ਮਾਹਿਲਪੁਰ ਵਿੱਚ ਐਤਵਾਰ ਰਾਤ ਪੁਲੀਸ ਨਾਲ ਹੋਏ ਮੁਕਾਬਲੇ ਵਿੱਚ ਕਈ ਅਪਰਾਧਿਕ ਮਾਮਲਿਆਂ ’ਚ ਲੋੜੀਂਦੇ ਗੈਂਗਸਟਰ ਵਰਿੰਦਰ ਸਿੰਘ ਉਰਫ਼ ਸ਼ੂਟਰ ਦੀ ਮੌਤ ਹੋ ਗਈ। ਇਸ ਦੌਰਾਨ ਪੁਲੀਸ ਨੇ ਇਕ ਗੈਂਗਸਟਰ ਨੂੰ ਗ੍ਰਿਫ਼ਤਾਰ ਕਰ ਲਿਆ ਜਦੋਂ ਕਿ ਇਕ ਦੌੜਨ ਵਿੱਚ ਕਾਮਯਾਬ ਹੋ ਗਿਆ। ਗ੍ਰਿਫ਼ਤਾਰ ਕੀਤੇ ਅਪਰਾਧੀ ਦੀ ਪਛਾਣ ਗੁਰਜੰਟ ਸਿੰਘ ਉਰਫ਼ ਜੰਟਾ ਵਾਸੀ ਗੋਬਿੰਦਪੁਰ ਲੋਹਗੜ੍ਹ (ਜਲੰਧਰ) ਵਜੋਂ ਹੋਈ ਹੈ। ਫ਼ਰਾਰ ਹੋਇਆ ਗੈਂਗਸਟਰ ਮਨਦੀਪ ਸਿੰਘ ਉਰਫ਼ ਮੰਨਾ ਦੱਸਿਆ ਜਾ ਰਿਹਾ ਹੈ ਜੋ ਨੂਰਮਹਿਲ ਦੇ ਪਿੰਡ ਉੱਪਲ ਜਗੀਰ ਦਾ ਰਹਿਣ ਵਾਲਾ ਹੈ।
ਥਾਣਾ ਮਾਹਿਲਪੁਰ ਵਿੱਚ ਮੁਲਜ਼ਮਾਂ ਖ਼ਿਲਾਫ਼ ਧਾਰਾ 307/353/186 ਆਈਪੀਸੀ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਰਿਪੋਰਟ ਅਨੁਸਾਰ ਗੁਪਤ ਸੂਚਨਾ ਦੇ ਆਧਾਰ ’ਤੇ ਪੁਲੀਸ ਨੇ ਬੀਤੀ ਰਾਤ ਮਾਹਿਲਪੁਰ ਇਲਾਕੇ ’ਚ ਐੱਫਸੀਆਈ ਦੇ ਗੁਦਾਮ ਦੇ ਪਿਛਲੇ ਪਾਸੇ ਇਕ ਬੇਆਬਾਦ ਮਕਾਨ ’ਤੇ ਛਾਪਾ ਮਾਰਿਆ। ਪੁਲੀਸ ਨੂੰ ਦੇਖਦਿਆਂ ਅੰਦਰ ਲੁਕੇ ਵਿਅਕਤੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲੀਸ ਵੱਲੋਂ ਕੀਤੀ ਜਵਾਬੀ ਫਾਇਰਿੰਗ ਵਿੱਚ ਇਕ ਵਿਅਕਤੀ ਢੇਰ ਹੋ ਗਿਆ, ਇਕ ਪੁਲੀਸ ਦੇ ਹੱਥੇ ਚੜ੍ਹ ਗਿਆ ਅਤੇ ਇਕ ਫਾਇਰ ਕਰਦਾ ਹਨੇਰੇ ਦਾ ਫ਼ਾਇਦਾ ਉਠਾਉਂਦਿਆਂ ਦੌੜ ਗਿਆ। ਮ੍ਰਿਤਕ ਵਰਿੰਦਰ ਸ਼ੂਟਰ ਕਪੂਰਥਲਾ ਦੇ ਪਿੰਡ ਨੰਦੋਕੀ ਦਾ ਰਹਿਣ ਵਾਲਾ ਹੈ। ਗੜ੍ਹਸ਼ੰਕਰ ਸਿਵਲ ਹਸਪਤਾਲ ’ਚ ਸੋਮਵਾਰ ਸ਼ਾਮ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਗਿਆ। ਗ੍ਰਿਫ਼ਤਾਰ ਕੀਤੇ ਮੁਲਜ਼ਮ ਗੁਰਜੰਟ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਹੁਸ਼ਿਆਰਪੁਰ ਦੇ ਐੱਸਐੱਸਪੀ ਗੌਰਵ ਗਰਗ ਨੇ ਦੱਸਿਆ ਕਿ ਤਿੰਨਾਂ ਅਪਰਾਧੀਆਂ ਖ਼ਿਲਾਫ਼ ਕਤਲ ਅਤੇ ਹੋਰ ਕਈ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਨਵਾਂਸ਼ਹਿਰ ਪੁਲੀਸ ਨੂੰ ਮਨਦੀਪ ਮੰਨਾ ਅਤੇ ਉਸ ਦੇ ਸਾਥੀਆਂ ਬਾਰੇ ਕੁਝ ਦਿਨ ਪਹਿਲਾਂ ਵੀ ਸੂਚਨਾ ਮਿਲੀ ਸੀ ਕਿ ਉਹ ਪਿੰਡ ਬੀਰਮਪੁਰ ਦੀ ਕਿਸੇ ਮੋਟਰ ’ਤੇ ਲੁਕੇ ਹੋਏ ਹਨ ਪਰ ਜਦੋਂ ਪੁਲੀਸ ਨੇ ਛਾਪਾ ਮਾਰਿਆ ਤਾਂ ਉਹ ਮੌਕੇ ਤੋਂ ਦੌੜ ਗਏ। ਉਨ੍ਹਾਂ ਦੱਸਿਆ ਕਿ ਕੱਲ੍ਹ ਵੀ ਪੁਲੀਸ ਨੂੰ ਮੁਲਜ਼ਮਾਂ ਦੇ ਮਾਹਿਲਪੁਰ ਇਲਾਕੇ ’ਚ ਹੋਣ ਦੀ ਸੂਹ ਮਿਲੀ ਸੀ ਜਿਸ ’ਤੇ ਅਪਰੇਸ਼ਨ ਨੂੰ ਅਮਲ ’ਚ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਇਕ 32 ਬੋਰ ਦਾ ਰਿਵਾਲਵਰ ਵੀ ਬਰਾਮਦ ਹੋਇਆ ਹੈ।
HOME ਪੁਲੀਸ ਮੁਕਾਬਲੇ ’ਚ ਗੈਂਗਸਟਰ ਵਰਿੰਦਰ ਸ਼ੂਟਰ ਹਲਾਕ