ਪੈਰਾਲੰਪਿਕ-2016 ਵਿੱਚ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਦੀਪਾ ਮਲਿਕ ਸੱਟ ਕਾਰਨ ਅਗਲੀਆਂ ਖੇਡਾਂ ਤੋਂ ਹਟ ਗਈ ਹੈ। ਉਹ ਇਸ ਦੀ ਥਾਂ ਤੈਰਾਕੀ ਨਾਲ ਜੁੜਨ ’ਤੇ ਵਿਚਾਰ ਕਰ ਰਹੀ ਹੈ। ਦੀਪਾ ਨੇ ਪੈਰਾਲੰਪਿਕ-2016 ਦੌਰਾਨ ਸ਼ਾਟ-ਪੁੱਟ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਉਸ ਨੇ ਖੁਲਾਸਾ ਕੀਤਾ ਕਿ ਟੋਕੀਓ ਵਿੱਚ 25 ਅਗਸਤ 2020 ਤੋਂ ਹੋਣ ਵਾਲੀ ਪੈਰਾਲੰਪਿਕ ਵਿੱਚ ਉਸ ਦੇ ਵਰਗ ਵਿੱਚ ਸ਼ਾਟ-ਪੁੱਟ ਅਤੇ ਜੈਵਲਿਨ ਦੇ ਮੁਕਾਬਲੇ ਨਹੀਂ ਹਨ। ਦੀਪਾ ਨੇ ਕਿਹਾ, ‘‘ਇਹ ਬਹੁਤ ਮੰਦਭਾਗਾ ਹੈ ਕਿ 2020 (ਪੈਰਾਲੰਪਿਕ) ਅਤੇ ਵਿਸ਼ਵ ਚੈਂਪੀਅਨਸ਼ਿਪ ਵਿੱਚ 53 ਕਿਲੋ ਵਜ਼ਨ ਵਰਗ ਵਿੱਚ ਮੇਰੇ ਮੁਕਾਬਲੇ ਜੈਵਲਿਨ ਥਰੋਅ ਅਤੇ ਸ਼ਾਟ-ਪੁੱਟ ਨਹੀਂ ਹਨ। ਮੇਰੇ ਵਰਗ ਵਿੱਚ ਸਿਰਫ਼ ਡਿਸਕਸ ਥਰੋਅ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।’’ ਦੀਪਾ ਨੇ ਬਾਂਦਰਾ-ਕੁਰਲਾ ਕੰਪਲੈਕਸ ਵਿੱਚ ਭਾਰਤ ਦੇ ਸਾਬਕਾ ਸਪਿੰਨਰ ਨੀਲੇਸ਼ ਕੁਲਕਰਨੀ ਵੱਲੋਂ ਸਥਾਪਤ ‘ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਮੈਨੇਜਮੈਂਟ’ ਦੇ ਸਮਾਰੋਹ ਵਿੱਚ ਹਿੱਸਾ ਲਿਆ। ਤੈਰਾਕੀ ਨਾਲ ਜੁੜਨ ਲਈ ਉਤਸੁਕ ਦੀਪਾ ਨੇ ਕਿਹਾ ਕਿ ਉਸ ਨੇ ਡਿਸਕਸ ਥਰੋਅ ਨਾਲ ਜੁੜਨ ਦਾ ਅਭਿਆਸ ਕਰਨ ਦਾ ਯਤਨ ਕੀਤਾ ਸੀ, ਪਰ ਸੱਟ ਕਾਰਨ ਪਿੱਛੇ ਹਟ ਗਈ। ਉਸ ਨੇ ਕਿਹਾ, ‘‘ਮੈਂ ਡਿਸਕਸ ਥਰੋਅ ਸਿੱਖਣ ਦਾ ਯਤਨ ਕੀਤਾ, ਜੋ ਮੇਰੀ ਖੇਡ ਨਹੀਂ ਹੈ। 2020 (ਪੈਰਾਲੰਪਿਕ) ਦੀ ਤਿਆਰੀ ਦੌਰਾਨ ਮੈਂ ਜਕਾਰਤਾ ਵਿੱਚ ਏਸ਼ਿਆਈ ਖੇਡਾਂ-2018 ਵਿੱਚ ਕਾਂਸੀ ਦਾ ਤਗ਼ਮਾ (ਡਿਸਕਸ ਥਰੋਅ) ਜਿੱਤਿਆ।’’ ਸਮੁੰਦਰੀ ਤੈਰਾਕੀ ਨਾਲ ਜੁੜਨ ਲਈ ਉਤਸੁਕ ਦੀਪਾ ਨੇ ਕਿਹਾ, ‘‘ਇਸ ਸਾਲ ਮੈਂ ਸਮੁੰਦਰੀ ਤੈਰਾਕੀ ਵਿੱਚ ਨਿੱਜੀ ਰਿਕਾਰਡ ਬਣਾਉਣਾ ਚਾਹੁੰਦੀ ਹਾਂ। ਮੈਂ ਸਮੁੰਦਰ ਦੇ ਪਾਣੀ ਨੂੰ ਛੂਹਣਾ ਚਾਹੁੰਦੀ ਹਾਂ।’’
Sports ਪੈਰਾਲੰਪਿਕ ’ਚ ਹਿੱਸਾ ਨਹੀਂ ਲਵੇਗੀ ਦੀਪਾ ਮਲਿਕ