ਵਿਜੈਵੀਰ ਨੂੰ ਜੂਨੀਅਰ ਵਿਸ਼ਵ ਕੱਪ ਵਿੱਚ ਤੀਜਾ ਸੋਨ ਤਗ਼ਮਾ

ਨਿਸ਼ਾਨੇਬਾਜ਼ ਵਿਜੈਵੀਰ ਸਿੰਘ ਸਿੱਧੂ ਨੇ ਅੱਜ ਜਰਮਨੀ ਦੇ ਸੁਹਲ ਵਿੱਚ ਰਾਜਕੰਵਰ ਸਿੰਘ ਸੰਧੂ ਅਤੇ ਆਦਰਸ਼ ਸਿੰਘ ਨਾਲ ਮਿਲ ਕੇ ਪੁਰਸ਼ਾਂ ਦੇ 25 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ। ਵਿਜੈਵੀਰ ਸਿੱਧੂ ਦਾ ਆਈਐੱਸਐੱਸਐੱਫ ਜੂਨੀਅਰ ਵਿਸ਼ਵ ਕੱਪ ਵਿੱਚ ਇਹ ਤੀਜਾ, ਜਦੋਂਕਿ ਆਦਰਸ਼ ਸਿੰਘ ਦਾ ਦੂਜਾ ਸੋਨ ਤਗ਼ਮਾ ਹੈ। ਭਾਰਤ ਨੇ ਤਗ਼ਮਿਆਂ ਦੀ ਸੂਚੀ ਵਿੱਚ ਚੋਟੀ ਦਾ ਸਥਾਨ ਬਰਕਰਾਰ ਰੱਖਿਆ ਹੈ। ਉਸ ਨੇ ਹੁਣ ਤੱਕ ਸੱਤ ਸੋਨ ਤਗ਼ਮਿਆਂ ਸਣੇ ਕੁੱਲ 16 ਤਗ਼ਮੇ ਜਿੱਤੇ ਹਨ। ਭਾਰਤ ਨੂੰ ਦਿਨ ਦਾ ਦੂਜਾ ਤਗ਼ਮਾ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਵਿੱਚ ਹਰਿਦੈ ਹਜ਼ਾਰਿਕਾ, ਯਸ਼ਵਰਧਨ ਅਤੇ ਪਾਰਥ ਮਖੀਜਾ ਦੀ ਟੀਮ ਨੇ ਦਿਵਾਇਆ। ਇਨ੍ਹਾਂ ਤਿੰਨਾਂ ਨੇ ਕੁੱਲ 1877.4 ਦਾ ਕੁੱਲ ਸਕੋਰ ਬਣਾ ਕੇ ਚਾਂਦੀ ਦਾ ਤਗ਼ਮਾ ਜਿੱਤਿਆ। ਸੋਨ ਤਗ਼ਮਾ ਜਿੱਤਣ ਵਾਲੀ ਚੀਨੀ ਟੀਮ ਤੋਂ ਉਸ ਦਾ ਸਕੋਰ 0.4 ਘੱਟ ਰਿਹਾ। ਚੀਨ ਨੇ ਇਸ ਦੌਰਾਨ ਜੂਨੀਅਰ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ। ਜੂਨੀਅਰ ਵਿਸ਼ਵ ਚੈਂਪੀਅਨ ਹਰਿਦੈ ਨੂੰ ਦਸ ਮੀਟਰ ਏਅਰ ਰਾਈਫਲ ਵਿਅਕਤੀਗਤ ਮੁਕਾਬਲੇ ਵਿੱਚ ਝਟਕਾ ਲੱਗਿਆ। ਉਹ 24 ਸ਼ਾਟ ਦੇ ਫਾਈਨਲ ਵਿੱਚ 18ਵੇਂ ਸ਼ਾਟ ਤੱਕ ਲੀਡ ’ਤੇ ਸੀ, ਪਰ 19ਵੇਂ ਸ਼ਾਟ ਵਿੱਚ 9.6 ਦਾ ਸਕੋਰ ਬਣਾਉਣ ਕਾਰਨ ਉਹ ਚੌਥੇ ਸਥਾਨ ’ਤੇ ਖਿਸਕ ਗਿਆ। ਉਹ ਅਖ਼ੀਰ ਵਿੱਚ 207.3 ਦੇ ਕੁੱਲ ਸਕੋਰ ਨਾਲ ਚੌਥੇ ਸਥਾਨ ’ਤੇ ਹੀ ਰਿਹਾ। ਰੂਸ ਦੇ ਗ੍ਰਿਗੋਰਿਲ ਸ਼ਾਮਾਕੋਵ ਨੇ 250.0 ਦਾ ਸਕੋਰ ਬਣਾ ਕੇ ਸੋਨ ਤਗ਼ਮਾ ਜਿੱਤਿਆ।

Previous articleਪੈਰਾਲੰਪਿਕ ’ਚ ਹਿੱਸਾ ਨਹੀਂ ਲਵੇਗੀ ਦੀਪਾ ਮਲਿਕ
Next articleਮਹਾਰਾਜਾ ਰਣਜੀਤ ਸਿੰਘ ਐਵਾਰਡ ਦੀ ਰਾਸ਼ੀ 5 ਲੱਖ ਹੋਵੇਗੀ: ਰਾਣਾ ਸੋਢੀ