ਸ੍ਰੀ ਆਨੰਦਪੁਰ ਸਾਹਿਬ (ਸਮਾਜਵੀਕਲੀ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੈਰ ਕਾਨੂੰਨੀ ਸ਼ਰਾਬ ਦੇ ਧੰਦੇ ਨੂੰ ਨੱਥ ਪਾਉਣ ਦੇ ਦਿੱਤੇ ਗਏ ਹੁਕਮਾਂ ਤੋਂ ਬਾਅਦ ਪੰਜਾਬ ਪੁਲੀਸ ਨੇ ਜ਼ਿਲ੍ਹਾ ਰੂਪਨਗਰ ਅਧੀਨ ਹਿਮਾਚਲ ਅਤੇ ਪੰਜਾਬ ਦੀ ਸਰਹੱਦ ’ਤੇ ਪਿੰਡ ਮਜਾਰੀ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਨੂੰ ਅੰਜਾਮ ਦਿੰਦੇ ਹੋਏ ਦੋ ਲੱਖ ਲਿਟਰ ਲਾਹਣ ਦੇ ਨਾਲ-ਨਾਲ ਸੱਤ ਚਾਲੂ ਭੱਠੀਆਂ ਨੂੰ ਵੀ ਨਸ਼ਟ ਕਰ ਦਿੱਤੀਆਂ।
ਇਸ ਅਪਰੇਸ਼ਨ ਦੇ ਤਹਿਤ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੀ ਪੁਲੀਸ ਨੇ ਹਿਮਾਚਲ ਵਾਲੇ ਖਿੱਤੇ ਦੇ ਵਿੱਚ ਪੰਜਾਹ ਹਜ਼ਾਰ ਲਿਟਰ ਦੇ ਕਰੀਬ ਲਾਹਣ ਨੂੰ ਨਸ਼ਟ ਕੀਤੀ। ਪੰਜਾਬ ਪੁਲਸ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਦੀ ਪੁਸ਼ਟੀ ਕਰਦੇ ਹੋਏ ਜ਼ਿਲ੍ਹਾ ਪੁਲੀਸ ਮੁਖੀ ਸਵਪਨ ਸ਼ਰਮਾ ਨੇ ਦੱਸਿਆ ਕਿ ਐੱਸਪੀ ਰੈਂਕ ਦੇ ਪੁਲੀਸ ਅਫ਼ਸਰਾਂ ਵੱਲੋਂ 22 ਟੀਮਾਂ ਨੂੰ ਅਗਵਾਈ ਕਰਦਿਆਂ ਅੱਜ ਤੜਕੇ ਚਾਰ ਵਜੇ ਇਹ ਅਪਰੇਸ਼ਨ ਸ਼ੁਰੂ ਕੀਤਾ, ਜੋ ਅੱਜ ਦੁਪਹਿਰ ਸਮਾਪਤ ਹੋਇਆ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।