ਨਵੀਂ ਦਿੱਲੀ (ਸਮਾਜ ਵੀਕਲੀ) : ਭਾਰਤ ਨੇ ਚੀਨ ਵੱਲੋਂ ਪੈਂਗੌਂਗ ਝੀਲ ਦੇ ਦੱਖਣੀ ਕੰਢੇ ’ਤੇ 29 ਤੇ 30 ਅਗਸਤ ਦੀ ਦਰਮਿਆਨੀ ਰਾਤ ਨੂੰ ਕੀਤੀ ਸੱਜਰੀ ਘੁਸਪੈਠ ਨੂੰ ਦੋਵਾਂ ਮੁਲਕਾਂ ਵਿੱਚ ਬਣੀ ਸਹਿਮਤੀ ਦਾ ‘ਮੁਕੰਮਲ ਨਿਰਾਦਰ’ ਕਰਾਰ ਦਿੱਤਾ ਹੈ। ਭਾਰਤ ਨੇ ਸਫ਼ਾਰਤੀ ਤੇ ਫੌਜੀ ਚੈਨਲਾਂ ਜ਼ਰੀਏ ਭੇਜੇ ਸੁਨੇਹੇ ਵਿੱਚ ਚੀਨ ਨੂੰ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ’ਤੇ ਤਾਇਨਾਤ ਆਪਣੇ ਫੌਜੀਆਂ ਨੂੰ ਅਨੁਸ਼ਾਸਨ ਤੇ ਜ਼ਾਬਤੇ ’ਚ ਰੱਖਣ ਲਈ ਕਿਹਾ ਹੈ।

ਇਸ ਦੌਰਾਨ ਦੋਵਾਂ ਮੁਲਕਾਂ ਨੇ ਤਲਖੀ ਨੂੰ ਘਟਾਉਣ ਲਈ ਅੱਜ ਫ਼ੌਜੀ ਪੱਧਰ ਦੇ ਇਕ ਹੋਰ ਗੇੜ ਦੀ ਗੱਲਬਾਤ ਕੀਤੀ। ਸਰਕਾਰੀ ਸੂਤਰਾਂ ਨੇ ਕਿਹਾ ਕਿ ਬ੍ਰਿਗੇਡ ਕਮਾਂਡਰ ਪੱਧਰ ਦੀ ਗੱਲਬਾਤ ਅੱਜ ਸਵੇਰੇ ਦਸ ਵਜੇ ਚੁਸ਼ੂਲ ਵਿੱਚ ਅਸਲ ਕੰਟਰੋਲ ਰੇਖਾ ’ਤੇ ਭਾਰਤ ਵਾਲੇ ਪਾਸੇ ਹੋਈ। ਸੂਤਰਾਂ ਨੇ ਕਿਹਾ ਕਿ ਗੱਲਬਾਤ ਦਾ ਮੁੱਖ ਏਜੰਡਾ ਪੌਂਗੌਗ ਝੀਲ ਦੁਆਲੇ ਮੌਜੂਦਾ ਹਾਲਾਤ ਸਨ। ਉਂਜ ਮੀਟਿੰਗ ਬਾਰੇ ਬਹੁਤੀ ਤਫ਼ਸੀਲ ਨਹੀਂ ਮਿਲ ਸਕੀ। ਇਸ ਤੋਂ ਪਹਿਲਾਂ ਦੋਵਾਂ ਧਿਰਾਂ ਨੇ ਸੋਮਵਾਰ ਨੂੰ ਛੇ ਘੰਟੇ ਦੇ ਕਰੀਬ ਗੱਲਬਾਤ ਕੀਤੀ ਸੀ, ਪਰ ਇਸ ਦੌਰਾਨ ਕੋਈ ਠੋਸ ਨਤੀਜਾ ਨਹੀਂ ਨਿਕਲਿਆ।

ਉਧਰ ਭਾਰਤੀ ਫ਼ੌਜ ਨੇ ਪੈਂਗੌਂਗ ਝੀਲ ਦੁਆਲੇ ਰਣਨੀਤਕ ਪੱਖੋਂ ਅਹਿਮ ਚੋਟੀਆਂ ’ਤੇ ਆਪਣੀ ਮੌਜੂਦਗੀ ਵਧਾ ਦਿੱਤੀ ਹੈ। ਵਿਸ਼ੇਸ਼ ਫਰੰਟੀਅਰ ਬਲ ਦੀ ਇਕ ਬਟਾਲੀਅਨ ਨੂੰ ਖੇਤਰ ਵਿੱਚ ਤਾਇਨਾਤ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਨੁਰਾਗ ਸ੍ਰੀਵਾਸਤਵ ਨੇ ਚੀਨ ਵੱਲੋਂ ਪੈਂਗੌਂਗ ਝੀਲ ਖੇਤਰ ਵਿੱਚ ‘ਮੌਜੂਦਾ ਸਥਿਤੀ’ ਨੂੰ ਬਦਲਣ ਲਈ ਕੀਤੀ ਗਈ ਸੱਜਰੀ ਕੋਸ਼ਿਸ਼ ਨੂੰ ਦੋਵਾਂ ਮੁਲਕਾਂ ਦਰਮਿਆਨ ਬਣੀ ਸਮਝ ਦਾ ‘ਮੁਕੰਮਲ ਨਿਰਾਦਰ’ ਦੱਸਿਆ ਹੈ।

ਸ੍ਰੀਵਾਸਤਵਾ ਨੇ ਕਿਹਾ ਕਿ ਭਾਰਤ ਨੇ ਸਫ਼ਾਰਤੀ ਤੇ ਫੌਜੀ ਚੈਨਲਾਂ ਜ਼ਰੀਏ ਚੀਨ ਨਾਲ ਰਾਬਤਾ ਕਰਦਿਆਂ ਸਰਹੱਦ ’ਤੇ ਤਾਇਨਾਤ ਚੀਨੀ ਫੌਜਾਂ ਨੂੰ ਅਨੁਸ਼ਾਸਨ ਤੇ ਜ਼ਾਬਤੇ ਵਿੱਚ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਵੱਲੋਂ ਸਮੇਂ ਸਿਰ ਕੀਤੀ ਕਾਰਵਾਈ ਕਰਕੇ ਉਹ ਚੀਨੀ ਫੌਜ ਦੇ ਘੁਸਪੈਠ ਦੇ ਯਤਨ ਨੂੰ ਨਾਕਾਮ ਕਰਨ ਵਿੱਚ ਸਫ਼ਲ ਰਹੇ।

ਚੇਤੇ ਰਹੇ ਕਿ ਭਾਰਤੀ ਥਲ ਸੈਨਾ ਨੇ ਸੋਮਵਾਰ ਨੂੰ ਦਾਅਵਾ ਕੀਤਾ ਸੀ ਕਿ 29 ਤੇ 30 ਅਗਸਤ ਦੀ ਦਰਮਿਆਨੀ ਰਾਤ ਨੂੰ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਪੈਂਗੌਂਗ ਝੀਲ ਦੇ ਦੱਖਣੀ ਕੰਢੇ ’ਤੇ ਘੁਸਪੈਠ ਕਰਦਿਆਂ ਮੌਜੂਦਾ ਸਥਿਤੀ ਨੂੰ ਇਕਪਾਸੜ ਤਰੀਕੇ ਨਾਲ ਬਦਲਣ ਦਾ ਯਤਨ ਕੀਤਾ, ਜਿਸ ਨੂੰ ਭਾਰਤੀ ਫੌਜ ਨੇ ਦਲੇਰੀ ਨਾਲ ਨਾਕਾਮ ਕਰ ਦਿੱਤਾ। ਸੂਤਰਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਪੈਂਗੌਂਗ ਝੀਲ ਦੇ ਉੱਤਰੀ ਕੰਢੇ ’ਤੇ ਦੋਵਾਂ ਮੁਲਕਾਂ ਦੀਆਂ ਫੌਜਾਂ ਦਰਮਿਆਨ ਤਲਖੀ ਜ਼ਰੂਰ ਹੁੰਦੀ ਰਹੀ ਹੈ, ਪਰ ਝੀਲ ਦੇ ਦੱਖਣੀ ਕੰਢੇ ’ਤੇ ਇਹ ਅਜਿਹਾ ਪਹਿਲਾ ਮੌਕਾ ਹੈ।

Previous articleਯੁੱਧਵੀਰ ਮਾਣਕ ਜਲਦ ਲੈ ਕੇ ਹਾਜ਼ਰ ਹੋਵੇਗਾ ਨਵਾਂ ਟਰੈਕ – ਮਾਣਕ ਸੁਰਜੀਤ, ਮਨੋਹਰ ਧਾਰੀਵਾਲ
Next articleਪ੍ਰਣਬ ਮੁਖਰਜੀ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ