ਪੂਰਬੀ ਲੱਦਾਖ ’ਚ ਚੀਨੀ ਫ਼ੌਜ ਅਜੇ ਪੂਰੀ ਤਰ੍ਹਾਂ ਪਿੱਛੇ ਨਹੀਂ ਹਟੀ: ਭਾਰਤ

ਨਵੀਂ ਦਿੱਲੀ (ਸਮਾਜ ਵੀਕਲੀ) : ਭਾਰਤ ਨੇ ਵੀਰਵਾਰ ਨੂੰ ਕਿਹਾ ਹੈ ਕਿ ਪੁਰਬੀ ਲੱਦਾਖ ’ਚ ਫ਼ੌਜਾਂ ਦੇ ਪਿੱਛੇ ਹਟਣ ਦਾ ਅਮਲ ਅਜੇ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੋਇਆ ਹੈ। ਉਂਜ ਕੁਝ ਫ਼ੌਜ ਜ਼ਰੂਰ ਪਿੱਛੇ ਹਟੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਦੋ ਦਿਨ ਪਹਿਲਾਂ ਚੀਨ ਨੇ ਦਾਅਵਾ ਕੀਤਾ ਸੀ ਕਿ ਦੋਵੇਂ ਮੁਲਕਾਂ ਦੀਆਂ ਫ਼ੌਜਾਂ ਜ਼ਿਆਦਾਤਰ ਟਿਕਾਣਿਆਂ ਤੋਂ ਪਿੱਛੇ ਹਟ ਗਈਆਂ ਹਨ।

ਚੀਨ ਨੇ ਇਹ ਵੀ ਕਿਹਾ ਸੀ ਕਿ ਅਸਲ ਕੰਟਰੋਲ ਰੇਖਾ ’ਤੇ ਤਣਾਅ ਲਗਾਤਾਰ ਘਟਦਾ ਜਾ ਰਿਹਾ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਨੁਰਾਗ ਸ੍ਰੀਵਾਸਤਵ ਨੇ ਆਨਲਾਈਨ ਮੀਡੀਆ ਕਾਨਫਰੰਸ ਦੌਰਾਨ ਕਿਹਾ ਕਿ ਸਰਹੱਦ ਤੋਂ ਫ਼ੌਜ ਹਟਾਉਣ ਦੇ ਕੰਮ ’ਚ ਕੁਝ ਪ੍ਰਕਤੀ ਹੋਈ ਹੈ ਪਰ ਫ਼ੌਜ ਅਜੇ ਪੂਰੀ ਤਰ੍ਹਾਂ ਨਾਲ ਪਿੱਛੇ ਨਹੀਂ ਹਟੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਦੀਆਂ ਫ਼ੌਜਾਂ ਦੇ ਸੀਨੀਅਰ ਕਮਾਂਡਰਾਂ ਦੀ ਨੇੜ ਭਵਿੱਖ ’ਚ ਬੈਠਕ ਹੋਵੇਗੀ ਜਿਸ ’ਚ ਫ਼ੌਜਾਂ ਨੂੰ ਮੁਕੰਮਲ ਤੌਰ ’ਤੇ ਪਿੱਛੇ ਹਟਾਉਣ ਲਈ ਉਠਾਏ ਜਾਣ ਵਾਲੇ ਕਦਮਾਂ ਬਾਰੇ ਵਿਚਾਰਾਂ ਹੋਣਗੀਆਂ।

ਸ੍ਰੀਵਾਸਤਵ ਨੇ ਕਿਹਾ ਕਿ ਸਰਹੱਦੀ ਇਲਾਕਿਆਂ ’ਚ ਸ਼ਾਂਤੀ ਅਤੇ ਸਥਿਰਤਾ ਦੋਵੇਂ ਮੁਲਕਾਂ ਦੇ ਦੁਵੱਲੇ ਸਬੰਧਾਂ ਦਾ ਆਧਾਰ ਹੈ। ਉਨ੍ਹਾਂ ਆਸ ਜਤਾਈ ਕਿ ਚੀਨ ਵਿਸ਼ੇਸ਼ ਨੁਮਾਇੰਦਿਆਂ ਦੀ ਬੈਠਕ ’ਚ ਬਣੀ ਸਹਿਮਤੀ ਦੇ ਆਧਾਰ ’ਤੇ ਸਰਹੱਦੀ ਇਲਾਕਿਆਂ ’ਚ ਸ਼ਾਂਤੀ ਬਹਾਲੀ ਦੇ ਕਦਮਾਂ ’ਚ ਸਹਿਯੋਗ ਦੇਵੇਗਾ।

Previous articleCloudburst in Uttarakhand, Army rushed to carry out rescue operations
Next articleHUM cover for contractual workers in Haryana