ਪੰਜਾਬ ’ਚ ਮੌਤਾਂ ਦੀ ਗਿਣਤੀ 5 ਤੇ ਮਰੀਜ਼ਾਂ ਦੀ ਗਿਣਤੀ 47 ਹੋਈ
ਚੰਡੀਗੜ੍ਹ (ਸਮਾਜਵੀਕਲੀ) – ਪੰਜਾਬ ਦੇ ਬਹੁ-ਗਿਣਤੀ ਪਿੰਡਾਂ ਅਤੇ ਸ਼ਹਿਰਾਂ ਨੂੰ ਮੁਕੰਮਲ ਤੌਰ ’ਤੇ ਸੀਲ ਕਰ ਦਿੱਤਾ ਗਿਆ ਹੈ। ਪੁਲੀਸ ਤੇ ਪ੍ਰਸ਼ਾਸਨ ਨੇ ਗਰਾਮ ਪੰਚਾਇਤਾਂ ਦੀ ਮਦਦ ਨਾਲ ਪਿੰਡਾਂ ਦੇ ਰਸਤਿਆਂ ’ਤੇ ਪੱਕੇ ਨਾਕੇ ਲਗਾ ਕੇ ਪਿੰਡਾਂ ਦੇ ਨੌਜਵਾਨਾਂ ਦਾ 24 ਘੰਟੇ ਪਹਿਰਾ ਲਗਾ ਦਿੱਤਾ ਹੈ। ਡੀਜੀਪੀ ਦਿਨਕਰ ਗੁਪਤਾ ਵੱਲੋਂ ਵੀਡੀਓ ਕਾਨਫ਼ਰੰਸਿੰਗ ਰਾਹੀਂ ਦਿੱਤੀਆਂ ਗਈਆਂ ਹਦਾਇਤਾਂ ਤੋਂ ਬਾਅਦ ਬਹੁ-ਗਿਣਤੀ ਸ਼ਹਿਰਾਂ ਵਿੱਚ ਵੀ ਗਲੀਆਂ-ਮਹੱਲਿਆਂ ’ਚ ਨਾਕੇ ਲਗਾ ਕੇ ਸਥਾਨਕ ਲੋਕਾਂ ਨੂੰ ਪਹਿਰਾ ਦੇਣ ਲਈ ਕਿਹਾ ਗਿਆ ਹੈ।
ਪੁਲੀਸ ਤੇ ਪ੍ਰਸ਼ਾਸਨ ਨੇ ਪਿੰਡਾਂ ਤੇ ਸ਼ਹਿਰਾਂ ਦੇ ਵਸਨੀਕਾਂ ਨੂੰ ਕਿਸੇ ਵੀ ਬਾਹਰੀ ਵਿਅਕਤੀ ਦਾ ਦਾਖਲਾ ਰੋਕਣ ਲਈ ਕਿਹਾ ਹੈ ਅਤੇ ਬਹੁਤ ਹੰਗਾਮੀ ਹਾਲਤ ਵਿੱਚ ਜੇਕਰ ਕੋਈ ਵਿਅਕਤੀ ਪਿੰਡ ਵਿੱਚ ਆਉਂਦਾ ਹੈ ਤਾਂ ਰਜਿਸਟਰ ’ਤੇ ਉਸ ਦਾ ਮੁਕੰਮਲ ਵੇਰਵਾ ਤੇ ਪਿਛਲੇ ਦਿਨਾਂ ਦੌਰਾਨ ਸਮਾਜ ਵਿੱਚ ਵਿਚਰਨ ਬਾਰੇ ਜਾਣਕਾਰੀ ਦਰਜ ਕਰਨ ਲਈ ਕਿਹਾ ਗਿਆ ਹੈ। ਸੰਗਰੂਰ, ਬਰਨਾਲਾ, ਮਾਨਸਾ, ਮੋਗਾ, ਕਪੂਰਥਲਾ, ਮੁਹਾਲੀ, ਰੂਪਨਗਰ ਅਤੇ ਤਰਨ ਤਾਰਨ ਦੇ ਕਈ ਪਿੰਡਾਂ ਤੋਂ ਹਾਸਲ ਜਾਣਕਾਰੀ ਮੁਤਾਬਕ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੇ ਵੀ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਲਈ ਨਾਕੇ ਲਾਉਣ ਤੋਂ ਗੁਰੇਜ਼ ਨਹੀਂ ਕੀਤਾ ਬਲਕਿ ਸਹਿਯੋਗ ਦਿੱਤਾ ਹੈ।
ਡੀਜੀਪੀ ਦਿਨਕਰ ਗੁਪਤਾ ਨੇ ਬੁੱਧਵਾਰ ਨੂੰ ਪੁਲੀਸ ਅਧਿਕਾਰੀਆਂ ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਹਦਾਇਤਾਂ ਦਿੱਤੀਆਂ ਸਨ ਕਿ ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕਰਫਿਊ ਦੀਆਂ ਪਾਬੰਦੀਆਂ ਨੂੰ ਲੋਕਾਂ ਦੇ ਸਹਿਯੋਗ ਨਾਲ ਹੀ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਡੀਜੀਪੀ ਨੇ ਜ਼ਿਲ੍ਹਾ ਪੁਲੀਸ ਮੁਖੀਆਂ ਅਤੇ ਰੇਂਜਾਂ ਦੇ ਆਈਜੀਜ਼ ਤੇ ਡੀਆਈਜੀਜ਼ ਨੂੰ ਹਦਾਇਤਾਂ ਕੀਤੀਆਂ ਸਨ ਕਿ ਪਿੰਡਾਂ ਦੀਆਂ ਪੰਚਾਇਤਾਂ ਤੇ ਸ਼ਹਿਰੀ ਲੋਕਾਂ ਦੀ ਸ਼ਮੂਲੀਅਤ ਨਾਲ ਹੀ ਲੋਕਾਂ ਦਾ ਘਰਾਂ ’ਚ ਰਹਿਣਾ ਯਕੀਨੀ ਬਣਾਇਆ ਜਾਵੇ।
ਡੀਜੀਪੀ ਦੀਆਂ ਹਦਾਇਤਾਂ ਤੋਂ ਬਾਅਦ ਜ਼ਿਲ੍ਹਾ ਪੁਲੀਸ ਮੁਖੀਆਂ ਵੱਲੋਂ ਸਰਪੰਚ ਜਾਂ ਗਰਾਮ ਪੰਚਾਇਤ ਦੇ ਮੈਂਬਰਾਂ ਨੂੰ ਕਰਫਿਊ ਪਾਸ ਜਾਰੀ ਕੀਤੇ ਗਏ ਹਨ ਤਾਂ ਜੋ ਹੰਗਾਮੀ ਹਾਲਤ ਵਿੱਚ ਪੁਲੀਸ ਜਾਂ ਪ੍ਰਸ਼ਾਸਨ ਨਾਲ ਤਾਲਮੇਲ ਕਰਨ ਦੇ ਨਾਲ ਲੋਕਾਂ ਨੂੰ ਜ਼ਰੂਰੀ ਵਸਤਾਂ ਵੀ ਮੁਹੱਈਆ ਕਰਵਾਈਆਂ ਜਾ ਸਕਣ। ਪਿੰਡਾਂ ਵਿਚਲੀਆਂ ਹੱਟੀਆਂ ਨੂੰ ਦੋ ਤੋਂ ਚਾਰ ਘੰਟਿਆਂ ਲਈ ਹੀ ਖੁੱਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਸਰਪੰਚਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਹੱਟੀ ’ਤੇ ਰਾਸ਼ਨ ਖ਼ਤਮ ਹੁੰਦਾ ਹੈ ਤਾਂ ਦੁਕਾਨਦਾਰ ਦੇ ਨਾਲ ਜਾ ਕੇ ਸ਼ਹਿਰ ਤੋਂ ਰਾਸ਼ਨ ਲਿਆਂਦਾ ਜਾਵੇ। ਪਿੰਡਾਂ ਅੰਦਰ ਸਿਰਫ਼ ਸਬਜ਼ੀ ਦੀਆਂ ਰੇਹੜੀਆਂ ਨੂੰ ਹੀ ਆਉਣ ਦਿੱਤਾ ਜਾਵੇਗਾ। ਪਿੰਡ ਵਿੱਚੋਂ ਨਾ ਤਾਂ ਕੋਈ ਵਿਅਕਤੀ ਬਾਹਰ ਜਾਵੇਗਾ ਤੇ ਨਾ ਹੀ ਕੋਈ ਵਿਅਕਤੀ ਪਿੰਡ ਅੰਦਰ ਦਾਖ਼ਲ ਹੋ ਸਕੇਗਾ।
ਪਿੰਡ ਵਿੱਚ ਵਿਅਕਤੀਆਂ ਨੂੰ ਇਕੱਠੇ ਨਾ ਹੋਣ ਦੇਣ ਲਈ ਵੀ ਪੰਚਾਇਤਾਂ ਤੋਂ ਸਹਿਯੋਗ ਮੰਗਿਆ ਗਿਆ ਹੈ। ਇਸੇ ਤਰ੍ਹਾਂ ਸ਼ਹਿਰਾਂ ਵਿੱਚ ਇਸ ਤਰ੍ਹਾਂ ਦਾ ਬੰਦੋਬਸਤ ਕੀਤਾ ਗਿਆ ਹੈ ਕਿ ਕਈ ਥਾਈਂ ਗਲੀਆਂ ਨੂੰ ਇੱਕ ਪਾਸੇ ਤੋਂ ਬੈਰੀਕੇਡ ਲਗਾ ਕੇ ਬੰਦ ਕਰ ਦਿੱਤਾ ਗਿਆ ਹੈ। ਪੰਜਾਬ ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਡੀਜੀਪੀ ਦੀਆਂ ਹਦਾਇਤਾਂ ਲਾਗੂ ਕਰਨ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸੂਬੇ ਦੇ ਬਹੁਗਿਣਤੀ ਪਿੰਡਾਂ ਅਤੇ ਛੋਟੇ ਸ਼ਹਿਰਾਂ ਵਿੱਚ ਨਾਕੇ ਤੇ ਪਹਿਰੇਦਾਰੀ ਦਾ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇੱਕ-ਦੋ ਦਿਨਾਂ ਦੇ ਅੰਦਰ ਹੀ ਇਹ ਅਮਲ ਸਮੁੱਚੇ ਪੰਜਾਬ ਵਿੱਚ ਲਾਗੂ ਹੋ ਜਾਵੇਗਾ।