ਸ਼ਾਹੀਨ ਬਾਗ ’ਚ ਨਾਗਰਿਕਤਾ (ਸੋਧ) ਕਾਨੂੰਨ ਖ਼ਿਲਾਫ਼ ਧਰਨਾ ਜਾਰੀ
ਨਵੀਂ ਦਿੱਲੀ- ਨਵੇਂ ਸਾਲ ਦੇ ਜਸ਼ਨਾਂ ਤੋਂ ਦੂਰ ਰਹਿੰਦਿਆਂ ਸਾਲ ਦੇ ਆਖ਼ਰੀ ਦਿਨ ਟੀਵੀ ਉੱਪਰ ਚੱਲਣ ਵਾਲੇ ਪ੍ਰੋਗਰਾਮ ਛੱਡ ਕੇ ਨੌਜਵਾਨਾਂ ਤੇ ਬਜ਼ੁਰਗਾਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਦਿੱਲੀ ਦੇ ਸ਼ਾਹੀਨ ਬਾਗ਼ ਵਿੱਚ ਚੱਲ ਰਹੇ ਨਾਗਰਿਕਤਾ (ਸੋਧ) ਕਾਨੂੰਨ ਖ਼ਿਲਾਫ਼ ਰਾਤ ਭਰ ਧਰਨਾ ਦਿੱਤਾ। ਰਾਤ ਭਰ ਸਥਾਨਕ ਲੋਕਾਂ ਨੇ ਮੁਜ਼ਾਹਰਾਕਾਰੀਆਂ ਨੂੰ ਗਰਮਾ-ਗਰਮ ਚਾਹ ਪਰੋਸੀ ਤਾਂ ਜੋ ਕੜਾਕੇ ਦੀ ਠੰਢ ਤੋਂ ਕੁਝ ਬਚਾਅ ਕੀਤਾ ਜਾ ਸਕੇ। ਇਹ ਮੁਜ਼ਾਹਰਾ ਤਿਰੰਗੇ ਫੜ ਕੇ ਕੌਮੀ ਗੀਤ ਗਾਉਂਦਿਆਂ ਤਰਪਾਲ ਦੀ ਆਰਜ਼ੀ ਛੱਤ ਹੇਠ ਕੀਤਾ ਗਿਆ। ਆਜ਼ਾਦੀ, ਆਜ਼ਾਦੀ ਦੇ ਨਾਹਰੇ ਲਾਏ ਗਏ ਤੇ ਲੋਕਾਂ ਨੇ ਜ਼ੋਸ਼ ਨਾਲ ਹਿੱਸਾ ਲਿਆ। ਜਿਉਂ ਹੀ ਘੜੀ ਦੀ ਸੂਈ 12 ਵਜੇ ਉਪਰ ਪੁੱਜੀ ਤਾਂ ਇਕੱਠ ਨੇ ਕੌਮੀ ਗੀਤ ਛੇੜ ਲਿਆ। ਬਾਅਦ ਵਿੱਚ ਜ਼ੋਰਦਾਰ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਾਏ ਗਏ। ਹਜ਼ਾਰਾਂ ਦੇ ਇਕੱਠ ਵਿੱਚ ਵਿਦਿਆਰਥੀ ਪੇਸ਼ੇਵਾਰ ਮਾਹਿਰ ਤੇ ਹੋਰ ਖੇਤਰ ਦੇ ਨਾਮੀਂ ਲੋਕ ਵੀ ਸ਼ਾਮਲ ਹੋਏ। ਇਕ ਵਿਅਕਤੀ ਨੇ ਆਪਣਾ ਨਾਂ ਨਾ ਦੱਸਣ ਦੀ ਸ਼ਰਤ ’ਤੇ ਕਿਹਾ ਕਿ ਉਸ ਨੂੰ ਧਰਮ ਦੇ ਨਾਲ ਨਾ ਪਛਾਣਿਆ ਜਾਵੇ ਪਰ ਪ੍ਰਦਰਸ਼ਨ ਦਾ ਵੱਡਾ ਕਾਰਨ ਨਾਗਰਿਕਤਾ ਕਾਨੂੰਨ ਹੈ।
ਇਸੇ ਦੌਰਾਨ ਫੂਲ ਕੁਮਾਰੀ ਨਾਂ ਦੀ ਕਲਾਕਾਰ ਨੇ ਦੱਖਣੀ ਭਾਰਤ ਵਿੱਚ ਕਲਾਕਾਰਾਂ ਦੀ ਗ੍ਰਿਫ਼ਤਾਰੀ ਦਾ ਵਿਰੋਧ ਇਸ ਮੰਚ ਤੋਂ ਕੀਤਾ। ਉਸ ਨੇ ਕਿਹਾ ਕਿ ਸਰਕਾਰ ਆਪਣੀ ਤਾਕਤ ਦੀ ਵਰਤੋਂ ਗ਼ਲਤ ਥਾਵਾਂ ’ਤੇ ਕਰ ਰਹੀ ਹੈ, ਇਹ ਆਮ ਲੋਕਾਂ ਜਾਂ ਕਲਾਕਾਰਾਂ ਖ਼ਿਲਾਫ਼ ਨਹੀਂ ਹੋਣੀ ਚਾਹੀਦੀ। ਕਈਆਂ ਨੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ਉਪਰ ਨਾਗਰਿਕਤਾ (ਸੋਧ) ਕਾਨੂੰਨ ਦੇ ਖ਼ਿਲਾਫ਼ ਨਾਅਰੇ ਲਿਖੇ ਹੋਏ ਸਨ। ਇਕ ਔਰਤ ਨੇ ਕਿਹਾ ਕਿ ਹਾਲਾਤ ਆਮ ਵਰਗੇ ਹੁੰਦੇ ਤਾਂ ਉਹ ਵੀ ਘਰ ਵਿੱਚ ਬੈਠ ਕੇ ਟੀਵੀ ਦੇਖਦੇ। ਜ਼ਿਕਰਯੋਗ ਹੈ ਕਿ ਜਾਮੀਆ ਮਿਲੀਆ ਇਸਲਾਮੀਆ ਯੂਨੀਰਵਰਿਸਟੀ ਵਿੱਚ ਨਾਗਰਿਕਤਾ (ਸੋਧ) ਕਾਨੂੰਨ ਖ਼ਿਲਾਫ਼ 15 ਦਸੰਬਰ ਤੋਂ ਲਗਾਤਾਰ ਰੋਸ ਪ੍ਰਦਰਸ਼ਨ ਹੋ ਰਹੇ ਹਨ। ਸ਼ਹੀਨ ਬਾਗ਼ ਦੇ ਪ੍ਰਦਰਸ਼ਨਕਾਰੀ ਇਕੱਠ ਵਿੱਚ ਮਰਦ ਔਰਤਾਂ, ਵਿਦਿਆਰਥੀ ਤੇ ਨੌਕਰੀਪੇਸ਼ਾ ਲੋਕਾਂ ਸਮੇਤ ਹੋਰ ਖੇਤਰਾਂ ਦੇ ਲੋਕ ਵੀ ਸ਼ਾਮਲ ਹੋ ਰਹੇ ਹਨ।