ਪੁਲੀਸ ਮੁਤਾਬਕ ਆਇਸ਼ੀ ਵੀ ਹਮਲਾਵਰਾਂ ’ਚ ਸ਼ਾਮਲ

ਜੇਐੱਨਯੂ ਵਿਚ ਹੋਈ ਹਿੰਸਾ ਦੇ ਮਾਮਲੇ ’ਚ ਦਿੱਲੀ ਪੁਲੀਸ ਨੇ ਨੌਂ ਸ਼ੱਕੀ ਵਿਅਕਤੀਆਂ ਦੀਆਂ ਫੋਟੋਆਂ ਜਾਰੀ ਕੀਤੀਆਂ ਹਨ ਤੇ ਦਾਅਵਾ ਕੀਤਾ ਹੈ ਕਿ ’ਵਰਸਿਟੀ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਵੀ ਇਨ੍ਹਾਂ ਵਿਚ ਸ਼ਾਮਲ ਹੈ। ਪੁਲੀਸ ਨੇ ਦਾਅਵਾ ਕੀਤਾ ਹੈ ਕਿ ਸੱਤ ਜਣੇ ਖੱਬੇ ਪੱਖੀ ਵਿਦਿਆਰਥੀ ਸੰਗਠਨ ਨਾਲ ਸਬੰਧਤ ਹਨ ਜਦਕਿ ਦੋ ਜਣੇ ਸੱਜੇ ਪੱਖੀ ਵਿਦਿਆਰਥੀ ਸੰਗਠਨ ਦੇ ਹਨ। ਕੇਸ ਦੀ ਜਾਂਚ ਕਰ ਰਹੇ ਅਪਰਾਧ ਸ਼ਾਖ਼ਾ ਦੇ ਡੀਸੀਪੀ ਜੋਏ ਟਿਰਕੇ ਨੇ ਕਿਹਾ ਕਿ ਜ਼ਿਆਦਾਤਰ ਵਿਦਿਆਰਥੀ ਪਹਿਲੀ ਤੋਂ ਪੰਜ ਜਨਵਰੀ ਤੱਕ ਸਰਦ ਰੁੱਤ ਸੈਸ਼ਨ ਲਈ ਰਜਿਸਟਰੇਸ਼ਨ ਕਰਵਾਉਣਾ ਚਾਹੁੰਦੇ ਸਨ, ਪਰ ਖੱਬੇ ਪੱਖੀ ਵਿਦਿਆਰਥੀ ਸੰਗਠਨਾਂ ਦੇ ਮੈਂਬਰ
ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਰਹੇ ਸਨ। ਡੀਸੀਪੀ ਨੇ ਕਿਹਾ ਕਿ ਪੰਜ ਜਨਵਰੀ ਨੂੰ ਹਮਲੇ ਵਾਲੇ ਦਿਨ ਯੂਨੀਵਰਸਿਟੀ ਦੇ ਪੇਰੀਆਰ ਹੋਟਸਲ ਨੂੰ ਵਿਸ਼ੇਸ਼ ਤੌਰ ’ਤੇ ਨਿਸ਼ਾਨਾ ਬਣਾਇਆ ਗਿਆ ਸੀ। ਪੁਲੀਸ ਅਧਿਕਾਰੀ ਨੇ ਦਾਅਵਾ ਕੀਤਾ ਕਿ ਆਇਸ਼ੀ ਘੋਸ਼ ਸਣੇ ਕਈ ਜਣਿਆਂ ਨੇ ਹੋਸਟਲ ਵਿਚ ਵਿਦਿਆਰਥੀਆਂ ’ਤੇ ਹਮਲਾ ਕੀਤਾ। ਜਦਕਿ ਹਮਲੇ ਵਿਚ ਜ਼ਖ਼ਮੀ ਹੋਈ ਘੋਸ਼ ਨੇ ਦਿੱਲੀ ਪੁਲੀਸ ਦੇ ਦਾਅਵਿਆਂ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਜੋ ਵੀ ਸਬੂਤ ਪੁਲੀਸ ਕੋਲ ਉਸ ਖ਼ਿਲਾਫ਼ ਹੈ, ਉਹ ਲੋਕਾਂ ਸਾਹਮਣੇ ਪੇਸ਼ ਕੀਤੇ ਜਾਣ। ਦਿੱਲੀ ਪੁਲੀਸ ਨੂੰ ਕੈਂਪਸ ਵਿਚ ਹੋਈ ਹਿੰਸਾ ਨਾਲ ਜੁੜੀਆਂ 3 ਹੋਰ ਸ਼ਿਕਾਇਤਾਂ ਮਿਲੀਆਂ ਹਨ। ਹੁਣ ਤੱਕ ਕਰੀਬ 14 ਸ਼ਿਕਾਇਤਾਂ ਪੁਲੀਸ ਕੋਲ ਪੁੱਜ ਚੁੱਕੀਆਂ ਹਨ। ਇਨ੍ਹਾਂ ਦੀ ਜਾਂਚ ਅਪਰਾਧ ਸ਼ਾਖ਼ਾ ਵੱਲੋਂ ਹੀ ਕੀਤੀ ਜਾ ਰਹੀ ਹੈ। ਜੇਐੱਨਯੂ ਕੈਂਪਸ ਨੇੜਲੀਆਂ ਗਲੀਆਂ ਵਿਚ ਖੱਬੇ-ਪੱਖੀਆਂ ਵਿਰੁੱਧ ਸਖ਼ਤ ਨਾਅਰਿਆਂ ਵਾਲੇ ਬੈਨਰ ਦੇਖੇ ਗਏ ਹਨ। ਹਿੰਦੂ ਸੈਨਾ ਨਾਂ ਦੇ ਸੱਜੇ ਪੱਖੀ ਸੰਗਠਨ ਨੇ ਇਹ ਬੈਨਰ ਲਾਉਣ ਦੀ ਜ਼ਿੰਮੇਵਾਰੀ ਲਈ ਹੈ।

Previous articleਬਿਜਲੀ ਦਰਾਂ ਦਾ ਵਿਰੋਧ: ‘ਆਪ’ ਵਰਕਰਾਂ ’ਤੇ ਪਾਣੀ ਦੀਆਂ ਬੁਛਾੜਾਂ
Next articleAmended Citizenship Act comes into effect from Friday