂ ਹਨ। ਇਸ ਵਿਚੋਂ ਕੁਝ ਹਵਾਲੇ ਦੇ ਰਿਹਾ ਹਾਂ:
ਰਹਿਮ ਅਤੇ ਲੋੜ, ਸਭ ਨੂੰ ਇਕ-ਮਿੱਕ ਕਰਦੇ ਹਨ, ਖੂਨ ਦੀ ਕੋਈ ਜਾਤ ਨਹੀਂ, ਇਸਦਾ ਰੰਗ ਇਕੋ ਹੈ, ਹੰਝੂਆਂ ਦੀ ਕੋਈ ਜਾਤ ਨਹੀਂ, ਜੋ ਲੂਣ ਤੁਬਕਦੇ ਹਨ, ਸਭ ਲਈ, ਨਾ ਮਨੁੱਖ ਹੀ ਆਉਂਦਾ ਹੈ, ਜਗ ਵਿਚ, ਮੱਥੇ ਉਪਰ ਠੱਪਾ ਲਗਵਾ ਕੇ, ਤਿਲਕ ਦਾ, ਨਾ ਹੀ ਗਲੇ ਵਿਚ ਜਨੇਉ ਪਾਈ, ਕੁਸ਼ਲ ਕਰਮਾਂ ਦਾ ਧਾਰਨੀ ਦਵਿੱਜ ਹੈ, ਅਕੁਸ਼ਲ ਕਰਮਾਂ `ਚ ਮਗਨ ਕੁਕਰਮੀ ਹੈ।”
“ਸੁਆਹ ਅਤੇ ਸੋਨੇ ਵਿਚਕਾਰ ਸਪੱਸ਼ਟ ਅੰਤਰ ਹੈ ਲੇਕਿਨ ਇਕ ਬ੍ਰਾਹਮਣ ਤੇ ਚੰਡਾਲਿਕਾ ਵਿਚਕਾਰ ਕੋਈ ਅੰਤਰ ਨਹੀਂ ਹੈ। ਇਕ ਬ੍ਰਾਹਮਣ ਦੋ ਲੱਕੜਾਂ ਨੂੰ ਰਗੜ ਕੇ ਅੱਗ ਪੈਦਾ ਕਰਨ ਵਾਂਗ ਪੈਦਾ ਨਹੀਂ ਹੁੰਦਾ, ਉਹ ਅਸਮਾਨ ਤੋਂ ਨਹੀਂ ਉਤਰਦਾ, ਨਾ ਹੀ ਹਵਾ `ਚੋਂ ਜਾਂ ਧਰਤੀ ਦੀ ਕੁੱਖ `ਚੋਂ ਨਿਕਲਦਾ ਹੈ। ਬ੍ਰਾਹਮਣ ਵੀ ਇਕ ਚੰਡਾਲ ਦੀ ਤਰ੍ਹਾਂ ਹੀ ਔਰਤ ਦੀ ਕੁੱਖ `ਚੋਂ ਜਨਮ ਲੈਂਦਾ ਹੈ। ਤਮਾਮ ਮਨੁੱਖਾਂ ਦੇ ਅੰਗ ਵੀ ਬਿਲਕੁਲ ਇਕੋ ਭਾਂਤ ਦੇ ਹਨ। ਕਿਸੇ ਪੱਖੋਂ ਵੀ ਭੋਰਾ ਫਰਕ ਨਹੀਂ। ਤਾਂ ਇਹ ਕਿਵੇਂ ਮੰਨਿਆ ਜਾ ਸਕਦਾ ਹੈ ਕਿ ਉਹ ਅਲੱਗ ਜਿਣਸ ਹੈ?”
ਹੋਰ ਵੀ ਬਹੁਤ ਸਾਰੀਆਂ ਪੁਸਤਕਾਂ ਹੋ ਸਕਦੀਆਂ ਹਨ ਜਾਂ ਹੋਰ ਵੀ ਬਹੁਤ ਸਾਰੀਆਂ ਰਚਨਾਵਾਂ ਹੋ ਸਕਦੀਆਂ ਹਨ ਜੋ ਪੰਜਾਬੀ ਭਾਸ਼ਾ ਦੇ ਬੋਧੀ ਸਾਹਿਤ ਨੂੰ ਅਮੀਰ ਬਣਾਉਂਦੀਆਂ ਹੋਣ ਜਾਂ ਪੰਜਾਬ ਦੇ ਉਨ੍ਹਾਂ ਲੇਖਕਾਂ ਦੀਆਂ ਰਚਨਾਵਾਂ ਨੂੰ ਵੀ ਇਸੇ ਦਾਇਰੇ ਵਿਚ ਰੱਖਿਆ ਜਾ ਸਕਦਾ ਹੈ। ਉਨ੍ਹਾਂ ਦਾ ਵੇਰਵਾ ਵੀ ਦੇਣਾ ਜ਼ਰੂਰੀ ਹੋ ਜਾਂਦਾ ਹੈ। ਹੇਠਾਂ ਕੁਝ ਰਚਨਾਵਾਂ ਦੀ ਸੂਚੀ ਦਰਜ ਕਰ ਰਹੇ ਹਾਂ :
(1) ਬੁੱਧ ਜੀ ਦਾ ਧਿਆਨੀ ਬੁੱਤ (ਕਵਿਤਾ), ਲੇਖਕ ਪੂਰਨ ਸਿੰਘ, ਪੁਸਤਕ- ਪੂਰਨ ਸਿੰਘ ਜੀਵਨੀ ਅਤੇ ਕਵਿਤਾ।
(2) ਕਪਿਲਵਸਤੂ ਦੀ ਯਸ਼ੋਧਰਾ ਦੇ ਸਵਾਮੀ (ਕਵਿਤਾ), ਲੇਖਕ- ਪ੍ਰੀਤਮ ਸਿੰਘ ਸਫ਼ੀਰ, ਪੁਸਤਕ- ਅਗੰਮ ਅਗੋਚਰ।
(3) ਅਮਨ ਦਾ ਪੈਗੰਬਰ (ਕਵਿਤਾ), ਲੇਖਕ ਪ੍ਰੱਬਜੋਤ ਕੌਰ।
(4) ਸੂਰਜ ਹਿੰਦੋਸਤਾਨ ਦਾ (ਕਵਿਤਾ), ਲੇਖਕ ਸੁੱਖਪਾਲਵੀਰ ਹਸ਼ਰਤ, ਪੁਸਤਕ- ਹਸ਼ਰਤ ਕਾਵਿ।
(5) ਬੁੱਧਮ ਸਰਣਮ ਗਛਾਮਿ (ਰੇਡੀਓ ਨਾਟਕ), ਲੇਖਕਕਰਤਾਰ ਸਿੰਘ ਦੁੱਗਲ।
(6) ਗੋਰੀ ਤੇ ਭਗਵਾਨ ਬੁੱਧ (ਨਿੱਕੀ ਕਹਾਣੀ), ਲੇਖਕਗੁਰਬਖਸ਼ ਸਿੰਘ ਪ੍ਰੀਤਲੜੀ, ਪੁਸਤਕ- ਪ੍ਰੀਤ ਕਹਾਣੀਆਂ।
(7) ਮਹਾਤਮਾ ਬੁੱਧ (ਜੀਵਨੀ), ਲੇਖਕ- ਗੁਰਾਂਦਿੱਤਾ ਖੰਨਾ, ਕੁਲਦੀਪ ਪ੍ਰੈਸ, ਅੰਮ੍ਰਿਤਸਰ।
(8) ਸਿਧਾਰਥ ਦੀ ਵਾਪਸੀ (ਕਵਿਤਾ), ਲੇਖਕ- ਸਹਰਯਾਰ।
(9) ਸਿਧਾਰਥ ਕੀ ਵਾਪਸੀ (ਕਵਿਤਾ), ਲੇਖਕ- ਗੁਲਜ਼ਾਰ, ਪੁਸਤਕ- ਰਾਤ ਪਸ਼ਮੀਨੇ ਕੀ।
(10) (ੳ) ਪਾਲੀ ਤੇ ਪੰਜਾਬੀ (ਲੇਖ), ਲੇਖਕ- ਰੋਸ਼ਨ ਲਾਲ ਅਹੂਜਾ,
(ਅ) ਕਲਿੰਗਾਂ ਦਾ ਦੁਖਾਂਤ- ਲੇਖਕ- ਰੋਸ਼ਨ ਲਾਲ ਅਹੂਜਾ, ਕਸਤੂਰੀ ਲਾਲ ਐਂਡ ਸੰਨਜ਼, ਅੰਮ੍ਰਿਤਸਰ।
(11) ਬੁੱਧ ਦੀ ਕਹਾਣੀ- ਲੇਖਕ- ਅਜਾਇਬ ਚਿੱਤ੍ਰਕਾਰ, ਲਾਹੌਰ ਬੁੱਕ ਸ਼ਾਪ, ਲੁਧਿਆਣਾ।
(12) ਬੁੱਧ ਜਾਤਕ ਕਥਾਵਾਂ (ਪੰਜਾਬੀ ਕਵਿਤਾ ਵਿਚ ਸਾਰ-ਸੰਗ੍ਰਹਿ), ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ।
(13) ਨੌਜੁਆਨ ਵਰਗ ਲਈ ਬੁੱਧ- (ਅਨੁਵਾਦ), ਦਲਵੀਰ ਸਿੰਘ, ਨੈਸ਼ਨਲ ਬੁੱਕ ਟਰੱਸਟ ਇੰਡੀਆ ( ਦਿੱਲੀ)
(14) ਗੌਤਮ ਦੀ ਵਾਪਸੀ (ਕਵਿਤਾ), ਲੇਖਕ- ਸੁਖਵਿੰਦਰ, ਪੁਸਤਕ- ਲੱਕੜ ਦੀਆਂ ਮੱਛੀਆਂ।
ਮੇਰੇ ਖਿਆਲ ਅਨੁਸਾਰ ਅਜੇ ਵੀ ਇਹ ਅਧਿਆਇ ਅਧੂਰਾ ਹੈ ਅਤੇ ਸਦਾ ਅਧੂਰਾ ਰਹੇਗਾ। ਬੁੱਧ ਉਪਰ ਏਨਾ ਸਾਹਿਤ ਰਚਿਆ ਗਿਆ ਹੈ ਅਤੇ ਰਚਿਆ ਜਾ ਰਿਹਾ ਹੈ ਕਿ ਇਹ ਸੂਚੀ ਦਿਨ-ਬ-ਦਿਨ ਲੰਬੀ ਹੁੰਦੀ ਜਾਵੇਗੀ। ਹਰੇਕ ਪਾਠਕ ਨੂੰ ਇਹ ਲਿਸਟ ਖੁਦ ਪੂਰੀ ਕਰਨੀ ਪਵੇਗੀ, ਇਹੀ ਮੇਰਾ ਸੁਝਾਓ ਹੈ।