ਚਾਰ ਜਣਿਆਂ ਦੀ ਭੇਤ-ਭਰੀ ਹਾਲਤ ’ਚ ਮੌਤ

ਐੱਸ.ਏ.ਐੱਸ. ਨਗਰ (ਮੁਹਾਲੀ)- ਨਵੇਂ ਸਾਲ 2020 ਦੇ ਪਹਿਲੇ ਦਿਨ ਬੁੱਧਵਾਰ ਨੂੰ ਇੱਥੋਂ ਦੇ ਸੈਕਟਰ-69 ਵਿੱਚ ਚਾਰ ਵਿਅਕਤੀਆਂ ਦੀ ਭੇਤ-ਭਰੀ ਹਾਲਤ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅਮਿਤ ਕੁਮਾਰ (20), ਰਜਨੀਸ਼ ਕੁਮਾਰ (17), ਦਵਾਰਕਾ (35) ਅਤੇ ਧਰਮਪਾਲ ਸਿੰਘ (21) ਵਜੋਂ ਹੋਈ ਹੈ। ਇਹ ਚਾਰੋਂ ਪਿੰਡ ਕਾਂਸਲ ਦੇ ਵਸਨੀਕ ਦੱਸੇ ਜਾ ਰਹੇ ਹਨ, ਜੋ ਇੱਕ ਕੇਟਰਿੰਗ ਕੰਪਨੀ ਕੋਲ ਵੇਟਰ ਦਾ ਕੰਮ ਕਰਦੇ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਸੈਕਟਰ-69 ਵਾਸੀ ਰੀਅਲ ਅਸਟੇਟ ਦੇ ਕਾਰੋਬਾਰੀ, ਜਿਸ ਦੀ ਪੰਜਾਬ ਪੁਲੀਸ ਦੇ ਉੱਚ ਅਫ਼ਸਰਾਂ ਨਾਲ ਕਾਫ਼ੀ ਉੱਠਣੀ ਬੈਠਣੀ ਹੈ, ਦੇ ਘਰ ਨਵੇਂ ਸਾਲ ਦੀ ਆਮਦ ਦੀ ਖ਼ੁਸ਼ੀ ’ਚ ਪਾਰਟੀ ਸੀ, ਜੋ ਦੇਰ ਰਾਤ (ਤੜਕੇ ਸਵੇਰੇ ਕਰੀਬ ਢਾਈ-3 ਵਜੇ) ਤੱਕ ਜਾਰੀ ਰਹੀ। ਇਸ ਮਗਰੋਂ ਪਰਿਵਾਰ ਦੇ ਜੀਅ ਆਪਣੇ ਘਰ ਵਿੱਚ ਸੌਂ ਗਏ ਅਤੇ ਕੁਝ ਰਿਸ਼ਤੇਦਾਰ ਇੱਥੇ ਰੁਕ ਗਏ ਅਤੇ ਕਾਫੀ ਚਲੇ ਗਏ। ਪਾਰਟੀ ਤੋਂ ਬਾਅਦ ਕਾਫੀ ਵੇਟਰ ਚਲੇ ਗਏ ਸਨ ਪਰ ਉਕਤ ਚਾਰ ਵੇਟਰ ਦਵਾਰਕਾ ਦਾਸ, ਰਜਨੀਸ਼ ਕੁਮਾਰ, ਧਰਮਪਾਲ ਸਿੰਘ ਅਤੇ ਅਮਿਤ ਕੁਮਾਰ ਜ਼ਿਆਦਾ ਰਾਤ ਹੋਣ ਕਾਰਨ ਉੱਥੇ ਹੀ ਰੁਕ ਗਏ ਅਤੇ ਉਨ੍ਹਾਂ ਨੇ ਠੰਢ ਤੋਂ ਬਚਣ ਲਈ ਪੰਡਾਲ ’ਚੋਂ ਕੋਲਿਆਂ ਵਾਲੀ ਇੱਕ ਅੰਗੀਠੀ ਚੁੱਕ ਕੇ ਪ੍ਰਾਪਰਟੀ ਡੀਲਰ ਦੇ ਘਰ ਦੇ ਵਿਹੜੇ ਨਾਲ ਬਣੇ ਕਮਰੇ ਵਿੱਚ ਰੱਖ ਲਈ ਅਤੇ ਬੈਠ ਕੇ ਅੱਗ ਸੇਕਣ ਲੱਗ ਪਏ। ਅੰਗੀਠੀ ਸੇਕਦੇ ਸੇਕਦੇ ਹੀ ਉਹ ਚਾਰੇ ਜਣੇ ਕਮਰੇ ਵਿੱਚ ਸੌਂ ਗਏ। ਦਰਵਾਜ਼ਾ ਬੰਦ ਹੋਣ ਕਾਰਨ ਅੰਗੀਠੀ ਤੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ ਇਨ੍ਹਾਂ ਵੇਟਰਾਂ ਲਈ ਜਾਨਲੇਵਾ ਸਾਬਤ ਹੋਇਆ।
ਸਵੇਰੇ ਕਰੀਬ ਅੱਠ ਵਜੇ ਜਦੋਂ ਪ੍ਰਾਪਰਟੀ ਡੀਲਰ ਦੀ ਨੀਂਦ ਖੁੱਲ੍ਹੀ ਤਾਂ ਉਸ ਨੇ ਦੇਖਿਆ ਕਿ ਚਾਰੇ ਵੇਟਰ ਕਮਰੇ ’ਚ ਲੰਮੇ ਪਏ ਹੋਏ ਸਨ। ਕੁਝ ਦੇਰ ਮਗਰੋਂ ਘਰ ਦੇ ਹੋਰ ਮੈਂਬਰ ਨੇ ਜਦੋਂ ਵੇਟਰਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਸਾਰੇ ਬੇਸੁਰਤ ਪਏ ਸਨ, ਜਿਨ੍ਹਾਂ ਨੂੰ ਤੁਰੰਤ ਸੈਕਟਰ-69 ਦੇ ਇਕ ਪ੍ਰਾਈਵੇਟ ਹਸਪਤਾਲ ’ਚ ਲਿਜਾਇਆ ਗਿਆ ਪਰ ਮੁੱਢਲੀ ਮੈਡੀਕਲ ਜਾਂਚ ਮਗਰੋਂ ਡਾਕਟਰਾਂ ਨੇ ਉਨ੍ਹਾਂ ਚਾਰਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਦੇ ਹੀ ਪੁਲੀਸ ਮੌਕੇ ’ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲੀਸ ਨੇ ਚਾਰੋਂ ਵੇਟਰਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤੀਆਂ ਹਨ।
ਸੈਂਟਰਲ ਥਾਣਾ ਫੇਜ਼-8 ਦੇ ਐੱਸਐੱਚਓ ਸ਼ਿਵਦੀਪ ਸਿੰਘ ਬਰਾੜ ਨੇ ਦੱਸਿਆ ਕਿ ਮ੍ਰਿਤਕ ਵੇਟਰਾਂ ਦਾ ਪੋਸਟਮਾਰਟਮ ਵੀਰਵਾਰ ਨੂੰ ਕਰਵਾਇਆ ਜਾਵੇਗਾ। ਫਿਲਹਾਲ ਵਾਰਿਸਾਂ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।
ਉਧਰ, ਸਰਕਾਰੀ ਹਸਪਤਾਲ ਦੇ ਐੱਸਐੱਮਓ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਲੱਗਦਾ ਹੈ ਕਿ ਉਕਤ ਵੇਟਰਾਂ ਦੀ ਮੌਤ ਕੋਲਿਆਂ ਵਾਲੀ ਅੰਗੀਠੀ ਦੇ ਧੂੰਏਂ ਨਾਲ ਪੈਦਾ ਹੋਈ ਕਾਰਬਨ ਮੋਨੋਅਕਸਾਈਡ ਗੈਸ ਚੜ੍ਹਨ ਨਾਲ ਹੋਈ ਹੈ ਪਰ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਤੋਂ ਹੀ ਲੱਗੇਗਾ।

Previous article5.0-magnitude quake hits Chile: USGS
Next articleਪ੍ਰਦਰਸ਼ਨਕਾਰੀਆਂ ਵੱਲੋਂ ਕੌਮੀ ਤਰਾਨੇ ਨਾਲ ਨਵੇਂ ਸਾਲ ਨੂੰ ਖੁਸ਼ਆਮਦੀਦ