ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ’ਤੇ ਨਿਸ਼ਾਨਾ ਸਾਧਦਿਆਂ ‘ਨਾਟਕਬਾਜ਼ੀ’ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਕਾਂਗਰਸ ਲਈ ਵੋਟਾਂ ਨਹੀਂ ਖਿੱਚ ਸਕਣਗੀਆਂ ਤੇ ਪਾਰਟੀ ਲਈ ਜੋ ਬਚਿਆ ਵੀ ਹੈ, ਉਹ ਵੀ ਖ਼ਤਮ ਹੋ ਜਾਵੇਗਾ। ਹਿੰਦੀ ’ਚ ਕੀਤੇ ਟਵੀਟ ਵਿਚ ਕੇਸ਼ਵ ਨੇ ਕਿਹਾ ਕਿ ਪ੍ਰਿਯੰਕਾ ਦੇ ਵਿਹਾਰ ਤੋਂ ਲੱਗਦਾ ਹੈ ਕਿ ਕਾਂਗਰਸ ‘ਦੰਗਾ ਕਰਾਓ ਪਾਰਟੀ’ ਬਣ ਗਈ ਹੈ। ਕਾਂਗਰਸ ਨੂੰ ਯੂਪੀ ’ਚ ਸ਼ਾਂਤੀ ਤੇ ਵਿਕਾਸ ਹਜ਼ਮ ਨਹੀਂ ਹੋ ਰਿਹਾ ਹੈ। ਯੂਪੀ ਹਿੰਦੂ-ਮੁਸਲਿਮ ਏਕਤਾ ਦਾ ਪ੍ਰਤੀਕ ਹੈ। ਆਪਣਾ ਸਿਆਸੀ ਭਵਿੱਖ ਹਨੇਰੇ ਵਿਚ ਦੇਖ ਕਾਂਗਰਸ ਤੇ ਸਮਾਜਵਾਦੀ ਪਾਰਟੀ ਸ਼ਾਂਤੀ ਭੰਗ ਕਰ ਰਹੇ ਹਨ। ਉਪ ਮੁੱਖ ਮੰਤਰੀ ਨੇ ਕਿਹਾ ਕਿ ਯੂਪੀ ਵਿਚ ਹਰ ਕੋਈ ਜਾਣਦਾ ਹੈ ਕਿ ਕਾਂਗਰਸ ਵਿਚ ਸਿਰਫ਼ ਉਹ ਮੈਂਬਰ ਹਨ ਜੋ ਫੋਟੋਆਂ ਖਿਚਵਾਉਣ ਦੇ ਸ਼ੌਕੀਨ ਹਨ। ਪੂਰੇ ਮੁਲਕ ਨੂੰ ਸੋਧੇ ਨਾਗਰਿਕਤਾ ਐਕਟ ਬਾਰੇ ਗੁਮਰਾਹ ਕਰ ਕੇ ਕਾਂਗਰਸ ਖ਼ਲਨਾਇਕ ਬਣ ਗਈ ਹੈ। ਜ਼ਿਕਰਯੋਗ ਹੈ ਕਿ ਕਾਂਗਰਸੀ ਆਗੂ ਨੂੰ ਸ਼ਨਿਚਰਵਾਰ ਉੱਤਰ ਪ੍ਰਦੇਸ਼ ਪੁਲੀਸ ਨੇ ਗ੍ਰਿਫ਼ਤਾਰ ਸਾਬਕਾ ਆਈਪੀਐੱਸ ਦੇ ਘਰ ਜਾਣ ਤੋਂ ਰੋਕਿਆ ਸੀ। ਬਾਅਦ ’ਚ ਪ੍ਰਿਯੰਕਾ ਨੇ ਪੁਲੀਸ ’ਤੇ ਖਿੱਚ-ਧੂਹ ਕਰਨ ਤੇ ਗਲਾ ਦਬਾਉਣ ਦੇ ਦੋਸ਼ ਲਾਏ ਸਨ।
INDIA ਪ੍ਰਿਯੰਕਾ ਦੀ ‘ਨਾਟਕਬਾਜ਼ੀ’ ਵੋਟਾਂ ਨਹੀਂ ਖਿੱਚ ਸਕੇਗੀ: ਮੌਰਿਆ