- ਵਿਦੇਸ਼ ਦੌਰੇ ਤੋਂ ਇਲਾਵਾ ਚੋਣ ਸਮਿਤੀ ਦਾ ਚੇਅਰਮੈਨ ਹੀ ਸਮਿਤੀ ਦੀ ਮੀਟਿੰਗ ਸੱਦੇਗਾ। ਕੋਈ ਵੀ ਅਹੁਦੇਦਾਰ ਜਾਂ ਸੀਈਓ ਕਿ੍ਕਟ ਸਮਿਤੀ ਦੀ ਮੀਟਿੰਗ ਵਿੱਚ ਹਿੱਸਾ ਨਹੀਂ ਲਏਗਾ।
- ਸਬੰਧਤ ਚੋਣ ਸਮਿਤੀਆਂ ਜਾਂ ਪ੍ਰਸ਼ਾਸਨਿਕ ਪ੍ਰਬੰਧਨ ਨੂੰ ਮੀਟਿੰਗ ਦਾ ਵਿਸਥਾਰਤ ਬਿਓਰਾ ਤਿਆਰ ਕਰਨਾ ਹੋਵੇਗਾ। ਟੀਮ ਦੀ ਚੋਣ ਜਾਂ ਬਦਲਾਅ ਦੇ ਐਲਾਨ ਬਾਅਦ ਚੇਅਰਮੈਨ ਸਕੱਤਰ ਨੂੰ ਇਸ ਦੀ ਜਾਣਕਾਰੀ ਦੇਵੇਗਾ।
- ਚੋਣ ਸਮਿਤੀ ਨੂੰ ਕਿਸੇ ਚੋਣ ਜਾਂ ਬਦਲਾਅ ਜਾਂ ਬਦਲ ਲਈ ਸਕੱਤਰ ਜਾਂ ਸੀਈਓ ਤੋਂ ਮਨਜ਼ੂਰੀ ਦੀ ਲੋੜ ਨਹੀਂ ਹੈ।
- ਸੀਈਓ ਚੋਣਕਾਰਾਂ ਦੇ ਮੈਚ ਦੇਖਣ ਲਈ ਯਾਤਰਾ ਅਤੇ ਹੋਰ ਇੰਤਜ਼ਾਮ ਦੇਖੇਗਾ।
ਸੁਪਰੀਮ ਕੋਰਟ ਵੱਲੋਂ ਨਿਯੁਕਤ ਲੋਢਾ ਸਮਿਤੀ ਦੇ ਸੁਧਾਰਾਂ ਨੂੰ ਲਾਗੂ ਕਰਨ ਦੀ ਦਿਸ਼ਾ ਵਿੱਚ ਪ੍ਰਸ਼ਾਸਕਾਂ ਦੀ ਸਮਿਤੀ(ਸੀਓਏ)ਨੇ ਵੀਰਵਾਰ ਨੂੰ ਨਿਰਦੇਸ਼ ਦਿੱਤਾ ਕਿ ਹੁਣ ਬੀਸੀਸੀਆਈ ਸਕੱਤਰ ਦੀ ਥਾਂ ਚੋਣ ਸਮਿਤੀ ਦਾ ਚੇਅਰਮੈਨ ਚੋਣ ਸਬੰਧੀ ਮੀਟਿੰਗਾਂ ਸੱਦੇਗਾ। ਵਿਦੇਸ਼ ਦੌਰਿਆਂ ਲਈ ਮੀਟਿੰਗ ਪ੍ਰਸ਼ਾਸਨਿਕ ਪ੍ਰਬੰਧਕ ਸੱਦਣਗੇ। ਹੁਕਮਾਂ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਹੁਣ ਸਕੱਤਰ ਕਿਸੇ ਚੋਣ ਮੀਟਿੰਗ ਵਿੱਚ ਹਿੱਸਾ ਨਹੀਂ ਲਏਗਾ ਅਤੇ ਨਾ ਹੀ ਉਸ ਦੀ ਸਹਿਮਤੀ ਦੀ ਲੋੜ ਹੋਵੇਗੀ। ਪੁਰਾਣੇ ਸੰਵਿਧਾਨ ਤਹਿਤ ਚੋਣ ਸਮਿਤੀ ਸਕੱਤਰ ਦੇ ਕਾਰਜਖੇਤਰ ਵਿੱਚ ਆਉਂਦੀ ਸੀ, ਪਰ ਇਸ ਫੈਸਲੇ ਦੇ ਬਾਅਦ ਸਕੱਤਰ ਦੇ ਅਧਿਕਾਰ ਸੀਮਤ ਹੋ ਜਾਣਗੇ। ਸੀਓਏ ਨੇ ਕਿਹਾ, ‘‘ਪ੍ਰਸ਼ਾਸਕਾਂ ਦੀ ਸਮਿਤੀ ਨੂੰ ਦੱਸਿਆ ਗਿਆ ਹੈ ਕਿ ਬੀਸੀਸੀਆਈ ਦਾ ਨਵਾਂ ਸੰਵਿਧਾਨ ਲਾਗੂ ਹੋਣ ਦੇ ਬਾਵਜੂਦ ਚੋਣ ਸਮਿਤੀ ਦੀਆਂ ਮੀਟਿੰਗਾਂ ਸਕੱਤਰ ਸੱਦ ਰਿਹਾ ਸੀ। ’’ ਇਸ ਵਿੱਚ ਕਿਹਾ ਗਿਆ, ‘‘ਇਹ ਵੀ ਜਾਣਕਾਰੀ ਮਿਲੀ ਹੈ ਕਿ ਟੀਮ ਵਿੱਚ ਕਿਸੇ ਬਦਲਾਅ ਲਈ ਚੋਣ ਸਮਿਤੀ ਸਕੱਤਰ ਤੋਂ ਮਨਜ਼ੂਰੀ ਲੈਂਦੀ ਰਹੀ ਹੈ। ਇਸ ਤੋਂ ਇਲਾਵਾ ਚੋਣਕਾਰਾਂ ਦੇ ਕਿ੍ਕਟ ਮੈਚਾਂ ਲਅਈ ਜਾਣ ਸਬੰਧੀ ਯਾਤਰਾ ਦੇ ਇੰਤਜ਼ਾਮ ਲਈ ਵੀ ਸਕੱਤਰ ਦੀ ਮਨਜ਼ੂਰੀ ਲੈਣੀ ਪੈਂਦੀ ਸੀ।’’ ਬੀਸੀਸੀਆਈ ਦਾ ਕੰਮਕਾਰ ਅਦਾਲਤ ਦੇ ਹੁਕਮਾਂ ਅਤੇ ਬੀਸੀਸੀਆਈ ਦੇ ਨਵੇਂ ਸੰਵਿਧਾਨ ਅਨੁਸਾਰ ਚਲਾਉਣ ਲਈ ਇਹ ਹੁਕਮ ਜਾਰੀ ਕਰਨੇ ਜ਼ਰੂਰੀ ਸਨ। ਨਵੇਂ ਫੈਸਲੇ ਨਾਲ ਕਾਰਜਕਾਰੀ ਸਕੱਤਰ ਅਮਿਤਾਭ ਚੌਧਰੀ ਦਾ ਇਕ ਤਰ੍ਹਾਂ ਨਾਲ ਮਹੱਤਵ ਖ਼ਤਮ ਹੋ ਗਿਆ ਹੈ। ਇਸੇ ਦੌਰਾਨ ਅਗਲੇ ਮਹੀਨੇ ਹੋਣ ਵਾਲੇ ਵੈਸਟਇਡੀਜ਼ ਦੌਰੇ ਲਈ ਐਮਐਸਕੇ ਪ੍ਰਸਾਦ ਦੀ ਪ੍ਰਧਾਨਗੀ ਵਾਲੀ ਕੌਮੀ ਚੋਣ ਸਮਿਤੀ ਸ਼ਨਿਚਰਵਾਰ ਜਾਂ ਐਤਵਾਰ ਨੂੰ ਭਾਰਤੀ ਕਿ੍ਕਟ ਟੀਮ ਦੀ ਚੋਣ ਕਰ ਸਕਦੀ ਹੈ। ਇਸ ਦੌਰਾਨ ਸਭਨਾਂ ਦੀ ਨਿਗ੍ਹਾ ਵਿਰਾਟ ਕੋਹਲੀ ਦੀ ਮੌਜੂਦਗੀ ਅਤੇ ਮਹਿੰਦਰ ਸਿੰਘ ਧੋਨੀ ਦੇ ਭਵਿੱਖ ’ਤੇ ਟਿਕੀ ਹੋਵੇਗੀ। ਧੋਨੀ(38) ਹੁਣ ਬੱਲੇ ਨਾਲ ‘ਮੈਚ ਫਿਨਿਸ਼ਰ’ ਦੀ ਭੂਮਿਕਾ ਨਹੀਂ ਨਿਭਾ ਪਾ ਰਹੇ। ਉਨ੍ਹਾਂ ਹੁਣ ਤਕ ਆਪਣੇ ਸੰਨਿਆਸ ਬਾਰੇ ਕੁਝ ਨਹੀਂ ਕਿਹਾ ਹੈ ਪਰ ਇਸ ਸਬੰਧੀ ਅਫਵਾਹਾਂ ਦਾ ਬਾਜ਼ਾਰ ਗਰਮ ਹੈ। ਭਾਰਤ ਤਿੰਨ ਅਗਸਤ ਤੋਂ ਸ਼ੁਰੂ ਹੋ ਰਹੇ ਵੈਸਟਇੰਡੀਜ਼ ਦੌਰ ਦੌਰਾਨ ਟੀ-20, ਇਕ ਰੋਜ਼ਾ ਅਤੇ ਦੋ ਟੈਸਟ ਖੇਡੇਗਾ। ਅਗਲੇ ਵਰ੍ਹੇ ਆਸਟਰੇਲੀਆ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਧਿਆਨ ਵਿੱਚ ਰੱਖਦਿਆਂ ਚੋਣਕਾਰ ਨੌਜਵਾਨ ਰਿਸ਼ਭ ਪੰਤ ਨੂੰ ਮੌਕਾ ਦੇ ਸਕਦੇ ਹਨ , ਜਿਸ ਨੂੰ ਧੋਨੀ ਦਾ ਵਾਰਿਸ ਮੰਨਿਆ ਜਾ ਰਿਹਾ ਹੈ। ਧੋਨੀ ਨੂੰ ਪਿਛਲੇ ਵਰ੍ਹੇ ਅਕਤੂਬਰ ਵਿੱਚ ਵੈਸਟਇੰਡੀਜ਼ ਅਤੇ ਆਸਟਰੇਲੀਆ ਵਿੱਚ ਟੀ-20 ਲੜੀਆਂ ਲਈ ਨਹੀਂ ਚੁਣਿਆ ਗਿਆ ਸੀ। ਸੰਭਾਵਨਾ ਹੈ ਕਿ ਉਹ ਇਸ ਵਾਰ ਵੀ ਬਾਹਰ ਰਹਿਣਗੇ। ਪੰਤ ਨੂੰ ਵਿਸ਼ਵ ਕੱਪ ਵਿੱਚ ਜ਼ਖ਼ਮੀ ਸ਼ਿਖਰ ਧਵਨ ਦੀ ਥਾਂ ਸੱਦਿਆ ਗਿਆ ਸੀ ਜਿਸ ਵਿੱਚ ਭਾਰਤ ਸੈਮੀਫਾਈਨਲ ਵਿੱਚ ਬਾਹਰ ਹੋ ਗਿਆ। ਇਕ ਹੋਰ ਮਸਲਾ ਕੋਹਲੀ ਦੀ ਮੌਜੂਦਗੀ ਦਾ ਹੋਵੇਗਾ ਜੋ ਲੰਮੇ ਸਮੇਂ ਤੋਂ ਖੇਡ ਰਹੇ ਹਨ। ਕਈਆਂ ਦਾ ਮੰਨਣਾ ਹੈ ਕਿ ਲੰਮੇ ਘਰੇਲੂ ਸੈਸ਼ਨ ਨੂੰ ਦੇਖਦਿਆਂ ਕੋਹਲੀ ਨੂੰ ਆਰਾਮ ਦਿੱਤਾ ਜਾਣਾ ਚਾਹੀਦਾ ਹੈ ਅਤੇ ਅਜਿਹੇ ਵਿੱਚ ਰੋਹਿਤ ਸ਼ਰਮਾ ਕਪਤਾਨੀ ਕਰ ਸਕਦੇ ਹਨ। ਦੋਵੇਂ ਟੈਸਟ ਆਈਸੀਸੀ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹਨ, ਤਾਂ ਕੋਹਲੀ ਟੈਸਟ ਟੀਮ ਵਿੱਚ ਰਹਿਣਗੇ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸਬੰਧੀ ਵੀ ਇਹੀ ਫੈਸਲਾ ਕੀਤਾ ਜਾ ਸਕਦਾ ਹੈ। ਚੋਣ ਸਮਿਤੀ ਮੱਧਕ੍ਰਮ ਦੇ ਕੋਆਰਡੀਨੇਸ਼ਨ ’ਤੇ ਗੱਲਬਾਤ ਕਰੇਗੀ ਜੋ ਵਿਸ਼ਵ ਕੱਪ ਸੈਮੀਫਾਈਨਲ ਵਿਚੋਂ ਭਾਰਤ ਦੇ ਬਾਹਰ ਹੋਣ ਦਾ ਮੁੱਖ ਕਾਰਨ ਰਿਹਾ। ਚੌਥੇ ਨੰਬਰ ਨੂੰ ਪੱਕਾ ਕਰਨਾ ਬਹੁਤ ਜ਼ਰੂਰੀ ਹੈ। ਟੀਮ ਚੁਣਨ ਵਾਲਿਆਂ ਕੋਲ ਕਰਨਾਟਕ ਦੇ ਮਯੰਕ ਅਗਰਵਾਲ ਅਤੇ ਮਨੀਸ਼ ਪਾਂਡੇ ਅਤੇ ਮੁੰਬਈ ਦੇ ਸ਼੍ਰੇਅਸ ਅਈਅਰ ਵਜੋਂ ਬਦਲ ਹਨ ਜੋ ਘਰੇਲੂ ਪੱਧਰ ’ਤੇ ਚੰਗਾ ਖੇਡ ਰਹੇ ਹਨ। ਅੰਬਾਤੀ ਰਾਇਡੂ ਦੇ ਰਿਟਾਇਰ ਹੋਣ ਅਤੇ ਵਿਜੈ ਸ਼ੰਕਰ ਦੇ ਨਾਕਾਮ ਰਹਿਣ ਨਾਲ ਉਨ੍ਹਾਂ ਲਈ ਦਰਵਾਜ਼ੇ ਖੁੱਲ੍ਹ ਸਕਦੇ ਹਨ। ਸੁਭਮਨ ਗਿੱਲ ਅਤੇ ਪ੍ਰਿਥਵੀ ਸਾਵ ਦੇ ਨਾਂ ’ਤੇ ਵਿਚਾਰ ਹੋ ਸਕਦਾ ਹੈ, ਹਾਲਾਂਕਿ ਸਾਵ ਕਮਰ ਦੀ ਸੱਟ ਨਾਲ ਜੂਝ ਰਹੇ ਹਨ। ਦਿਨੇਸ਼ ਕਾਰਤਿਕ ਅਤੇ ਕੇਦਾਰ ਜਾਧਵ ਦੇ ਨਾਂ ’ਤੇ ਚਰਚਾ ਦੀ ਵੀ ਸੰਭਾਵਨਾ ਨਹੀਂ ਹੈ। ਕੇਐਲ ਰਾਹੁਲ, ਹਾਰਦਿਕ ਪੰਡਿਆ, ਕੁਲਦੀਪ ਯਾਦਵ ਅਤੇ ਯੁਜਵੇਂਦਰ ਚਹਿਲ ਦੀ ਚੋਣ ਤੈਅ ਹੈ। ਨਵੇਂ ਚਿਹਰਿਆਂ ਵਿੱਚ ਰਾਹੁਤ ਚਾਹਰ ਅਤੇ ਨਵਦੀਪ ਸੈਣੀ ਤੋਂ ਇਲਾਵਾ ਖਲੀਲ ਅਹਿਮਦ, ਦੀਪਕ ਚਾਹਰ ਅਤੇ ਆਵੇਸ਼ ਖਾਨ ਦੇ ਨਾਵਾਂ ’ਤੇ ਵੀ ਵਿਚਾਰ ਹੋ ਸਕਦਾ ਹੈ। ਟੀ-20 ਮੈਚ ਤਿੰਨ ਤੋਂ ਛੇ ਅਗਸਤ ਤਕ ਖੇਡੇ ਜਾਣਗੇ, ਜਦੋਂ ਕਿ ਇਕ ਰੋਜ਼ਾ ਮੈਚ ਅੱਜ ਤੋਂ 14 ਅਗਸਤ ਅਤੇ ਟੈਸਟ ਮੈਚ 22 ਅਗਸਤ ਤੋਂ ਤਿੰਨ ਸੰਤਬਰ ਤਕ ਖੇਡੇ ਜਾਣਗੇ।