ਪੁਲਵਾਮਾ ਮੁਕਾਬਲੇ ਵਿੱਚ ਪਿੰਡ ਦੋਦੜਾ ਦਾ ਜਵਾਨ ਸ਼ਹੀਦ

ਸਮਾਣਾ/ਰਾਮਨਗਰ (ਸਮਾਜਵੀਕਲੀ) :  ਪਟਿਆਲਾ ਜ਼ਿਲ੍ਹੇ ਦੇ ਹਲਕਾ ਸਮਾਣਾ ਦੇ ਪਿੰਡ ਦੋਦੜਾ ਦਾ ਵਸਨੀਕ ਅਤੇ ਭਾਰਤੀ ਫ਼ੌਜ ਦਾ ਜਵਾਨ ਨਾਇਕ ਰਾਜਵਿੰਦਰ ਸਿੰਘ (29) ਅੱਜ ਜੰਮੂ-ਕਸ਼ਮੀਰ ਦੇ ਜ਼ਿਲ੍ਹੇ ਪੁਲਵਾਮਾ ਵਿੱਚ ਅਤਿਵਾਦੀਆਂ ਨਾਲ ਹੋਏ ਮੁਕਾਬਲੇ ਵਿੱਚ ਸ਼ਹਾਦਤ ਦਾ ਜਾਮ ਪੀ ਗਿਆ। ਜਿਉਂ ਹੀ ਉਸ ਦੇ ਸ਼ਹੀਦ ਹੋਣ ਦੀ ਖ਼ਬਰ ਪਿੰਡ ਪੁੱਜੀ, ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।

ਸ਼ਹੀਦ ਜਵਾਨ ਦੇ ਪਿਤਾ ਅਵਤਾਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦੇ ਪੁੱਤਰ ਨੇ ਆਪਣੀ ਜਾਨ ਦੇਸ਼ ਦੇ ਲੇਖੇ ਲਾਈ ਹੈ, ਜਿਸ ਦਾ ਉਨ੍ਹਾਂ ਨੂੰ ਮਾਣ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਫ਼ੌਜ ਨੇ ਅੱਜ ਪਰਿਵਾਰ ਨੂੰ ਫੋਨ ਰਾਹੀਂ ਰਾਜਵਿੰਦਰ ਦੇ ਸ਼ਹੀਦ ਹੋਣ ਸਬੰਧੀ ਜਾਣਕਾਰੀ ਦਿੱਤੀ।

ਉਸ ਦੀ ਮਾਤਾ ਮਹਿੰਦਰ ਕੌਰ ਅਤੇ ਵੱਡੇ ਭਰਾ ਬਲਵੰਤ ਸਿੰਘ ਨੇ ਰੋਂਦਿਆਂ ਦੱਸਿਆ ਕਿ ਰਾਜਵਿੰਦਰ ਨੇ ਸੋਮਵਾਰ ਸ਼ਾਮ ਨੂੰ ਪਰਿਵਾਰ ਨਾਲ ਫੋਨ ’ਤੇ ਗੱਲ ਕੀਤੀ ਸੀ ਅਤੇ ਫੌਜ ਦੇ ਅਧਿਕਾਰੀਆਂ ਨੇ ਅੱਜ ਉਸ ਦੇ ਸ਼ਹੀਦ ਹੋਣ ਸਬੰਧੀ ਸੂਚਿਤ ਕੀਤਾ। ਸਰਪੰਚ ਪਰਮਜੀਤ ਕੌਰ ਅਤੇ ਨਿਰਭੈ ਸਿੰਘ ਸਣੇ ਪਿੰਡ ਦੇ ਲੋਕਾਂ ਅਤੇ ਹੋਰ ਰਿਸ਼ਤੇਦਾਰ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਉਨ੍ਹਾਂ ਦੇ ਘਰ ਪੁੱਜੇ।

ਭਾਰਤੀ ਫ਼ੌਜ ਦੇ ਸੂਤਰਾਂ ਮੁਤਾਬਕ, ਜੰਮੂ ਕਸ਼ਮੀਰ ਦੇ ਪੁਲਵਾਮਾ ਖੇਤਰ ਵਿੱਚ ਅੱਜ ਸੁਵੱਖਤੇ ਪਿੰਡ ਗੁਸੂ ਵਿੱਚ ਅਤਿਵਾਦੀਆਂ ਨਾਲ ਮੁਕਾਬਲੇ ਦੌਰਾਨ ਨਾਇਕ ਰਾਜਵਿੰਦਰ ਸਿੰਘ ਨੂੰ ਗੋਲੀ ਲੱਗੀ ਸੀ। ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਸ਼ਹੀਦ ਨਾਇਕ ਰਾਜਵਿੰਦਰ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ।

Previous articleEconomic mismanagement a tragedy, will destroy millions: Rahul
Next articleਭਾਰਤੀ ਅਰਥਚਾਰਾ ਜ਼ੋਰਦਾਰ ਵਾਪਸੀ ਦੇ ਸਮਰੱਥ: ਕਾਂਤ