ਵਾਸ਼ਿੰਗਟਨ (ਸਮਾਜਵੀਕਲੀ) : ਟਰੰਪ ਪ੍ਰਸ਼ਾਸਨ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਨਜ਼ਦੀਕੀ ਕਾਰੋਬਾਰੀ ਨਾਲ ਜੁੜੀਆਂ ਕੰਪਨੀਆਂ ’ਤੇ ਪਾਬੰਦੀਆਂ ਲਗਾਈਆਂ ਹਨ। ਸ਼ੱਕ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ 2016 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਅਮਰੀਕੀ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਸੋਸ਼ਲ ਮੀਡੀਆ ’ਤੇ ਮੁਹਿੰਮ ਛੇੜੀ ਅਤੇ ਵਿੱਤੀ ਮਦਦ ਪ੍ਰਦਾਨ ਕੀਤੀ।
ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਕਿਹਾ ਕਿ ਅਧਿਕਾਰੀਆਂ ਨੇ ਯੇਵਜਨੀ ਪ੍ਰਿਗੋਜ਼ਿਨ ਦੀਆਂ ਕੰਪਨੀਆਂ ਖਿਲਾਫ਼ ਕਾਰਵਾਈ ਕੀਤੀ ਹੈ ਜੋ ਸੂਡਾਨ ’ਚ ਪਾਬੰਦੀਆਂ ਤੋਂ ਬਚਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਯੇਵਜਨੀ ਨੂੰ ‘ਪੂਤਿਨ ਦੇ ਖਾਨਸਾਮੇ’ ਵਜੋਂ ਜਾਣਿਆ ਜਾਂਦਾ ਹੈ ਅਤੇ ਉਹ 2018 ’ਚ ਸੁਰਖੀਆਂ ’ਚ ਆਇਆ ਸੀ ਜਦੋਂ ਉਹ ਤੇ ਰੂਸੀ ਕੰਪਨੀਆਂ ਨੂੰ ਰੂਸ ਤੇ ਟਰੰਪ ਦੀ ਮੁਹਿੰਮ ਵਿਚਕਾਰ ਸਬੰਧਾਂ ਦੀ ਜਾਂਚ ਦੌਰਾਨ ਜ਼ਿੰਮੇਵਾਰ ਠਹਿਰਾਇਆ ਗਿਆ ਸੀ।