ਨਵੀਂ ਦਿੱਲੀ (ਸਮਾਜ ਵੀਕਲੀ) : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਅੱਜ ਬਾਅਦ ਦੁਪਹਿਰ ਦਿੱਲੀ ਦੇ ਲੋਧੀ ਰੋਡ ਸਥਿਤ ਬਿਜਲਈ ਸ਼ਮਸ਼ਾਨ ਘਾਟ ’ਚ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਪ੍ਰਣਬ ਦੇ ਪੁੱਤਰ ਅਭਿਜੀਤ ਮੁਖਰਜੀ ਨੇ ਉਨ੍ਹਾਂ ਦਾ ਆਖਰੀ ਸੰਸਕਾਰ ਕੀਤਾ।
ਪਰਿਵਾਰਾਂ ਤੇ ਰਿਸ਼ਤੇਦਾਰਾਂ ਨੇ ਕੋਵਿਡ-19 ਦੇ ਬਚਾਅ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੀਪੀਈ ਕਿੱਟ ’ਚ ਮਰਹੂਮ ਰਾਸ਼ਟਰਪਤੀ ਨੂੰ ਆਖਰੀ ਵਿਦਾਈ ਦਿੱਤੀ। ਸੈਨਾ ਦੀ ਟੁੱਕੜੀ ਨੇ ਸਾਬਕਾ ਰਾਸ਼ਟਰਪਤੀ ਨੂੰ ਗਾਰਡ ਆਫ ਆਨਰ ਤੇ ਤੋਪਾਂ ਦੀ ਸਲਾਮੀ ਦਿੱਤੀ। ਇਸ ਤੋਂ ਪਹਿਲਾਂ ਸ੍ਰੀ ਮੁਖਰਜੀ ਦੀ ਦੇਹ ਫੁੱਲਾਂ ਨਾਲ ਸਜਾਏ ਵਾਹਨ ’ਚ ਸ਼ਮਸ਼ਾਨਘਾਟ ਲਿਆਂਦੀ ਗਈ। ਉਨ੍ਹਾਂ ਦੀ ਦੇਹ ਤਿਰੰਗੇ ਨਾਲ ਲਪੇਟੀ ਹੋਈ ਸੀ। ਜ਼ਿਕਰਯੋਗ ਹੈ ਕਿ 84 ਸਾਲ ਪ੍ਰਣਬ ਮੁਖਰਜੀ ਦਾ ਲੰਘੀ ਸ਼ਾਮ ਦਿੱਲੀ ਛਾਉਣੀ ਸਥਿਤ ਸੈਨਾ ਦੇ ਰਿਸਰਚ ਐਂਡ ਰੈਫਰਲ ਹਸਪਤਾਲ ’ਚ ਦੇਹਾਂਤ ਹੋ ਗਿਆ ਸੀ। ਉਹ 21 ਦਿਨਾਂ ਤੋਂ ਹਸਪਤਾਲ ’ਚ ਦਾਖਲ ਸਨ।
ਇਸ ਤੋਂ ਪਹਿਲਾਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਉੱਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਸਮੇਤ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਤੇ ਹੋਰ ਸ਼ਖ਼ਸੀਅਤਾਂ ਨੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਸ਼ਰਧਾਂਜਲੀਆਂ ਦਿੱਤੀਆਂ। ਹਸਪਤਾਲ ਤੋਂ ਸ੍ਰੀ ਮੁਖਰਜੀ ਦੀ ਦੇਹ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 10 ਰਾਜਾਜੀ ਮਾਰਗ ਲਿਆਂਦੀ ਗਈ। ਕੇਂਦਰ ਸਰਕਾਰ ਨੇ ਸਾਬਕਾ ਰਾਸ਼ਟਰਪਤੀ ਦੇ ਦੇਹਾਂਤ ’ਤੇ 31 ਅਗਸਤ ਤੋਂ ਛੇ ਸਤੰਬਰ ਤੱਕ ਸੱਤ ਦਿਨ ਦੇ ਕੌਮੀ ਸ਼ੋਕ ਦਾ ਐਲਾਨ ਕੀਤਾ ਗਿਆ ਹੈ।
ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਮਾਸਕ ਲਗਾਏ ਤੇ ਨਿਰਧਾਰਿਤ ਦੂਰੀ ਦਾ ਪਾਲਣ ਕਰਦਿਆਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਲੋਕ ਸਭਾ ਪ੍ਰਧਾਨ ਓਮ ਬਿਰਲਾ, ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਰਾਸ਼ਟਰੀ ਸਵੈਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ, ਭਾਜਪਾ ਪ੍ਰਧਾਨ ਜੇਪੀ ਨੱਢਾ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਕੇਂਦਰੀ ਮੰਤਰੀ ਨਿਰਮਲਾ ਸੀਤਾਰਾਮਨ ਤੇ ਹਰਸ਼ ਵਰਧਨ, ਕਾਂਗਰਸ ਆਗੂ ਅਧੀਰ ਰੰਜਨ ਚੌਧਰੀ, ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਡੀ ਰਾਜਾ, ਰੱਖਿਆ ਮੰਤਰੀ ਰਾਜਨਾਥ ਸਿੰਘ, ਚੀਫ ਆਫ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ, ਥਲ ਸੈਨਾ ਮੁਖੀ ਜਨਰਲ ਐੱਮਐੱਮ ਨਰਵਾਣੇ, ਹਵਾਈ ਸੈਨਾ ਮੁਖੀ ਆਰਕੇਐੱਸ ਭਦੌਰੀਆ, ਜਲ ਸੈਨਾ ਮੁਖੀ ਕਰਮਬੀਰ ਸਿੰਘ ਸਮੇਤ ਹੋਰ ਕਈ ਹਸਤੀਆਂ ਨੇ ਵੀ ਪ੍ਰਣਬ ਮੁਖਰਜੀ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸੇ ਦੌਰਾਨ ਕੇਂਦਰੀ ਮੰਤਰੀ ਮੰਡਲ ਨੇ ਸ੍ਰੀ ਮੁਖਰਜੀ ਦੇ ਦੇਹਾਂਤ ’ਤੇ ਦੁਖ ਪ੍ਰਗਟ ਕਰਦਿਆਂ ਕਿਹਾ ਕਿ ਦੇਸ਼ ਨੇ ਇੱਕ ਵਿਲੱਖਣ ਆਗੂ ਤੇ ਸੰਸਦ ਮੈਂਬਰ ਗੁਆ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਦੋ ਮਿੰਟ ਦਾ ਮੌਨ ਰੱਖ ਕੇ ਸ੍ਰੀ ਮੁਖਰਜੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸੇ ਦੌਰਾਨ ਨੈਸ਼ਨਲ ਕਾਨਫਰੰਸ ਦੇ ਮੁਖੀ ਤੇ ਸੰਸਦ ਮੈਂਬਰ ਫਾਰੂਕ ਅਬਦੁੱਲ੍ਹਾ ਨੇ ਵੀ ਪ੍ਰਣਬ ਮੁਖਰਜੀ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ।