ਪੰਕਜਾ ਮੁੰਡੇ ਨੇ ਟਵਿੱਟਰ ਬਾਇਓ ਤੋਂ ਵੀ ਹਟਾਇਆ ਭਾਜਪਾ ਦਾ ਨਾਂ

ਭਾਰਤੀ ਜਨਤਾ ਪਾਰਟੀ ਦੀ ਆਗੂ ਪੰਕਜਾ ਮੁੰਡੇ ਨੇ ਹੁਣ ਆਪਣੇ ਟਵਿੱਟਰ ਬਾਇਓ ਤੋਂ ਵੀ ਆਪਣੀ ਪਾਰਟੀ ਦਾ ਨਾਂ ਹਟਾ ਦਿੱਤਾ ਹੈ। ਇਸ ਤੋਂ ਪਹਿਲਾਂ ਉਸ ਨੇ ਮਹਾਰਾਸ਼ਟਰ ਵਿੱਚ ਬਦਲੇ ਸਿਆਸੀ ਸਮੀਕਰਨ ਮਗਰੋਂ ਆਪਣੇ ਭਵਿੱਖ ਦੇ ਸਫ਼ਰ ਬਾਰੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਨਵੀਂ ਚਰਚਾ ਛੇੜ ਦਿੱਤੀ ਸੀ।
ਹਾਲ ਹੀ ਵਿੱਚ 28 ਨਵੰਬਰ ਨੂੰ ਕੀਤੇ ਤਿੰਨ ਟਵੀਟਸ ਰਾਹੀਂ ਪੰਕਜਾ ਮੁੰਡੇ ਨੇ ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਊਧਵ ਠਾਕਰੇ ਨੂੰ ਮੁਬਾਰਕਬਾਦ ਦਿੱਤੀ, ਪਰ ਸ਼ਿਵ ਸੈਨਾ, ਰਾਸ਼ਟਰਵਾਦੀ ਕਾਂਗਰਸ ਪਾਰਟੀ ਤੇ ਕਾਂਗਰਸ ਦੀ ਸਰਕਾਰ ਨੂੰ ਨਹੀਂ। ਅੱਜ ਇਸ ਭਾਜਪਾ ਆਗੂ ਨੇ ਸ਼ਬਦ ‘ਭਾਜਪਾ’ ਅਤੇ ਆਪਣੇ ਸਿਆਸੀ ਸਫ਼ਰ ਦੀ ਜਾਣਕਾਰੀ ਸਣੇ ਆਪਣੇ ਟਵਿੱਟਰ ਬਾਇਓ ਤੋਂ ਸਾਰੇ ਵੇਰਵੇ ਹਟਾ ਦਿੱਤੇ ਹਨ। ਉਹ ਪਿਛਲੀ ਫੜਨਵੀਸ ਸਰਕਾਰ ’ਚ ਮੰਤਰੀ ਸੀ। ਇਸ ਤੋਂ ਪਹਿਲਾਂ ਐਤਵਾਰ ਨੂੰ ਫੇਸਬੁੱਕ ’ਤੇ ਪਾਈ ਪੋਸਟ ਰਾਹੀਂ ਉਸ ਨੇ ਆਪਣੇ ਸਮਰਥਕਾਂ ਨੂੰ 12 ਦਸੰਬਰ ਨੂੰ ਆਪਣੇ ਪਿਤਾ ਦੇ ਜਨਮ ਦਿਵਸ ਮੌਕੇ ਗੋਪੀਨਾਥਗੜ੍ਹ ਪਹੁੰਚਣ ਦਾ ਸੱਦਾ ਦਿੱਤਾ ਸੀ।
ਉੱਧਰ, ਮੀਡੀਆ ’ਚ ਪੰਕਜਾ ਮੁੰਡੇ ਵੱਲੋਂ ਭਾਜਪਾ ਛੱਡੇ ਜਾਣ ਸਬੰਧੀ ਆ ਰਹੀਆਂ ਖ਼ਬਰਾਂ ਨੂੰ ਰੱਦ ਕਰਦਿਆਂ ਭਾਜਪਾ ਦੀ ਮਹਾਰਾਸ਼ਟਰ ਇਕਾਈ ਦੇ ਪ੍ਰਧਾਨ ਚੰਦਰਕਾਂਤ ਪਾਟਿਲ ਨੇ ਅੱਜ ਕਿਹਾ ਕਿ ਪੰਕਜਾ ਪਾਰਟੀ ਨਹੀਂ ਛੱਡ ਰਹੀ ਹੈ।

Previous articleਬੁਲੇਟ ਟਰੇਨ ਪ੍ਰਾਜੈਕਟ ਦੀ ਸਮੀਖਿਆ ਕਰਾਂਗੇ: ਊਧਵ ਠਾਕਰੇ
Next articleਭਾਰਤ ਨੇ ਸੋਨ ਤਗ਼ਮੇ ਨਾਲ ਖਾਤਾ ਖੋਲ੍ਹਿਆ