ਪੁਲਵਾਮਾ ਹਮਲੇ ਦੀ ਸਚਾਈ ਪਾਕਿ ਸੰਸਦ ਨੇ ਸਵੀਕਾਰੀ: ਮੋਦੀ

ਕੇਵੜੀਆ, (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪਿਛਲੇ ਸਾਲ ਪੁਲਵਾਮਾ ’ਚ ਹੋਏ ਅਤਿਵਾਦੀ ਹਮਲੇ ਦੇ ਸੱਚ ਨੂੰ ਪਾਕਿਸਤਾਨ ਦੀ ਸੰਸਦ ’ਚ ਸਵੀਕਾਰ ਕੀਤਾ ਗਿਆ ਹੈ। ਇਸ ਹਮਲੇ ’ਚ ਸੀਆਰਪੀਐੱਫ ਦੇ 40 ਜਵਾਨ ਸ਼ਹੀਦ ਹੋਏ ਸਨ। ਊਨ੍ਹਾਂ ਦਾ ਇਹ ਬਿਆਨ ਊਸ ਸਮੇਂ ਆਇਆ ਹੈ ਜਦੋਂ ਦੋ ਦਿਨ ਪਹਿਲਾਂ ਪਾਕਿਸਤਾਨ ਦੇ ਸਾਇੰਸ ਅਤੇ ਤਕਨਾਲੋਜੀ ਮੰਤਰੀ ਫਵਾਦ ਚੌਧਰੀ ਨੇ ਨੈਸ਼ਨਲ ਅਸੈਂਬਲੀ ’ਚ ਬਹਿਸ ਦੌਰਾਨ ਕਬੂਲ ਕੀਤਾ ਕਿ ਪੁਲਵਾਮਾ ਹਮਲੇ ’ਚ ਪਾਕਿਸਤਾਨ ਦੀ ਭੂਮਿਕਾ ਸੀ।

ਸ੍ਰੀ ਮੋਦੀ ਨੇ ਇਹ ਵੀ ਕਿਹਾ ਕਿ ਜਦੋਂ ਪੂਰਾ ਮੁਲਕ ਸ਼ਹੀਦ ਹੋਏ ਬਹਾਦਰ ਜਵਾਨਾਂ ਦਾ ਸੋਗ ਮਨਾ ਰਿਹਾ ਸੀ ਤਾਂ ਕੁਝ ਲੋਕ ਆਪਣੇ ਸਿਆਸੀ ਲਾਹੇ ਲਈ ‘ਗੰਦੀ ਰਾਜਨੀਤੀ’ ਕਰ ਰਹੇ ਸਨ। ਚੀਨ ਦਾ ਨਾਮ ਲਏ ਬਿਨਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਲਕ ਦੀ ਜ਼ਮੀਨ ਹਥਿਆਊਣ ਵਾਲਿਆਂ ਨੂੰ ਭਾਰਤੀ ਜਵਾਨ ਮੂੰਹ ਤੋੜਵਾਂ ਜਵਾਬ ਦੇ ਰਹੇ ਹਨ।

‘ਆਜ ਭਾਰਤ ਕੀ ਭੂਮੀ ਪਰ ਨਜ਼ਰੇਂ ਗੱਡਾਨੇ ਵਾਲੋਂ ਕੋ ਮੂੰਹ ਤੋੜ ਜਵਾਬ ਮਿਲ ਰਹਾ ਹੈ।’ ਊਹ ਸਰਦਾਰ ਵੱਲਭਭਾਈ ਪਟੇਲ ਦੀ 145ਵੀਂ ਜੈਅੰਤੀ ਮੌਕੇ ਸਟੈਚੂ ਆਫ਼ ਯੂਨਿਟੀ ’ਤੇ ਸ਼ਰਧਾ ਦੇ ਫੁੱਲ ਭੇਟ ਕਰਨ ਮਗਰੋਂ ਗੁਜਰਾਤ ਦੇ ਨਰਮਦਾ ਜ਼ਿਲ੍ਹੇ ’ਚ ਕੇਵੜੀਆ ਵਿਖੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਸਟੈਚੂ ਆਫ਼ ਯੂਨਿਟੀ ’ਤੇ ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਸੀਆਰਪੀਐੱਫ, ਬੀਐੱਸਐੱਫ, ਆਈਟੀਬੀਪੀ, ਸੀਆਈਐੱਸਐੱਫ ਅਤੇ ਐੱਨਐੱਸਜੀ ਦੇ ਜਵਾਨਾਂ ਨੇ ਪਰੇਡ ਕੀਤੀ।

ਸ੍ਰੀ ਮੋਦੀ ਨੇ ਇਸ ਦੌਰਾਨ ਲੋਕਾਂ ਨੂੰ ਏਕਤਾ ਦੀ ਸਹੁੰ ਵੀ ਚੁਕਾਈ। ਰਾਸ਼ਟਰੀ ਏਕਤਾ ਦਿਵਸ ਮੌਕੇ ਆਪਣੇ ਸੰਬੋਧਨ ਦੌਰਾਨ ਊਨ੍ਹਾਂ ਕਿਹਾ ਕਿ ਗੁਆਂਢੀ ਮੁਲਕ ਦੀ ਸੰਸਦ ’ਚ ਸੱਚਾਈ ਕਬੂਲਣ ਮਗਰੋਂ ‘ਗੰਦੀ ਰਾਜਨੀਤੀ’ ਕਰਨ ਵਾਲਿਆਂ ਦੇ ਅਸਲ ਚਿਹਰੇ ਸਾਹਮਣੇ ਆ ਗਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੁਲਵਾਮਾ ਹਮਲੇ ਮਗਰੋਂ ਊਨ੍ਹਾਂ ਖ਼ਿਲਾਫ਼ ਭੱਦੀ ਸ਼ਬਦਾਵਲੀ ਵਰਤੀ ਗਈ ਅਤੇ ਦੋਸ਼ ਲਗਾਏ ਗਏ ਪਰ ਊਹ ਖਾਮੋਸ਼ ਰਹੇ।

‘ਮੈਂ ਅਜਿਹੀਆਂ ਸਿਆਸੀ ਪਾਰਟੀਆਂ ਨੂੰ ਆਖਣਾ ਚਾਹਾਂਗਾ ਕਿ ਊਹ ਆਪਣੇ ਸਿਆਸੀ ਲਾਹੇ ਲਈ ਦੇਸ਼ ਵਿਰੋਧੀ ਤਾਕਤਾਂ ਦੇ ਹੱਥਾਂ ’ਚ ਜਾਣੇ ਜਾਂ ਅਣਜਾਣੇ ’ਚ ਨਾ ਖੇਡਣ।’ ਫਰਾਂਸ ’ਚ ਦਹਿਸ਼ਤੀ ਹਮਲਿਆਂ ਅਤੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਦੀ ਹੋ ਰਹੀ ਆਲੋਚਨਾ ਦਰਮਿਆਨ ਸ੍ਰੀ ਮੋਦੀ ਨੇ ਕਿਹਾ ਕਿ ਇਹ ਪੂਰੀ ਦੁਨੀਆ ਲਈ ਚਿੰਤਾ ਦਾ ਵਿਸ਼ਾ ਹੈ ਕਿ ਕਿਵੇਂ ਕੁਝ ਲੋਕ ਅਤਿਵਾਦ ਦੀ ਹਮਾਇਤ ’ਤੇ ਬਾਹਰ ਨਿਕਲ ਆਏ ਹਨ। ਊਨ੍ਹਾਂ ਕਿਹਾ ਕਿ ਭਾਰਤ ਦਹਿਸ਼ਤਗਰਦੀ ਦੇ ਪੀੜਤਾਂ ਦੇ ਦਰਦ ਨੂੰ ਸਮਝਦਾ ਹੈ ਕਿਊਂਕਿ ਕੁਝ ਵਰ੍ਹਿਆਂ ਤੋਂ ਹਜ਼ਾਰਾਂ ਭਾਰਤੀ ਜਵਾਨਾਂ ਅਤੇ ਨਾਗਰਿਕਾਂ ਦੀਆਂ ਜਾਨਾਂ ਅਜਾਈਂ ਗਈਆਂ ਹਨ।

ਊਨ੍ਹਾਂ ਦੁਨੀਆ ਨੂੰ ਅਤਿਵਾਦ ਖਿਲਾਫ਼ ਇਕਜੁੱਟ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਸ੍ਰੀ ਮੋਦੀ ਨੇ ਕਰੋਨਾਵਾਇਰਸ ਦੌਰਾਨ ਜਾਨਾਂ ਗੁਆਊਣ ਵਾਲੇ ਪੁਲੀਸ ਕਰਮੀਆਂ ਨੂੰ ਵੀ ਚੇਤੇ ਕੀਤਾ। ਊਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦੇ ਭਾਰਤ ਨਾਲ ਏਕੇ ਨੂੰ ਇਕ ਵਰ੍ਹਾ ਮੁਕੰਮਲ ਹੋ ਗਿਆ ਹੈ ਅਤੇ ਜੇਕਰ ਸਰਦਾਰ ਪਟੇਲ ਦੀ ਗੱਲ ਮੰਨ ਲਈ ਗਈ ਹੁੰਦੀ ਤਾਂ ਕਸ਼ਮੀਰ ਮਸਲੇ ਦਾ ਨਿਬੇੜਾ ਕਦੋਂ ਦਾ ਹੋ ਜਾਣਾ ਸੀ। ਊਨ੍ਹਾਂ ਅਯੁੱਧਿਆ ’ਚ ਰਾਮ ਮੰਦਰ ਦੇ ਨਿਰਮਾਣ ਦਾ ਜ਼ਿਕਰ ਵੀ ਕੀਤਾ।

Previous articleਵਾਲਮੀਕਿ ਜੈਅੰਤੀ ਮੌਕੇ ਮੁੱਖ ਮੰਤਰੀ ਵੱਲੋਂ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਸ਼ੁਰੂ
Next articleਰਾਜਸਥਾਨ ਵੱਲੋਂ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਤਿੰਨ ਬਿੱਲ ਪੇਸ਼