ਸਥਾਨਕ ਗੁਰੂ ਨਾਨਕ ਦੇਵ ਪੌਲੀਟੈਕਨਿਕ ਕਾਲਜ ਵਿਚ ਇਲੈਕਟ੍ਰੀਕਲ ਇੰਜਨੀਅਰ ਦਾ ਡਿਪਲੋਮਾ ਕਰਦੇ ਵਿਦਿਆਰਥੀਆਂ ਨੇ ਪੰਜਵੇਂ ਸਮੈਸਟਰ ਦੇ ਪੇਪਰਾਂ ਦੀ ਮੁੜ ਜਾਂਚ ਕਰਨ ਦੀ ਮੰਗ ਨੂੰ ਲੈ ਕੇ ਅੱਜ ਕਾਲਜ ਕੈਂਪ ਅੱਗੇ ਰੋਸ ਪ੍ਰਦਰਸ਼ਨ ਕੀਤਾ। ਇਨ੍ਹਾਂ ਵਿਦਿਆਰਥੀਆਂ ਦਾ ਕਹਿਣਾ ਸੀ ਕਿ 55 ਵਿੱਚੋਂ 43 ਵਿਦਿਆਰਥੀਆਂ ਦੀ ਕੰਪਾਰਟਮੈਂਟ ਆਉਣਾ ਪੇਪਰਾਂ ਦੀ ਚੈਕਿੰਗ ’ਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ। ਕਾਲਜ ਕੈਂਪਸ ਦੇ ਬਾਹਰ ਸੜਕ ’ਤੇ ਰੋਸ ਪ੍ਰਗਟਾਉਂਦੇ ਵਿਦਿਆਰਥੀਆਂ ਨੇ ਦੱਸਿਆ ਕਿ ਉਹ ਇਸ ਕਾਲਜ ਵਿਚ ਇਲੈਕਟ੍ਰੀਕਲ ਇੰਜਨੀਅਰਿਗ ਦਾ ਤਿੰਨ ਸਾਲਾ ਡਿਪਲੋਮਾ ਕਰ ਰਹੇ ਹਨ। ਕਰੀਬ ਮਹੀਨਾਂ ਕੁ ਪਹਿਲਾਂ ਉਨ੍ਹਾਂ ਦਾ ਪੰਜਵੇਂ ਸਮੈਸਟਰ ਦਾ ਨਤੀਜਾ ਆਇਆ ਸੀ। ਇਸ ਅਨੁਸਾਰ ਜਮਾਤ ਦੇ 55 ਵਿਚੋਂ 43 ਵਿਦਿਆਰਥੀਆਂ ਦੀ ਦੋ ਵਿਸ਼ਿਆਂ ਇੰਸਟਰੂਮੈਂਟ ਅਤੇ ਇਲੈਕਟ੍ਰੀਕਲ ਮਸ਼ੀਨ ਵਿਸ਼ਿਆਂ ਵਿਚੋਂ ਸਪਲੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇੰਨੇ ਵਿਦਿਆਰਥੀਆਂ ਦੀ ਸਪਲੀ ਨਹੀਂ ਆ ਸਕਦੀ, ਜਿਸ ਕਰਕੇ ਉਹ ਪੇਪਰਾਂ ਦੀ ਮੁੜ ਜਾਂਚ ਕਰਨ ਦੀ ਮੰਗ ਕਰ ਰਹੇ ਹਨ। ਇਸ ਸਬੰਧੀ ਉਹ ਪਿਛਲੇ ਕਈ ਦਿਨਾਂ ਤੋਂ ਕਈ ਸਿਆਸੀ ਆਗੂਆਂ ਅਤੇ ਬੋਰਡ ਦੇ ਅਧਿਕਾਰੀਆਂ ਨੂੰ ਵੀ ਮਿਲ ਚੁੱਕੇ ਹਨ ਪਰ ਕੋਈ ਹੱਲ ਨਹੀਂ ਨਿਕਲਿਆ। ਵਿਦਿਆਰਥੀਆਂ ਨੇ ਕਿਹਾ ਕਿ ਹੁਣ ਉਨ੍ਹਾਂ ਦੇ ਛੇਵੇਂ ਸਮੈਸਟਰ ਦੀ ਪੜ੍ਹਾਈ ਖਤਮ ਹੋਣ ’ਚ ਵੀ ਸਿਰਫ਼ 10 ਕੁ ਦਿਨ ਬਾਕੀ ਹਨ ਜਦਕਿ ਮਈ ਮਹੀਨੇ ਪ੍ਰੀਖਿਆਵਾਂ ਸ਼ੁਰੂ ਹੋ ਜਾਣੀਆਂ ਹਨ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ, ਬੋਰਡ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦਾ ਭਵਿੱਖ ਖ਼ਰਾਬ ਹੋਣ ਤੋਂ ਬਚਾਉਣ ਲਈ ਪੇਪਰਾਂ ਦੀ ਰੀ-ਚੈਕਿੰਗ ਕਰਵਾਈ ਜਾਵੇ। ਇਸ ਦੌਰਾਨ ਉਨ੍ਹਾਂ ਨੇ ਕੁਝ ਮਿੰਟ ਸੜਕ ਦੇ ਵਿਚਕਾਰ ਧਰਨਾ ਲਾ ਕੇ ਰੋਸ ਪ੍ਰਗਟਾਇਆ।
INDIA ਪੇਪਰਾਂ ਦੀ ਦੁਬਾਰਾ ਚੈਕਿੰਗ ਲਈ ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ