541 ਸ਼ਿਕਾਇਤਾਂ ਦਾ ਮੌਕੇ ’ਤੇ ਹੀ ਨਿਪਟਾਰਾ
ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ) ਕਪੂਰਥਲਾ ਪੁਲਿਸ ਵਲੋਂ ਆਮ ਲੋਕਾਂ ਨੂੰ ਪੁਲਿਸ ਨਾਲ ਸਬੰਧਿਤ ਸ਼ਿਕਾਇਤਾਂ ਦੇ ਜਲਦ ਤੇ ਸਰਲ ਹੱਲ ਲਈ ਫਗਵਾੜਾ ਸਬ ਡਿਵੀਜ਼ਨ ਤੋਂ ਸ਼ੁਰੂ ਕੀਤੀ ਗਈ ‘ ਪੁਲਿਸ ਐਟ ਪਬਲਿਕ ਡੋਰ’ ਮੁਹਿੰਮ ਨੂੰ ਬਾਕੀ ਸਬ ਡਿਵੀਜ਼ਨਾਂ ਵਿਚ ਲਾਗੂ ਕਰ ਦਿੱਤਾ ਗਿਆ ਹੈ। ਜਿਲ੍ਹਾ ਪੁਲਿਸ ਮੁਖੀ ਕੰਵਰਦੀਪ ਕੌਰ ਆਈ ਪੀ ਐਸ ਵਲੋਂ ਸ਼ੁਰੂ ਕੀਤੀ ਗਈ ਇਸ ਵਿਵਸਥਾ ਰਾਹੀਂ ਹਰ ਸ਼ਨੀਵਾਰ ਸਾਰੀਆਂ ਸਬ ਡਿਵੀਜ਼ਨਾਂ ਵਿਚ ਪੈਂਦੇ ਪੁਲਿਸ ਥਾਣਿਆਂ ਵਿਖੇ ਸ਼ਿਕਾਇਤਾਂ ਨਾਲ ਸਬੰਧਿਤ ਧਿਰਾਂ ਨੂੰ ਬੁਲਾਕੇ ਸ਼ਿਕਾਇਤਾਂ ਦਾ ਜਲਦ ਨਿਪਟਾਰਾ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਹਰ ਸ਼ਨੀਵਾਰ ਕਪੂਰਥਲਾ ਪੁਲਿਸ ਦੇ ਸੀਨੀਅਰ ਅਧਿਕਾਰੀ, ਤਫਤੀਸ਼ੀ ਅਫਸਰਾਂ ਵਲੋਂ ਜਨਤਾ ਨੂੰ ਉਨ੍ਹਾਂ ਦੀਆਂ ਦਰਖਾਸਤਾਂ, ਰਿੱਟ ਪਟੀਸ਼ਨਾਂ ਤੇ ਮੁਕੱਦਮਿਆਂ ਦੀ ਜਾਂਚ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅੱਜ ਕਪੂਰਥਲਾ ਜਿਲ੍ਹੇ ਵਿਚ 600 ਸ਼ਿਕਾਇਤ ਕਰਤਾਵਾਂ ਨੂੰ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਹੱਲ ਕਰਨ ਲਈ ਬੁਲਾਇਆ ਗਿਆ ਸੀ, ਜਿਸ ਦੌਰਾਨ 541 ਸ਼ਿਕਾਇਤਾਂ ਦਾ ਮੌਕੇ ’ਤੇ ਹੀ ਹੱਲ ਕੀਤਾ ਗਿਆ।ਉਨ੍ਹਾਂ ਕਿਹਾ ਕਿ ਇਸ ਵਿਵਸਥਾ ਨੂੰ ਲਾਗੂ ਕਰਨ ਦਾ ਮੁੱਖ ਮੰਤਵ ਲੋਕਾਂ ਦੇ ਸਮੇਂ ਤੇ ਪੈਸੇ ਦੀ ਬੱਚਤ ਦੇ ਨਾਲ-ਨਾਲ ਪੁਲਿਸ ਵਲੋਂ ਜਾਂਚ ਕੇਸਾਂ ਵਿਚ ਤੇਜੀ ਲਿਆਉਣਾ ਤੇ ਉਨ੍ਹਾਂ ਦਾ ਹੱਲ ਕਰਨਾ ਹੈ ਤਾਂ ਜੋ ਲੋਕਾਂ ਨੂੰ ਜਲਦ ਨਿਆਂ ਮਿਲ ਸਕੇ।