* ਗੋਲੀ ਲੱਗਣ ਨਾਲ ਜਾਮੀਆ ਮਿਲੀਆ ਯੂਨੀਵਰਸਿਟੀ ਦਾ ਇਕ ਵਿਦਿਆਰਥੀ ਜ਼ਖ਼ਮੀ
* ਹਮਲਾਵਰ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ
* ਚਾਰ ਵਿਦਿਆਰਥੀਆਂ ਦੀ ਰਿਹਾਈ ਮਗਰੋਂ ਜਾਮੀਆ ਬਾਹਰ ਪ੍ਰਦਰਸ਼ਨ ਖ਼ਤਮ
ਨਵੀਂ ਦਿੱਲੀ- ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਸਮਾਧ ਰਾਜਘਾਟ ਵੱਲ ਵਿਰੋਧ ਮਾਰਚ ਕੱਢ ਰਹੇ ਜਾਮੀਆ ਮਿਲੀਆ ਇਸਲਾਮੀਆ ਦੇ ਵਿਦਿਆਰਥੀਆਂ ’ਤੇ ਇਕ ਵਿਅਕਤੀ ਨੇ ਪੁਲੀਸ ਦੀ ਮੌਜੂਦਗੀ ਵਿੱਚ ਪਿਸਤੌਲ ਤੋਂ ਗੋਲੀ ਚਲਾ ਦਿੱਤੀ। ਗੋਲੀ ਲੱਗਣ ਕਰਕੇ ਸ਼ਾਦਾਬ ਫ਼ਾਰੂਕ ਨਾਂ ਦਾ ਵਿਦਿਆਰਥੀ ਜ਼ਖ਼ਮੀ ਹੋ ਗਿਆ। ਦਿੱਲੀ ਪੁਲੀਸ ਨੇ ਗੋਲੀ ਚਲਾਉਣ ਵਾਲੇ ਸ਼ਖ਼ਸ ਨੂੰ ਗ੍ਰਿਫ਼ਤਾਰ ਕਰਕੇ ਪਿਸਤੌਲ ਬਰਾਮਦ ਕਰ ਲਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਨੇ ਮਗਰੋਂ
ਸ਼ਾਦਾਬ ਦੀ ਸ਼ਿਕਾਇਤ ’ਤੇ ਹਮਲਾਵਰ ਖ਼ਿਲਾਫ਼ ਆਰਮਜ਼ ਐਕਟ ਤੇ ਇਰਾਦਾ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ। ਉਧਰ ਹਮਲੇ ਦੇ ਰੋਸ ਵਜੋਂ ਜਾਮੀਆ ਦੇ ਬਾਹਰ ਕੀਤਾ ਜਾ ਰਿਹਾ ਪ੍ਰਦਰਸ਼ਨ, ਪੁਲੀਸ ਵੱਲੋਂ ਚਾਰ ਵਿਦਿਆਰਥੀਆਂ ਨੂੰ ਰਿਹਾਅ ਕੀਤੇ ਜਾਣ ਮਗਰੋਂ ਖ਼ਤਮ ਕਰ ਦਿੱਤਾ ਗਿਆ ਹੈ। ਪੁਲੀਸ ਦੇ ਜੁਆਇੰਟ ਕਮਿਸ਼ਨਰ ਡੀ.ਸੀ.ਸ੍ਰੀਵਾਸਤਵਾ ਨੇ ਵਿਦਿਆਰਥੀਆਂ ਨੂੰ ਰਿਹਾਅ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਚੇਤੇ ਰਹੇ ਕਿ ਜਾਮੀਆ ਦੇ ਬਾਹਰ ਰਾਜਘਾਟ ਵੱਲ ਵਧ ਰਹੇ ਵਿਦਿਆਰਥੀਆਂ ’ਤੇ ਇਕ ਸ਼ਖ਼ਸ ਵੱਲੋਂ ਦੇਸੀ ਕੱਟੇ ਨਾਲ ਗੋਲੀ ਚਲਾਏ ਜਾਣ ਮਗਰੋਂ ਹਜ਼ਾਰਾਂ ਲੋਕਾਂ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿਦਿਆਰਥੀਆਂ ਦੀ ਸੀ, ਤੇ ਪੁਲੀਸ ਵਿਚਾਲੇ ਟਕਰਾਅ ਵਾਲਾ ਮਾਹੌਲ ਬਣ ਗਿਆ ਸੀ। ਵਿਦਿਆਰਥੀਆਂ ਨੇ ਆਪਣੇ ਰੋਸ ਮਾਰਚ ਨੂੰ ਜਾਰੀ ਰੱਖਣ ਦੀ ਜ਼ਿੱਦ ਜਾਰੀ ਰੱਖੀ ਤਾਂ ਪੁਲੀਸ ਨੇ ਬੈਰੀਕੇਡ ਲਾ ਕੇ ਉਨ੍ਹਾਂ ਦਾ ਰਾਹ ਰੋਕ ਲਿਆ। ਇਸ ਦੌਰਾਨ ਪੁਲੀਸ ਨੇ ਚਾਰ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਇਸ ਤੋਂ ਪਹਿਲਾਂ ਹਮਲਾਵਰ ਵੱਲੋਂ ਰੋੋਸ ਮਾਰਚ ਕੱਢ ਰਹੇ ਵਿਦਿਆਰਥੀਆਂ ’ਤੇ ਗੋਲੀ ਚਲਾਉਣ ਮੌਕੇ ਪੁਲੀਸ ਤਮਾਸ਼ਬੀਨ ਬਣੀ ਰਹੀ। ਉਸ ਨੇ ਪਿਸਤੌਲ ਲਹਿਰਾ ਰਹੇ ਅਤੇ ਧਮਕੀਆਂ ਦੇ ਰਹੇ ਵਿਅਕਤੀ ਨੂੰ ਫੜਨ ਦੀ ਪਹਿਲਾਂ ਕੋਈ ਕੋਸ਼ਿਸ਼ ਨਹੀਂ ਕੀਤੀ। ਜਦੋਂ ਹਮਲਾਵਰ ਗੋਪਾਲ ਵਿਦਿਆਰਥੀਆਂ ਵੱਲ ਪਿਸਤੌਲ ਤਾਣ ਕੇ ਖੜ੍ਹਾ ਸੀ ਤਾਂ ਮਹਿਜ਼ 10 ਮੀਟਰ ਦੀ ਦੂਰੀ ’ਤੇ ਜਾਮੀਆ ਐੱਸਐੱਚਓ ਉਪੇਂਦਰ ਸਿੰਘ ਦਰਜਨਾਂ ਪੁਲੀਸ ਮੁਲਾਜ਼ਮਾਂ ਨਾਲ ਖੜ੍ਹਾ ਸੀ ਪਰ ਉਸ ਨੇ ਗੋਲੀ ਚਲਾਉਣ ਤੋਂ ਸ਼ਖ਼ਸ ਨੂੰ ਨਹੀਂ ਰੋਕਿਆ। ਜਦੋਂ ਉਸ ਨੇ ਗੋਲੀ ਚਲਾ ਦਿੱਤੀ ਤਾਂ ਪੁਲੀਸ ਹਰਕਤ ’ਚ ਆਈ ਅਤੇ ਇਕ ਮੁਲਾਜ਼ਮ ਹਮਲਾਵਰ ਨੂੰ ਫੜ ਕੇ ਲੈ ਗਿਆ। ਪੁਲੀਸ ਨੇ ਜ਼ਖ਼ਮੀ ਵਿਦਿਆਰਥੀ ਸ਼ਾਦਾਬ ਫਾਰੂਕ ਨੂੰ ਹਸਪਤਾਲ ਪਹੁੰਚਾਉਣ ਲਈ ਬੈਰੀਕੇਡ ਤੱਕ ਨਹੀਂ ਹਟਾਇਆ। ਸ਼ਾਦਾਬ ਖੁਦ ਹੀ ਬੈਰੀਕੇਡ ਉਪਰ ਚੜ੍ਹ ਕੇ ਸਹਾਇਤਾ ਲਈ ਭੱਜਿਆ। ਆਪਣੇ ਆਪ ਨੂੰ ਰਾਮ ਭਗਤ ਦੱਸਦਿਆਂ ਇਸ ਵਿਅਕਤੀ ਨੇ ਗੋਲੀ ਚਲਾਉਣ ਤੋਂ ਪਹਿਲਾਂ ਹਵਾ ’ਚ ਪਿਸਤੌਲ ਲਹਿਰਾਉਂਦਿਆਂ ਕਿਹਾ, ‘‘ਯੇਹ ਲੋ ਆਜ਼ਾਦੀ।’’ ਫਿਰ ਉਸ ਨੇ ‘ਜੈ ਸ੍ਰੀਰਾਮ’ ਅਤੇ ‘ਦਿੱਲੀ ਪੁਲੀਸ ਜ਼ਿੰਦਾਬਾਦ, ਜਾਮੀਆ ਮਿਲੀਆ ਮੁਰਦਾਬਾਦ’ ਦੇ ਨਾਅਰੇ ਵੀ ਲਗਾਏ। ਮਾਰਚ ਗੇਟ ਨੰਬਰ 7 ਤੋਂ ਅਜੇ 60 ਮੀਟਰ ਦੀ ਦੂਰੀ ’ਤੇ ਪੁੱਜਾ ਸੀ ਕਿ ਗੋਲੀ ਚੱਲਣ ਦੀ ਘਟਨਾ ਵਾਪਰ ਗਈ। ਇਸ ਮਗਰੋਂ ਜਾਮੀਆ ਯੂਨੀਵਰਸਿਟੀ ਦੇ ਬਾਹਰ ਵਿਦਿਆਰਥੀ ਜੁੜਨੇ ਸ਼ੁਰੂ ਹੋ ਗਏ ਅਤੇ ਉਨ੍ਹਾਂ ਮਨੁੱਖੀ ਲੜੀ ਬਣਾ ਕੇ ਸਾਦੀ ਵਰਦੀ ’ਚ ਆਈ ਪੁਲੀਸ ਨੂੰ ਪ੍ਰਦਰਸ਼ਨ ਵਾਲੀ ਥਾਂ ’ਤੇ ਦਾਖ਼ਲ ਨਹੀਂ ਹੋਣ ਦਿੱਤਾ। ਪੁਲੀਸ ਨੇ ਚਾਰ ਵਿਦਿਆਰਥੀਆਂ ਨੂੰ ਹਿਰਾਸਤ ’ਚ ਲੈ ਲਿਆ।
ਭੀਮ ਆਰਮੀ ਦਾ ਮੁਖੀ ਜ਼ਖ਼ਮੀ ਵਿਦਿਆਰਥੀ ਨੂੰ ਮਿਲਿਆ
ਮਾਰਚ ’ਚ ਹਿੱਸਾ ਲੈਣ ਵਾਲੇ ਕਈ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਗੋਲੀ ਚਲਾਉਣ ਵਾਲਾ ਵਿਅਕਤੀ ‘ਨੱਥੂਰਾਮ ਗੋਡਸੇ ਦਾ ਭਗਤ’ ਸੀ। ਇਕ ਪ੍ਰਦਰਸ਼ਨਕਾਰੀ ਨੇ ਕਿਹਾ,‘‘ਅਸੀਂ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਤਹਿਤ ਪੁਰਅਮਨ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸੀ ਪਰ ਜਿਸ ਵਿਚਾਰਧਾਰਾ ਨੇ ਮਹਾਤਮਾ ਨੂੰ ਮਾਰਿਆ ਸੀ, ਉਸੇ ਨੇ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ।’’
ਜਾਮੀਆ ਦੀ ਇਕ ਵਿਦਿਆਰਥਣ ਨੇ ਦੱਸਿਆ ਕਿ ਉਹ ਮਹਾਤਮਾ ਗਾਂਧੀ ਦੀ ਸਮਾਧ ਰਾਜਘਾਟ ਵੱਲ ਜਾ ਰਹੇ ਸਨ ਕਿ ਉਨ੍ਹਾਂ ਨੂੰ ਹੋਲੀ ਫੈਮਿਲੀ ਹਸਪਤਾਲ ਨੇੜੇ ਪੁਲੀਸ ਨੇ ਰਾਹ ’ਚ ਬੈਰੀਕੇਡ ਲਾ ਕੇ ਰੋਕ ਦਿੱਤਾ। ਅਚਾਨਕ ਇਕ ਵਿਅਕਤੀ ਆਇਆ ਅਤੇ ਉਸ ਨੇ ਗੋਲੀ ਚਲਾ ਦਿੱਤੀ ਜੋ ਉਸ ਦੇ ਦੋਸਤ ਜਨਸੰਚਾਰ ਵਿਸ਼ੇ ਦੇ ਵਿਦਿਆਰਥੀ ਸ਼ਾਦਾਬ ਫਾਰੂਕ ਦੇ ਹੱਥ ’ਤੇ ਲੱਗੀ। ਡੀਸੀਪੀ (ਦੱਖਣੀ ਪੂਰਬੀ) ਚਿਨਮਯ ਬਿਸਵਾਲ ਨੇ ਦੱਸਿਆ ਕਿ ਜ਼ਖ਼ਮੀ ਸ਼ਾਦਾਬ ਨੂੰ ਏਮਜ਼ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਜਿਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।
ਕਈ ਵਿਦਿਆਰਥੀਆਂ ਵੱਲੋਂ ਦਿੱਲੀ ਪੁਲੀਸ ਦੀ ਭੂਮਿਕਾ ’ਤੇ ਵੀ ਸਵਾਲ ਉਠਾਏ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਉਨ੍ਹਾਂ ਦਿੱਲੀ ਪੁਲੀਸ ‘ਵਾਪਸ ਜਾਓ, ਵਾਪਸ ਜਾਓ’ ਦੇ ਨਾਅਰੇ ਵੀ ਲਗਾਏ। ਉਨ੍ਹਾਂ ਕਿਹਾ ਕਿ ਉਹ ਪੁਲੀਸ ਨੂੰ ਬੰਦੂਕਧਾਰੀ ਨੂੰ ਫੜਨ ਲਈ ਆਖਦੇ ਰਹੇ ਪਰ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ। ਇਸ ਦੌਰਾਨ ਸਥਾਨਕ ਮਸਜਿਦ ਦੇ ਇਮਾਮ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਦਿੱਲੀ ’ਚ ਚੋਣਾਂ ਹੋਣ ਕਰਕੇ ਹਾਲਤ ਨਾਜ਼ੁਕ ਹਨ। ਇਸ ਲਈ ਉਹ ਉੱਥੋਂ ਹਟ ਜਾਣ ਪਰ ਵਿਦਿਆਰਥੀ ਅੜੇ ਰਹੇ, ਪਰ ਮਗਰੋਂ ਚਾਰ ਸਾਥੀ ਵਿਦਿਆਰਥੀਆਂ ਦੀ ਰਿਹਾਈ ਮਗਰੋਂ ਉਨ੍ਹਾਂ ਪ੍ਰਦਰਸ਼ਨ ਸਮਾਪਤ ਕਰ ਦਿੱਤਾ।
ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਅੱਜ ਦਿੱਲੀ ਦੇ ਜਾਮੀਆ ਖੇਤਰ ਵਿੱਚ ਗੋਲੀਬਾਰੀ ਵਿੱਚ ਜ਼ਖ਼ਮੀ ਹੋਏ ਵਿਦਿਆਰਥੀ ਸ਼ਾਦਾਬ ਫਾਰੂਕ ਨੂੰ ਮਿਲਣ ਲਈ ਏਮਜ਼ ਪਹੁੰਚੇ। ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀ ਸ਼ਾਦਾਬ ਫਾਰੂਕ ਦਾ ਏਮਜ਼ ਟਰੌਮਾ ਸੈਂਟਰ ਵਿੱਚ ਇਲਾਜ ਚੱਲ ਰਿਹਾ ਹੈ। ਉਸ ਨੂੰ ਅੱਜ ਰਾਤ ਏਮਜ਼ ਵਿਚ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਜਾਵੇਗਾ। ਇਸ ਤੋਂ ਪਹਿਲਾਂ ਦਿੱਲੀ ਦੇ ਵਿਸ਼ੇਸ਼ ਪੁਲੀਸ ਕਮਿਸ਼ਨਰ ਜ਼ਖ਼ਮੀ ਵਿਦਿਆਰਥੀ ਨੂੰ ਏਮਜ਼ ਦੇ ਟਰੌਮਾ ਸੈਂਟਰ ਵਿਚ ਮਿਲੇ।
‘ਫਾਇਰਿੰਗ ਨਫ਼ਰਤੀ ਤਕਰੀਰਾਂ ਦਾ ਨਤੀਜਾ’
ਨਵੀਂ ਦਿੱਲੀ: ਖੱਬੀਆਂ ਪਾਰਟੀਆਂ ਨੇ ਅੱਜ ਕਿਹਾ ਕਿ ਜਾਮੀਆ ਫਾਇਰਿੰਗ ਕੇਂਦਰੀ ਮੰਤਰੀਆਂ ਤੇ ਭਾਜਪਾ ਆਗੂਆਂ ਵੱਲੋਂ ਦਿੱਲੀ ਅਸੈਂਬਲੀ ਚੋਣਾਂ ਦੇ ਪ੍ਰਚਾਰ ਦੌਰਾਨ ਕੀਤੀਆਂ ‘ਨਫ਼ਰਤੀ’ ਤਕਰੀਰਾਂ ਦਾ ‘ਸਿੱਧਾ ਨਤੀਜਾ’ ਹੈ। ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਇਕ ਟਵੀਟ ’ਚ ਕਿਹਾ, ‘ਕੇਂਦਰੀ ਮੰਤਰੀਆਂ ਤੇ ਭਾਜਪਾ ਆਗੂਆਂ ਵੱਲੋਂ ਕੀਤੀ ਨਫ਼ਰਤੀ ਤਕਰੀਰ ਤੇ ਹਿੰਸਾ ਦਾ ਸੱਦਾ ਅਤੇ ਪ੍ਰਧਾਨ ਮੰਤਰੀ ਦੀ ਖਾਮੋਸ਼ੀ…ਇਸ ਸ਼ਰਮਨਾਕ ਕਾਰੇ ਲਈ ਜ਼ਿੰਮੇਵਾਰ ਹਨ। ਇਹ ਸਰਕਾਰ ਇਸੇ ਤਰ੍ਹਾਂ ਦਾ ਭਾਰਤ ਸਿਰਜਣਾ ਚਾਹੁੰਦੀ ਹੈ। #ਸ਼ਹੀਦੀਦਿਹਾੜਾ।’ ਸੀਪੀਆਈ ਦੇ ਜਨਰਲ ਸਕੱਤਰ ਡੀ.ਰਾਜਾ ਨੇ ਕਿਹਾ ਕਿ ਇਹ ਘਟਨਾ (ਫਾਇਰਿੰਗ) ਭਾਜਪਾ ਆਗੂਆਂ ਵੱਲੋਂ ਕੀਤੀਆਂ ਭੜਕਾਊ ਟਿੱਪਣੀਆਂ ਦਾ ‘ਸਿੱਧਾ ਨਤੀਜਾ’ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਬਰਸੀ ਮੌਕੇ ਅਜਿਹੀ ਘਟਨਾ ਦਾ ਵਾਪਰਨਾ ਮੰਦਭਾਗਾ ਹੈ।