‘ਪਟਿਆਲਾ ਹੈਰੀਟੇਜ ਫੈਸਟੀਵਲ ਪੋਲੋ ਕੱਪ’ ਦੇ ਅੱਜ ਪੰਜਵੇਂ ਦਿਨ ਬਹਾਦਰਗੜ੍ਹ ਦੀ ਪੋਲੋ ਟੀਮ ਨੇ ਕਿਲ੍ਹਾ ਮੁਬਾਰਕ ਨੂੰ 7-5 ਅੰਕਾਂ ਨਾਲ ਹਰਾ ਦਿੱਤਾ। ਪੰਜਾਬ ਦੇ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਵੱਲੋਂ ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਵਿਰਾਸਤੀ ਉਤਸਵ ਪੋਲੋ ਕੱਪ ਮੈਚ ਦੌਰਾਨ ਦੋਵੇਂ ਟੀਮਾਂ ਪਹਿਲੇ ਚੱਕਰ ਵਿੱਚ ਕੋਈ ਗੋਲ ਨਹੀਂ ਕਰ ਸਕੀਆਂ। ਤੀਜੇ ਚੱਕਰ ’ਚ ਬਹਾਦਰਗੜ੍ਹ ਟੀਮ ਨੇ ਦਬਾਅ ਜਾਰੀ ਰੱਖਦਿਆਂ ਚਾਰ ਗੋਲ ਦਾਗ਼ੇ। ਇਸ ਚੱਕਰ ’ਚ ਗੋਲ ਕਰਨ ਲਈ ਕਿਲ੍ਹਾ ਮੁਬਾਰਕ ਟੀਮ ਦੇ ਐੱਨ ਐੱਸ ਸੰਧੂ, ਗੁਰਪਾਲ ਸਿੰਘ ਸੰਧੂ ਨੂੰ ਬਹਾਦਰਗੜ੍ਹ ਟੀਮ ਦੇ ਅਰਜੁਨ ਐਵਾਰਡੀ ਕਰਨਲ (ਸੇਵਾ ਮੁਕਤ) ਰਵੀ ਰਾਠੌਰ ਤੇ ਰੋਹਾਨ ਸਹਾਰਨ ਵੱਲੋਂ ਸਖ਼ਤ ਟੱਕਰ ਦਿੱਤੀ ਗਈ। ਅਖ਼ੀਰ ਬਹਾਦਰਗੜ੍ਹ ਨੇ ਇਹ ਮੈਚ 7-5 ਗੋਲਾਂ ਨਾਲ ਆਪਣੇ ਨਾਮ ਕਰ ਲਿਆ। ਇਸ ਮਗਰੋਂ ਗੁਰਪਾਲ ਸਿੰਘ ਸੰਧੂ, ਰਜੇਸ਼ ਸਹਿਗਲ, ਪੀਪੀ ਐੱਸ ਸਕੂਲ ਨਾਭਾ ਅਤੇ ਫ਼ੌਜ ਦੇ 61 ਕੈਵਲਰੀ ਦੇ ਘੋੜ ਸਵਾਰ ਵਿਦਿਆਰਥੀਆਂ ਨੇ ਘੋੜਸਵਾਰੀ ਦੇ ਕਰਤੱਬ ਦਿਖਾਏ। ਉਨ੍ਹਾਂ ਨੇ ਘੋੜਸਵਾਰੀ ਕਰਦਿਆਂ ਖੜੇ ਹੋ ਕੇ ਸਲਿਊਟ, ਲੈਂਸ ਪੈਗ, ਤੀਹਰੀ ਟੈਂਟ ਪੈਗਿੰਗ, ਇੰਡੀਅਨ ਫਾਈਲ, ਰੁਮਾਲ ਚੁੱਕਣਾ, ਟ੍ਰਿਕ ਟੈਂਟ ਪੈਗਿੰਗ ਆਦਿ ਕਰਤੱਬ ਦਿਖਾਏ। ਮੈਚ ਦੌਰਾਨ ਕਰਨਲ (ਸੇਵਾ ਮੁਕਤ) ਮਨੋਜ ਦੀਵਾਨ ਤੇ ਲੈਫ. ਕਰਨਲ (ਸੇਵਾ ਮੁਕਤ) ਪ੍ਰਤੀਕ ਮਿਸ਼ਰਾ ਨੇ ਅੰਪਾਇਰ ਅਤੇ ਕਰਨਲ (ਸੇਵਾ ਮੁਕਤ) ਆਰਪੀਐੱਸ ਬਰਾੜ ਨੇ ਰੈਫਰੀ ਦੀ ਭੂਮਿਕਾ ਨਿਭਾਈ। ਮੁੱਖ ਮਹਿਮਾਨ ਵਜੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਸ਼ਿਰਕਤ ਕੀਤੀ।
Sports ਪੋਲੋ ਕੱਪ: ਬਹਾਦਰਗੜ੍ਹ ਦੀ ਕਿਲ੍ਹਾ ਮੁਬਾਰਕ ’ਤੇ ਜਿੱਤ