ਜਲੰਧਰ (ਸਮਾਜਵੀਕਲੀ): ਪੰਜਾਬ ਦੇ ਪੰਜ ਹਜ਼ਾਰ ਤੋਂ ਵੱਧ ਪ੍ਰਾਈਵੇਟ ਹਸਪਤਾਲਾਂ ਨੇ ਅੱਜ ਸਵੇਰ ਤੋਂ ਸ਼ਾਮ 8 ਵਜੇ ਤਕ ਹੜਤਾਲ ਕੀਤੀ ਤੇ ਕਿਸੇ ਵੀ ਮਰੀਜ਼ ਦੀ ਜਾਂਚ ਨਹੀਂ ਕੀਤੀ। ਇਹ ਹੜਤਾਲ ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਕਲੀਨਿਕਲ ਅਸਟੈਬਲਿਸ਼ਮੈਂਟ ਆਰਡੀਨੈਂਸ ਵਿਰੁੱਧ ਕੀਤੀ ਗਈ। ਇਸ ਦੌਰਾਨ ਧਰਨੇ ਵਿਚ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਦਾ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਵੀ ਸਾਥ ਦਿੱਤਾ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਰੋਸ ਵਜੋਂ ਕਾਲੇ ਬਿੱਲੇ ਬੰਨ੍ਹੇ ਹੋਏ ਸਨ। ਹੜਤਾਲ ਦੌਰਾਨ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਨੇ ਪਹਿਲਾਂ ਸਿਵਲ ਹਸਪਤਾਲ ਵਿਚ ਖੂਨਦਾਨ ਕੀਤਾ।
ਜਲੰਧਰ ਸ਼ਹਿਰ, ਜਿਸ ਨੂੰ ਹਸਪਤਾਲਾਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ, ਵਿਚ ਅੱਜ 500 ਤੋਂ ਵੱਧ ਹਸਪਤਾਲ ਬੰਦ ਰਹੇ। ਇਸ ਕਾਰਨ ਮਰੀਜ਼ ਹਾਲੋਂ-ਬੇਹਾਲ ਹੁੰਦੇ ਰਹੇ। ਮਰੀਜ਼ ਸਰਕਾਰੀ ਹਸਪਤਾਲਾਂ ਦੇ ਗੇੜੇ ਮਾਰਦੇ ਰਹੇ, ਜਿੱਥੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ।
ਹੜਤਾਲ ਦਾ ਸੱਦਾ ਦੇਣ ਵਾਲੀ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਦੇ ਸੂਬਾ ਪ੍ਰਧਾਨ ਡਾ. ਨਵਜੋਤ ਸਿੰਘ ਦਾਹੀਆ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ 26 ਜੂਨ ਨੂੰ ਵੀਡੀਓ ਕਾਨਫਰੰਸ ਕਰਨ ਦਾ ਸੱਦਾ ਦਿੱਤਾ ਹੈ। ਇਸ ਦੌਰਾਨ ਸਰਕਾਰ ਦਾ ਰਵੱਈਆ ਦੇਖਿਆ ਜਾਵੇਗਾ ਤੇ ਉਸ ਤੋਂ ਬਾਅਦ ਹੀ ਅਗਲਾ ਐਕਸ਼ਨ ਪ੍ਰੋਗਰਾਮ ਐਲਾਨਿਆ ਜਾਵੇਗਾ।
(ਆਈਐੱਮਏ) ਦੀ ਸਾਂਝੀ ਐਕਸ਼ਨ ਕਮੇਟੀ ਦੇ ਮੁਖੀ ਡਾਕਟਰ ਰਾਕੇਸ਼ ਵਿੱਗ ਅਤੇ ਮੀਡੀਆ ਇੰਚਾਰਜ ਡਾ. ਵਿਜੈ ਮਹਾਜਨ ਨੇ ਦੱਸਿਆ ਕਿ ਕਮੇਟੀ ਨੇ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀ ਕਿ ਜੇ 13 ਜੂਨ ਤਕ ਪੰਜਾਬ ਸਰਕਾਰ ਨੇ ਇਹ ਆਰਡੀਨੈਂਸ ਵਾਪਸ ਲੈਣ ਬਾਰੇ ਫ਼ੈਸਲਾ ਨਾ ਲਿਆ ਤਾਂ 23 ਜੂਨ ਨੂੰ ਸੂਬੇ ਭਰ ਦੇ ਪ੍ਰਾਈਵੇਟ ਹਸਪਤਾਲ ਸਿਹਤ ਸਹੂਲਤਾਂ ਠੱਪ ਕਰ ਦੇਣਗੇ।
ਉਨ੍ਹਾਂ ਦੱਸਿਆ ਕਿ 13 ਜੂਨ ਮਗਰੋਂ ਪੰਜਾਬ ਸਰਕਾਰ ਨੇ ਜਥੇਬੰਦੀ ਦੀ ਮੰਗ ’ਤੇ ਕੋਈ ਅਮਲ ਨਹੀਂ ਕੀਤਾ, ਜਿਸ ਕਾਰਨ ਮਜਬੂਰਨ ਉਨ੍ਹਾਂ ਨੂੰ ਹੜਤਾਲ ਕਰਨੀ ਪਈ ਹੈ। ਉਨ੍ਹਾਂ ਕਿਹਾ ਕਿ ਇਸ ਬਿੱਲ ਨਾਲ ਹਸਪਤਾਲਾਂ ਵਿਚ ਸਰਕਾਰੀ ਦਖ਼ਲਅੰਦਾਜ਼ੀ ਵਧ ਜਾਵੇਗੀ ਤੇ ਭ੍ਰਿਸ਼ਟਾਚਾਰ ਵਧੇਗਾ।