ਨਵੀਂ ਦਿੱਲੀ (ਸਮਾਜਵੀਕਲੀ) : ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਕਿਹਾ ਕਿ ਕਾਂਗਰਸ ਪਾਰਟੀ ਨਾਲ ਸਬੰਧਤ ‘ਤਾਕਤਵਾਰ’ ਆਗੂ ਨੇ ਪ੍ਰਿਯੰਕਾ ਗਾਂਧੀ ਵਾਡਰਾ ਵੱਲੋਂ ਖਾਲੀ ਕੀਤਾ ਜਾਣ ਵਾਲਾ ਬੰਗਲਾ ਕਾਂਗਰਸ ਦੇ ਹੀ ਇਕ ਸੰਸਦ ਮੈਂਬਰ ਨੂੰ ਅਲਾਟ ਕੀਤੇ ਜਾਣ ਦੀ ਅਪੀਲ ਕੀਤੀ ਸੀ ਤਾਂ ਕਿ ਪ੍ਰਿਯੰਕਾ ਇਸ ਬੰਗਲੇ ਵਿੱਚ ਰਹਿ ਸਕੇ। ਉਧਰ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੇ ਹਵਾਲੇ ਨਾਲ ਅਜਿਹੀ ਕੋਈ ਅਪੀਲ ਨਹੀਂ ਕੀਤੀ ਗਈ ਤੇ ਊਹ ਸਰਕਾਰ ਦੇ ਕਹੇ ਮੁਤਾਬਕ 1 ਅਗਸਤ ਤਕ ਲੋਧੀ ਐਸਟੇਟ ਸਥਿਤ 35 ਨੰਬਰ ਬੰਗਲਾ ਖਾਲੀ ਕਰ ਦੇਵੇਗੀ।
ਪੁਰੀ ਨੇ ਪ੍ਰਿਯੰਕਾ ਗਾਂਧੀ ਦੇ ਇਸ ਜਵਾਬ ਦਾਅਵੇ ਮਗਰੋਂ ਕਿਹਾ ਕਿ ਉੁਨ੍ਹਾਂ ਨਾਲ ਰਾਬਤਾ ਕਰਨ ਵਾਲਾ ਵਿਅਕਤੀ ‘ਕਾਂਗਰਸ ਪਾਰਟੀ ਵਿੱਚ ਬਹੁਤ ਸਿਖਰਲੇ ਪੱਧਰ ’ਤੇ ਹੈ’ ਤੇ ਇਸ ਅਪੀਲ ਮਗਰੋਂ ਸਰਕਾਰ ਨੇ ਪ੍ਰਿਯੰਕਾ ਗਾਂਧੀ ਨੂੰ ਉਸ ਬੰਗਲੇ ਵਿੱਚ ਦੋ ਮਹੀਨੇ ਹੋਰ ਰਹਿਣ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਹੈ। ਚੇਤੇ ਰਹੇ ਕਿ ਸਰਕਾਰ ਨੇ 1 ਜੁਲਾਈ ਨੂੰ ਜਾਰੀ ਨੋਟਿਸ ਵਿੱਚ ਪ੍ਰਿਯੰਕਾ ਗਾਂਧੀ ਨੂੰ ਅਗਲੇ ਇਕ ਮਹੀਨੇ ਅੰਦਰ ਬੰਗਲਾ ਖਾਲੀ ਕਰਨ ਲਈ ਆਖ ਦਿੱਤਾ ਸੀ। ਨੋਟਿਸ ਮੁਤਾਬਕ ਸੁਰੱਖਿਆ ਘੇਰਾ ਘਟਾਏ ਜਾਣ ਮਗਰੋਂ ਪ੍ਰਿਯੰਕਾ ਇਸ ਬੰਗਲੇ ਲਈ ਯੋਗ ਨਹੀਂ ਰਹੀ।