ਬਜਟ ਵਿਚ ਇਨਕਮ ਟੈਕਸ, ਖੇਤੀ ਅਤੇ ਗ੍ਰਾਹਕਾਂ ਨਾਲ ਜੁੜੇ ਕਈ ਪਹਿਲੂਆਂ ‘ਤੇ ਵੱਡੇ ਐਲਾਨ ਕੀਤੇ ਗਏ ਹਨ।
ਨਵੀਂ ਦਿੱਲੀ: ਬਜਟ ਵਿਚ ਇਨਕਮ ਟੈਕਸ, ਖੇਤੀ ਅਤੇ ਗ੍ਰਾਹਕਾਂ ਨਾਲ ਜੁੜੇ ਕਈ ਪਹਿਲੂਆਂ ‘ਤੇ ਵੱਡੇ ਐਲਾਨ ਕੀਤੇ ਗਏ ਹਨ। ਪਰ ਇਸ ਤੋਂ ਇਲਾਵਾ ਸਰਕਾਰ ਨੇ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਦਾ ਬਜਟ ਵੀ ਵਧਾ ਦਿੱਤਾ ਹੈ। ਇਸ ਗਰੁੱਪ ਕੋਲ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ। ਇਸ ਗਰੁੱਪ ਵਿਚ 3000 ਸੁਰੱਖਿਆ ਕਰਮਚਾਰੀ ਸ਼ਾਮਲ ਹਨ।
ਐਸਪੀਜੀ ਦਾ ਬਜਟ 540 ਕਰੋੜ ਤੋਂ ਵਧ ਕੇ ਲਗਭਗ 600 ਕਰੋੜ ਕਰ ਦਿੱਤਾ ਗਿਆ ਹੈ। ਪਿਛਲੇ ਸਾਲ ਦੇ ਬਜਟ ਵਿਚ ਇਸ ਨੂੰ 420 ਕਰੋੜ ਤੋਂ ਵਧਾ ਕੇ 540 ਕਰੋੜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਨਵੰਬਰ ਵਿਚ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੀ ਸੁਰੱਖਿਆ ਦੀ ਸਮੀਖਿਆ ਹੋਈ ਸੀ, ਜਿਸ ਤੋਂ ਬਾਅਦ ਉਹਨਾਂ ਦੀ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਸੁਰੱਖਿਆ ਵਾਪਸ ਲੈ ਲਈ ਗਈ ਸੀ।
ਗਾਂਧੀ ਪਰਿਵਾਰ ਤੋਂ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਸੁਰੱਖਿਆ ਵਾਪਸ ਲਏ ਜਾਣ ਤੋਂ ਬਾਅਦ ਭਾਜਪਾ ਦੇ ਸੂਤਰਾਂ ਨੇ ਕਿਹਾ ਸੀ ਕਿ ਗਾਂਧੀ ਪਰਿਵਾਰ ਸੁਰੱਖਿਆ ਦਾ ਲਗਾਤਾਰ ਉਲੰਘਣ ਕਰਦਾ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸ਼ਾਇਦ ਇਸੇ ਦੇ ਚਲਦਿਆਂ ਸਰਕਾਰ ਨੇ ਇਹ ਕਦਮ ਚੁੱਕਿਆ ਹੋਵੇਗਾ।
ਸਰਕਾਰੀ ਸੂਤਰਾਂ ਨੇ ਦੱਸਿਆ ਕਿ ਰਾਹੁਲ ਗਾਂਧੀ ਨੇ 2005 ਤੋਂ 2014 ਤੱਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਨਾਨ-ਬੁਲੇਟ ਰਜਿਸਟੈਂਟ ਵਹੀਕਲ ਵਿਚ 18 ਵਾਰ ਯਾਤਰਾ ਕੀਤੀ। ਇਹ ਇਕ ਗੰਭੀਰ ਉਲੰਘਣ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਅਗਸਤ 2019 ਵਿਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸੁਰੱਖਿਆ ਨੂੰ ਘੱਟ ਕਰਕੇ ਜੈਡ ਪਲੱਸ ਸ਼੍ਰੇਣੀ ਕਰ ਦਿੱਤੀ ਸੀ।
ਉਹਨਾਂ ਨੂੰ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਸੁਰੱਖਿਆ ਮਿਲੀ ਹੋਈ ਸੀ। ਇਸ ਮਾਮਲੇ ‘ਤੇ ਗ੍ਰਹਿ ਮੰਤਰਾਲੇ ਨੇ ਕਿਹਾ ਸੀ ਕਿ ਸੁਰੱਖਿਆ ਕਵਰ ਦੀ ਸਮੀਖਿਆ ਖਤਰੇ ਦੇ ਆਸ਼ੰਕਾ ਦੇ ਅਧਾਰ ‘ਤੇ ਸਮੇਂ-ਸਮੇਂ ‘ਤੇ ਹੋਣ ਵਾਲੀ ਪ੍ਰੋਫੈਸ਼ਨਲ ਪ੍ਰਕਿਰਿਆ ਹੈ, ਜੋ ਸੁਰੱਕਿਆ ਏਜੰਸੀਆਂ ਦੇ ਮੁਲਾਂਕਣ ‘ਤੇ ਅਧਾਰਤ ਹੁੰਦੀ ਹੈ।
ਕੀ ਹੈ ਐਸਪੀਜੀ ?
SPG ਦੇਸ਼ ਦੀ ਸਭ ਤੋਂ ਉੱਚੀ ਸ਼੍ਰੇਣੀ ਦੀ ਸੁਰੱਖਿਆ ਹੈ ਅਤੇ ਇਸ ਵਿਚ ਬੇਹੱਦ ਪੇਸ਼ੇਵਰ ਅਤੇ ਨਵੀਨਤਮ ਉਪਕਰਣਾਂ ਨਾਲ ਲੈਸ ਸੁਰੱਖਿਆ ਕਰਮਚਾਰੀ ਹੁੰਦੇ ਹਨ।
ਇਸ ਦੇ ਤਹਿਤ ਪ੍ਰਧਾਨ ਮੰਤਰੀਆਂ ਅਤੇ ਸਾਬਕਾ ਪ੍ਰਧਾਨ ਮੰਤਰੀਆਂ ਨੂੰ ਸੁਰੱਖਿਆ ਦਿੱਤੀ ਜਾਂਦੀ ਹੈ। ਇਹ ਫੋਰਸ ਗ੍ਰਹਿ ਮੰਤਰਾਲੇ ਦੇ ਅਧੀਨ ਹੁੰਦੀ ਹੈ। 1984 ਵਿਚ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਤੈਅ ਕੀਤਾ ਗਿਆ ਕਿ ਪ੍ਰਧਾਨ ਮੰਤਰੀ ਦੇ ਦਰਜੇ ਦੇ ਲੋਕਾਂ ਨੂੰ ਖ਼ਾਸ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ।
ਹਰਜਿੰਦਰ ਛਾਬੜਾ – ਪਤਰਕਾਰ 9592282333