ਪ੍ਰਤੀਨਿਧ ਸਭਾ ਵੱਲੋਂ ਟਰੰਪ ਨੂੰ ਗੱਦੀਓਂ ਲਾਹੁਣ ਲਈ ਮਤਾ ਪਾਸ

ਵਾਸ਼ਿੰਗਟਨ (ਸਮਾਜ ਵੀਕਲੀ) : ਡੈਮੋਕਰੈਟਾਂ ਦੇ ਬਹੁਮੱਤ ਵਾਲੀ ਅਮਰੀਕੀ ਪ੍ਰਤੀਨਿਧੀ ਸਭਾ ਨੇ ਅੱਜ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਗੱਦੀਓਂ ਲਾਹੁਣ ਲਈ ਮਤਾ ਪਾਸ ਕਰ ਦਿੱਤਾ ਹੈ। 25ਵੀਂ ਸੰਵਿਧਾਨਕ ਸੋਧ ਤਹਿਤ ਮਤਾ ਪਾਸ ਕਰ ਕੇ ਉਪ ਰਾਸ਼ਟਰਪਤੀ ਮਾਈਕ ਪੈਂਸ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਟਰੰਪ ਨੂੰ ਅਹੁਦੇ ਤੋਂ ਲਾਂਭੇ ਕਰਨ। ਮਤੇ ਦੇ ਹੱਕ ਵਿਚ 223 ਵੋਟਾਂ ਪਈਆਂ ਹਨ ਜਦਕਿ ਵਿਰੋਧ ਵਿਚ 205 ਵੋਟਾਂ ਪਈਆਂ। ਮਤਾ ਪਾਸ ਕਰ ਕੇ ਪੈਂਸ ਨੂੰ ਕੈਬਨਿਟ ਇਕੱਠੀ ਕਰ ਕੇ 25ਵੀਂ ਸੋਧ ਨੂੰ ਲਾਗੂ ਕਰਨ ਦਾ ਸੱਦਾ ਦਿੱਤਾ ਗਿਆ ਹੈ

। ਇਹ ਸੋਧ 50 ਸਾਲ ਪਹਿਲਾਂ ਰਾਸ਼ਟਰਪਤੀ ਜੌਹਨ ਐਫ. ਕੈਨੇਡੀ ਦੀ ਹੱਤਿਆ ਤੋਂ ਬਾਅਦ ਕੀਤੀ ਗਈ ਸੀ। ਇਸ ਤਹਿਤ ਜੇ ਰਾਸ਼ਟਰਪਤੀ ਅਹੁਦੇ ’ਤੇ ਬਣੇ ਰਹਿਣ ਦੇ ਯੋਗ ਨਹੀਂ ਤਾਂ ਉਸ ਨੂੰ ਹਟਾਇਆ ਜਾ ਸਕਦਾ ਹੈ ਤੇ ਕਿਸੇ ਹੋਰ ਨੂੰ ਰਾਸ਼ਟਰਪਤੀ ਥਾਪਿਆ ਜਾ ਸਕਦਾ ਹੈ। ਦੱਸਣਯੋਗ ਹੈ ਕਿ ਮਹਾਦੋਸ਼ ਦਾ ਮਤਾ ਸਦਨ ਵਿਚ ਲਿਆਉਣ ਲਈ ਕੈਪੀਟਲ ਹਿੱਲ ’ਤੇ ਹਮਲੇ ਦਾ ਹਵਾਲਾ ਦਿੱਤਾ ਗਿਆ ਹੈ। ਟਰੰਪ ’ਤੇ ਆਪਣੇ ਸਮਰਥਕਾਂ ਨੂੰ ਹਮਲੇ ਲਈ ਭੜਕਾਉਣ ਦਾ ਦੋਸ਼ ਲਾਇਆ ਗਿਆ ਹੈ।

ਹਾਲਾਂਕਿ ਰਿਪਬਲਿਕਨ ਪੈਂਸ ਪਹਿਲਾਂ ਹੀ ਸਪੀਕਰ ਨੈਂਸੀ ਪੇਲੋਸੀ ਨੂੰ ਕਹਿ ਚੁੱਕੇ ਹਨ ਕਿ ਉਹ 25ਵੀਂ ਸੋਧ ਲਾਗੂ ਨਹੀਂ ਕਰਨਗੇ। ਇਸੇ ਦੌਰਾਨ ਵਾਲਮਾਰਟ ਤੇ ਵਾਲਟ ਡਿਜ਼ਨੀ ਜਿਹੀਆਂ ਸੰਸਾਰ ਦੀਆਂ ਵੱਡੀਆਂ ਕੰਪਨੀਆਂ ਨੇ ਉਨ੍ਹਾਂ ਅਮਰੀਕੀ ਸੰਸਦ ਮੈਂਬਰਾਂ ਨੂੰ ਚੰਦਾ ਦੇਣਾ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਹੈ ਜਿਨ੍ਹਾਂ ਜੋਅ ਬਾਇਡਨ ਦੀ ਅਮਰੀਕੀ ਰਾਸ਼ਟਰਪਤੀ ਵਜੋਂ ਚੋਣ ਖ਼ਿਲਾਫ਼ ਸੰਸਦ ਵਿਚ ਵੋਟ ਪਾਈ ਹੈ। ਇਸ ਤੋਂ ਪਹਿਲਾਂ ਕਈ ਹੋਰ ਕੰਪਨੀਆਂ ਵੀ ਅਜਿਹਾ ਕਰ ਚੁੁੱਕੀਆਂ ਹਨ।

Previous articleਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਮਨਾਈ ਲੋਹੜੀ
Next articleਪੰਜਾਬ ’ਚ ਵੀ ਤਿਲਾਂ ਦੀ ਥਾਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ