ਸੰਘ ਦੀ ਕਾਂਗਰਸ ਪ੍ਰਤੀ ਸੁਰ ਨਰਮ

ਆਜ਼ਾਦੀ ਦੇ ਅੰਦੋਲਨ ’ਚ ਪਾਰਟੀ ਵੱਲੋਂ ਨਿਭਾਈ ਭੂਮਿਕਾ ਦੀ ਕੀਤੀ ਪ੍ਰਸ਼ੰਸਾ

ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੇ ਮੁਖੀ ਮੋਹਨ ਭਾਗਵਤ ਨੇ ਅੱਜ ਕਿਹਾ ਕਿ ਉਨ੍ਹਾਂ ਦਾ ਸੰਗਠਨ ਹਿੰਦੂ ਸਮਾਜ ਨੂੰ ਇਕਜੁੱਟ ਕਰਨ ਅਤੇ ਚਰਿੱਤਰ ਨਿਰਮਾਣ ਵਿਚ ਜੁਟਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸੰਘ ਦੇਸ਼ ਦੇ ਹਰ ਪਿੰਡ ਅਤੇ ਗਲੀ ਵਿੱਚ ਚੰਗੇ ਸਵੈਮ ਸੇਵਕ ਬਣਾਉਣਾ ਚਾਹੁੰਦਾ ਹੈ। ਇਥੇ ਵਿਗਿਆਨ ਭਵਨ ਵਿੱਚ ‘ਭਵਿੱਖ ਦਾ ਭਾਰਤ: ਆਰਐਸਐਸ ਦਾ ਦਿ੍ਸ਼ਟੀਕੋਣ’ ਵਿਸ਼ੇ ’ਤੇ ਕਰਵਾਏ ਤਿੰਨ ਦਿਨਾਂ ਸਮਾਗਮ ਦੇ ਪਹਿਲੇ ਦਿਨ ਸ੍ਰੀ ਭਾਗਵਤ ਨੇ ਸੰਘ ਦੇ ਵਿਸ਼ੇ ਵਿੱਚ ਵਿਸਥਾਰਤ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਕਾਂਗਰਸ ਪਾਰਟੀ ਪ੍ਰਤੀ ਆਪਣੀ ਸੁਰ ਨਰਮ ਰੱਖੀ। ਸੰਘ ਦੇ ਬਾਨੀ ਡਾ. ਹੇਗੜੇਵਾਰ ਦੇ ਵਿਚਾਰਾਂ ਦਾ ਜ਼ਿਕਰ ਕਰਦਿਆਂ ਸ੍ਰੀ ਭਾਗਵਤ ਨੇ ਕਿਹਾ ਕਿ ਸੰਘ ਇਕ ਪ੍ਰਣਾਲੀ ਵਿਗਿਆਨ ਹੈ। ਉਨ੍ਹਾਂ ਸੰਘ ਨੂੰ ਲੋਕਤੰਤਰਿਕ ਸੰਗਠਨ ਦਸਦਿਆਂ ਕਿਹਾ ਕਿ ਇਥੇ ਹਰ ਵਰਕਰ ਦੀ ਗੱਲ ਸੁਣੀ ਜਾਂਦੀ ਹੈ। ਇਥੇ ਰਿਮੋਟ ਕੰਟਰੋਲ ਵਰਗਾ ਕੁਝ ਨਹੀਂ ਹੈ। ਇਹ ਸਮਾਗਮ ਕੌਮੀ ਰਾਜਧਾਨੀ ਦਿੱਲੀ ਵਿੱਚ ਕਰਵਾਏ ਜਾਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਸੰਸਥਾ ਚਾਹੁੰਦੀ ਹੈ ਕਿ ਲੋਕ ਉਸ ਦੇ ਕੰਮ ਨੂੰ ਸਮਝਣ। ਸੰਘ ਵੱਲੋਂ ਕੀਤੇ ਕੰਮ ਦੀ ਕਿਸੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਆਰ ਐਸ ਐਸ ਦਾ ਮੁੱਖ ਉਦੇਸ਼ ਸਮਾਜ ਦਾ ਸੁਧਾਰ ਕਰਨਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਰਐਸਐਸ ਵਰਕਰ ਪੂਰੇ ਸਮਾਜ ਨੂੰ ਆਪਣਾ ਸਮਝਦੇ ਹਨ। ਸੰਘ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦਾ ਹੈ। ਸੰਘ ਮੁਖੀ ਨੇ ਕਿਹਾ ਕਿ ਕਾਂਗਰਸ ਨੇ ਸੁਤੰਤਰਤਾ ਅੰਦੋਲਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਭਾਰਤ ਨੂੰ ਕਈ ਮਹਾਨ ਵਿਅਕਤੀ ਦਿੱਤੇ। ਭਾਰਤ ਦੀ ਵਿਭਿੰਨਤਾ ਫੁੱਟ ਦਾ ਕਾਰਨ ਨਹੀਂ, ਸਗੋਂ ਇਸਦਾ ਸਤਿਕਾਰ ਕਰਨਾ ਤੇ ਉਤਸਵ ਮਨਾਉਣਾ ਚਾਹੀਦਾ ਹੈ। ਆਪਣੇ 80 ਮਿੰਟ ਦੇ ਭਾਸ਼ਣ ਵਿੱਚ ਉਹ ਕਈ ਮੁੱਦਿਆਂ ’ਤੇ ਬੋਲੇ। ਸਮਾਗਮ ਵਿੱਚ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਵੀ ਸੱਦਿਆ ਗਿਆ ਸੀ, ਪਰ ਉਨ੍ਹਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ ਹੈ।

Previous articleMumbai Congress demands quota for north Indians
Next articleBengal celebrates Vishwakarma Puja