(ਸਮਾਜ ਵੀਕਲੀ)
ਲੰਡਨ, ਰਾਜਵੀਰ ਸਮਰਾ : ਪੰਜਾਬੀ ਵਿਦਵਾਨ ਅਤੇ ਪ੍ਰਮੁੱਖ ਕਾਲਮ ਨਵੀਸ ਪ੍ਰੋਫੈਸਰ ਸ਼ਿੰਗਾਰਾ ਸਿੰਘ ਢਿੱਲੋਂ ਦੀ ਲਿਖੀ ਕਿਤਾਬ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸ਼ਵ ਨੂੰ ਸੱਚੀ ਸ਼ਰਧਾ ਵਜੋਂ ਸਮਰਪਿਤ ” ਤਾਰੀਖ਼ ਬੋਲਦੀ ਹੈ – ਗਾਥਾ ਕਰਤਾਰਪੁਰ ਲਾਂਘੇ ਦੀ” (History Speaks – The Tale of Kartarpur Corridor) ਬੀਤੇ ਦਿਨੀਂ ਯੂ.ਕੇ. ਦੇ ਪ੍ਰਮੁੱਖ ਟੀ. ਵੀ. ਚੈਨਲ ਕੇ ਟੀ ਵੀ (KTV) ਦੇ ਸਟੂਡੀਓ ਵਿਖੇ ਬਹੁਤ ਹੀ ਸਾਦੇ ਅਤੇ ਪ੍ਰਭਾਵਸ਼ਾਲੀ ਸੰਕੇਤਕ ਸਮਾਗਮ ਦੌਰਾਨ ਕੀਤੀ ਗਈ । ਇਹ ਪੁਸਤਕ ਜਿੱਥੇ 1947 ਦੀ ਵੰਡ ਤੋਂ ਬਾਅਦ ਲਹਿੰਦੇ ਅਤੇ ਚੜ੍ਹਦੇ ਪੰਜਾਬ ਨੂੰ ਜੋੜਨ ਵਾਲੇ ਇਤਿਹਾਸਕ ਕਰਤਾਰਪੁਰ ਲਾਘੇ ਦੀ ਗਾਥਾ ਨੂੰ ਤਫ਼ਸੀਲ ਚ ਬਿਆਨ ਕਰਦੀ ਹੈ ਉਥੇ 1947 ਦੀ ਵੰਡ ਅਤੇ ਉਸ ਦੌਰਾਨ ਹੋਏ ਖ਼ੂਨ ਖ਼ਰਾਬੇ ਦੇ ਅਸਲ ਕਾਰਨਾਂ ਦਾ ਵੀ ਖੁਲਾਸਾ ਕਰਦੀ ਹੈ।
ਇਸ ਕਿਤਾਬ ਦੇ ਟਾਈਟਲ ਨੂੰ ਸੰਸਾਰ ਪ੍ਰਸਿੱਧ ਚਿੱਤਰਕਾਰ ਸ ਸਰੂਪ ਸਿੰਘ ਨੇ ਬਹੁਤ ਮੁਸ਼ਕਤ ਨਾਲ ਤਿਆਰ ਕੀਤਾ ਹੈ । ਇਸ ਅਤਿ ਸੁੰਦਰ ਤੇ ਦਿਲਖਿਚਵੇਂ ਟਾਇਟਲ ਦੀ ਚੌਪਾਸਿਓਂ ਭਰਪੂਰ ਪਰਸੰਸਾ ਹੋ ਰਹੀ ਹੈ।
ਇਥੇਇਹ ਵਰਣਨ ਯੋਗ ਹੈ ਕਿ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇ ਪ੍ਰਕਾਸ਼ ਪੁਰਬ ਮੌਕੇ ਪ੍ਰੋਫੈਸਰ ਸ਼ਿੰਗਾਰਾ ਸਿੰਘ ਢਿੱਲੋਂ ਨੇ ਨਵ ਪ੍ਰਕਾਸ਼ਿਤ ਪੁਸਤਕ ” ਗਾਥਾ ਕਰਤਾਰਪੁਰ ਲਾਘੇ “ਸਮੁੱਚੀ ਮਨੁੱਖਤਾ ਦੀ ਝੋਲੀ ਪਾਉਣਾ ਪੰਜਾਬੀ ਉਪਾਸ਼ਕਾ ਵਲੋਂ ਮਨੁੱਖਤਾ ਦੀ ਸੇਵਾ ਦੇ ਕੁੰਭ ਵਿਚ ਅਹਿਮ ਯੋਗਦਾਨ ਮੰਨਿਆ ਜਾ ਰਿਹਾ ਹੈ ।ਇਹ ਪੁਸਤਕ ਸਿੱਖ ਇਤਿਹਾਸ ਤੇ ਪੰਜਾਬ ਦੇ ਇਤਿਹਾਸ ਆਪਣੀ ਕਿਸਮ ਦੀ ਪਹਿਲੀ ਪੁਸਤਕ ਹੈ ਜਿਸ ਦੀ ਅੱਜਕਲ ਦੇਸ਼ ਵਿਦੇਸ਼ ਵਿੱਚ ਬਹੁਤ ਚਰਚਾ ਹੋ ਰਹੀ ਹੈ ।
ਕਿਸੇ ਭਲੇ ਸਮੇਂ ਜਲੰਧਰ ਤੋਂ ਪ੍ਰਕਾਸ਼ਿਤ ਹੁੰਦੇ ਰੋਜ਼ਾਨਾ ਅਕਾਲੀ ਪਤ੍ਰਿਕਾ ਵਿਚ ਉੱਪ ਸੰਪਾਦਕ ਰਹੇ ਪ੍ਰੋਫੈਸਰ ਸ਼ਿੰਗਾਰਾ ਸਿੰਘ ਢਿੱਲੋਂ ਦੀ ਇਹ ਅਠਾਰਵੀਂ ਕਿਤਾਬ ਹੈ । ਇਥੇ ਇਹ ਵਰਣਨ ਯੋਗ ਹੈ ਕਿ ਪ੍ਰੋਫੈਸਰ ਢਿੱਲੋਂ ਦੀ ਹਰੇਕ ਲਿਖਤ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਦੀ ਸੱਚੇ ਦਿਲੋਂ ਕੀਤੀ ਜਾ ਰਹੀ ” ਕਾਰ ਸੇਵਾ ” ਵਿਚ ਮਹੱਤਵਪੂਰਨ ਅਸਥਾਨ ਰਖਦੀ ਹੈ ।