ਪੁਲਿਸ ਸਿਆਸੀ ਦਬਾਅ ਤੋਂ ਉੱਪਰ ਉੱਠ ਕੇ ਕਿਸਾਨ ਪਤੀ-ਪਤਨੀ ਦੇ ਕਾਤਲਾਂ ਨੂੰ ਗ੍ਰਿਫਤਾਰ ਕਰੇ- ਸੱਜਣ ਚੀਮਾ

ਕੈਪਸ਼ਨ- ਸ਼ਿਕਾਰਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੱਜਣ ਸਿੰਘ ਚੀਮਾ ਤੇ ਨਾਲ ਹਨ ਬਲਵਿੰਦਰ ਸਿੰਘ , ਬਲਕਾਰ ਸਿੰਘ , ਸੁਖਵਿੰਦਰ ਸਿੰਘ ਮਾਹਲ ਪ੍ਰਧਾਨ ਤੇ ਹੋਰ ਆਗੂ

ਹੁਸੈਨਪੁਰ (ਸਮਾਜ ਵੀਕਲੀ) (ਕੌੜਾ)- ਬੀਤੀ 29 ਅਕਤੂਬਰ ਦੀ ਰਾਤ ਨੂੰ ਬੜੀ ਹੀ ਬੇਰਹਿਮੀ ਨਾਲ ਕਤਲ ਕੀਤੇ ਗਏ ਪਿੰਡ ਸ਼ਿਕਾਰਪੁਰ ਦੇ ਨਿਵਾਸੀ ਪਤੀ- ਪਤਨੀ ਸਵ: ਸ. ਜਰਨੈਲ ਸਿੰਘ ਤੇ ਸਵ: ਬੀਬੀ ਜੋਗਿੰਦਰ ਕੌਰ ਦੇ ਕਾਤਲਾਂ ਦੇ ਹੁਣ ਤੱਕ ਗ੍ਰਿਫਤਾਰ ਨਾਂ ਹੋਣ ਤੇ ਕਈ ਪ੍ਰਕਾਰ ਦੀ ਸਿਆਸੀ ਚਰਚਾ ਸ਼ੁਰੂ ਹੋ ਗਈ ਹੈ ।

ਅੱਜ ਪਿੰਡ ਸ਼ਿਕਾਰਪੁਰ ਵਿਖੇ ਆਯੋਜਿਤ ਧਾਰਮਿਕ ਸਮਾਗਮ ਚ  ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਅਰਜਨ ਐਵਾਰਡੀ ਰਿਟਾਇਰਡ ਐਸ ਐਸ ਪੀ ਸੱਜਣ ਸਿੰਘ ਚੀਮਾ ਨੇ ਪਿੰਡ ਚ ਆਪਣੀ ਮਿਹਨਤ ਕਰਕੇ ਰਹਿਣ ਵਾਲੇ ਕਿਸਾਨ ਪਤੀ -ਪਤਨੀ ਦੇ ਬੜੀ ਹੀ ਬੇਰਹਿਮੀ ਨਾਲ ਸੂਏ ਮਾਰ ਮਾਰ ਕੇ ਕਤਲ ਕਰਨ ਦੀ ਵਾਪਰੀ ਘਟਨਾ ਦੀ ਨਿੰਦਾ ਕੀਤੀ ਤੇ ਕਿਹਾ ਕਿ ਇਹਨਾਂ ਦੋਹਾਂ ਕਿਸਾਨ ਪਤੀ-ਪਤਨੀ ਦੇ ਕਤਲ ਕਾਰਨ ਇਲਾਕੇ ਚ ਦਹਿਸ਼ਤ ਦਾ ਮਾਹੌਲ ਪੈਦਾ ਹੋਇਆ ਪਿਆ ਹੈ ।

ਸੱਜਣ ਚੀਮਾ ਨੇ ਕਿਹਾ ਕਿ ਇਹੋ ਜਿਹੇ ਨਿਰਦੋਸ਼ ਵਿਅਕਤੀਆਂ ਦੇ ਜਿਸ  ਬੇਦਰਦੀ ਨਾਲ ਜਾਲਮਾਂ ਵਲੋਂ ਕਤਲ ਕੀਤੇ ਗਏ ਉਸਤੋਂ ਪਤਾ ਲੱਗਦਾ ਹੈ ਕਿ ਇਲਾਕੇ ਚ ਅਮਨ ਕਾਨੂੰਨ ਦੀ ਸਥਿਤੀ ਕਿੰਨੀ ਭਿਆਨਕ ਬਣ ਚੁੱਕੀ ਹੈ । ਉਨ੍ਹਾਂ ਕਤਲ ਹੋਏ ਪਤੀ ਪਤਨੀ ਦੇ  ਵਿਦੇਸ਼ ਚੋਂ ਪਰਤੇ ਲੜਕੇ ਬਲਕਾਰ ਸਿੰਘ ਪੋਲੈਂਡ ਅਤੇ ਡਾ. ਬਲਵਿੰਦਰ ਸਿੰਘ ਸੁਲਤਾਨਪੁਰ ਲੋਧੀ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਸਮੂਹ ਨਗਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਕਤਲ ਕੇਸ ਸੰਬੰਧੀ ਅਗਰ ਕਿਸੇ ਨੂੰ ਕੋਈ ਵੀ ਜਾਣਕਾਰੀ ਹੋਵੇ ਤਾਂ ਮੈਨੂੰ ਦੱਸੀ ਜਾਵੇ ਤੇ ਮੈ ਸਾਰੀ ਜਾਣਕਾਰੀ ਗੁਪਤ ਰੱਖ ਕੇ ਕਾਤਲਾਂ ਨੂੰ ਗ੍ਰਿਫਤਾਰ ਕਰਵਾਉਣ ਲਈ ਉੱਚ ਅਧਿਕਾਰੀਆਂ ਤੱਕ ਪਹੁੰਚ ਕਰਾਂਗਾ ।

ਉਨ੍ਹਾਂ ਕਿਹਾ ਕਿ ਇਹੋ ਜਿਹੇ ਕਤਲ ਦੇ ਮਾਮਲਿਆਂ ਚ ਪੁਲਿਸ ਨੂੰ ਸਿਆਸੀ ਦਬਾਅ ਤੋਂ ਮੁਕਤ ਰਹਿ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਜੇਕਰ ਇਹੋ ਜਿਹੇ ਸ਼ਰੀਫ ਲੋਕਾਂ ਨੂੰ ਕਤਲ ਕਰਕੇ ਕਾਤਲ ਸ਼ਰੇਆਮ ਫਿਰਦੇ ਰਹਿਣ ਤਾਂ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਸਰੁੱਖਿਅਤ ਮਹਿਸੂਸ ਨਹੀ ਕਰ ਸਕਦਾ । ਸੱਜਣ ਸਿੰਘ ਨੇ ਸੁਲਤਾਨਪੁਰ ਲੋਧੀ ਪੁਲਿਸ ਦੀ ਕਾਰਗੁਜ਼ਾਰੀ ਤੇ ਪ੍ਰਸ਼ਨ ਚਿੰਨ੍ਹ ਲਗਾਉਂਦੇ ਕਿਹਾ ਕਿ ਪੁਲਿਸ ਨੂੰ ਹੁਣ ਤੱਕ ਅਸਲ ਕਾਤਲ ਗ੍ਰਿਫਤਾਰ ਕਰ ਲੈਣੇ ਚਾਹੀਦੇ ਸਨ ।

ਉਨ੍ਹਾਂ ਕਿਹਾ ਕਿ ਇਹੋ ਜਿਹੇ ਕੇਸ ਚ ਕਿਸੇ ਬੇਕਸੂਰ ਨਾਲ ਵੀ ਵਧੀਕੀ ਨਾਂ ਹੋਵੇ ਤੇ ਅਸਲ ਕਾਤਲਾਂ ਦਾ ਸੁਰਾਗ ਲਗਾਇਆ ਜਾਵੇ । ਇਸ ਸਮੇ ਸੇਵਾ ਮੁਕਤ ਕਾਨੂੰਨਗੋ ਸੁਖਵਿੰਦਰ ਸਿੰਘ ਮਾਹਲ , ਤੇਜਿੰਦਰ ਸਿੰਘ ਜੋਸਣ ,ਜਥੇ ਸੁੱਚਾ ਸਿੰਘ ਸ਼ਿਕਾਰਪੁਰ ,ਜਥੇ ਮਲਕੀਤ ਸਿੰਘ ਮੋਮੀ , ਜਥੇ ਭੁਪਿੰਦਰ ਸਿੰਘ , ਜਥੇ ਬਲਵਿੰਦਰ ਸਿੰਘ , ਬਲਦੇਵ ਸਿੰਘ ,ਅਕਾਲ ਗਰੁੱਪ ਦੇ ਐਮ ਡੀ ਸੁਖਦੇਵ ਸਿੰਘ ਜੱਜ , ਮੀਤ ਪ੍ਰਧਾਨ  ਕੁਲਵਿੰਦਰ ਸਿੰਘ ਜੱਜ , ਰਾਜਿੰਦਰ ਸਿੰਘ ਜੈਨਪੁਰੀ, ਲਵਪ੍ਰੀਤ ਸਿੰਘ  ਆਦਿ ਨੇ ਵੀ ਸ਼ਿਰਕਤ ਕੀਤੀ ।

Previous articleਧੀ ਪੰਜਾਬ ਦੀ
Next articleगांव मुहबलीपुर के सरकारी हाई स्कूल को मिला स्मार्ट स्कूल का दर्जा