ਪੁਲਵਾਮਾ ਮੁਕਾਬਲੇ ’ਚ ਤਿੰਨ ਦਹਿਸ਼ਤਗਰਦ ਹਲਾਕ

ਸ੍ਰੀਨਗਰ (ਸਮਾਜ ਵੀਕਲੀ) : ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਅੱਜ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਦਹਿਸ਼ਤਗਰਦ ਹਲਾਕ ਹੋ ਗਏ। ਇਨ੍ਹਾਂ ਵਿੱਚੋਂ ਦੋ ਦਹਿਸ਼ਤਗਰਦ ਵੀਰਵਾਰ ਨੂੰ ਭਾਜਪਾ ਆਗੂ ਦੀ ਰਿਹਾਇਸ਼ ’ਤੇ ਹਮਲੇ ਦੀ ਵਾਰਦਾਤ ’ਚ ਸ਼ਾਮਲ ਸਨ।

ਕਸ਼ਮੀਰ ਪੁਲੀਸ ਦੇ ਆਈ.ਜੀ. ਵਿਜੈ ਕੁਮਾਰ ਨੇ ਦੱਸਿਆ ਕਿ ਇਹ ਮੁਕਾਬਲਾ ਅੱਜ ਸਵੇਰੇ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਕਾਕਾਪੋਰਾ ਇਲਾਕੇ ’ਚ ਘਾਟ ਮੁਹੱਲਾ ’ਚ ਸੁਰੱਖਿਆ ਬਲਾਂ ਵੱਲੋਂ ਚਲਾਈ ਜਾ ਰਹੀ ਤਲਾਸ਼ੀ ਮੁਹਿੰਮ ਦੌਰਾਨ ਦਹਿਸ਼ਤਗਰਦਾਂ ਵੱਲੋਂ ਗੋਲਬਾਰੀ ਕੀਤੇ ਜਾਣ ਮਗਰੋਂ ਸ਼ੁਰੂ ਹੋਇਆ। ਸੁਰੱਖਿਆ ਬਲਾਂ ਵੱਲੋਂ ਕੀਤੀ ਜਵਾਬੀ ਕਾਰਵਾਈ ’ਚ ਤਿੰਨ ਦਹਿਸ਼ਤਗਰਦ ਮਾਰੇ ਗਏ। ਮੁਕਾਬਲੇ ਵਾਲੀ ਥਾਂ ਤੋਂ ਹਥਿਆਰ ਤੇ ਗੋਲੀਸਿੱਕਾ ਵੀ ਬਰਾਮਦ ਹੋਇਆ ਹੈ।

ਆਈ.ਜੀ. ਮੁਤਾਬਕ ਮਾਰੇ ਗਏ ਦਹਿਸ਼ਤਗਰਦਾਂ ਦੀ ਪਛਾਣ ਸੁਹੇਲ ਨਿਸਾਰ ਲੋਨ ਅਤੇ ਯਾਸਿਰ ਵਾਨੀ, ਦੋਵੇਂ ਵਾਸੀ ਖਰਿਊ (ਪੁਲਵਾਮਾ) ਅਤੇ ਜੁਨੈਦ ਅਹਿਮਦ ਵਾਸੀ ਪ੍ਰਿਚੂ (ਪੁਲਵਾਮਾ) ਵਜੋਂ ਹੋਈ ਹੈ। ਇਹ ਤਿੰਨੋਂ ਇਸੇ ਸਾਲ ਹੀ ਦਹਿਸ਼ਤਗਰਦਾਂ ’ਚ ਸ਼ਾਮਲ ਹੋਏ ਸਨ, ਜਿਨ੍ਹਾਂ ਵਿੱਚੋਂ ਦੋ ਜਣੇ ਅਲ-ਬਦਰ ਗੁੱਟ ਨਾਲ ਸਬੰਧਤ ਸਨ।

ਆਈ.ਜੀ. ਕੁਮਾਰ ਨੇ ਦੱਸਿਆ ਕਿ ਮਾਰੇ ਗਏ ਤਿੰਨੋਂ ਦਹਿਸ਼ਤਗਰਦਾਂ ਵਿੱਚੋਂ ਦੋ ਜਣੇ ਵੀਰਵਾਰ ਨੂੰ ਨੌਗਾਮ ’ਚ ਭਾਜਪਾ ਨੇਤਾ ਅਨਵਰ ਅਹਿਮਦ ਦੀ ਰਿਹਾਇਸ਼ ’ਤੇ ਹੋਏ ਹਮਲੇ, ਜਿਸ ’ਚ ਇੱਕ ਪੁਲੀਸ ਮੁਲਾਜ਼ਮ ਰਮੀਜ਼ ਰਾਜਾ ਦੀ ਮੌਤ ਹੋ ਗਈ ਸੀ, ਵਿੱਚ ਸ਼ਾਮਲ ਸਨ। ਭਾਜਪਾ ਆਗੂ ਦੀ ਰਿਹਾਇਸ਼ ’ਤੇ ਚਾਰ ਦਹਿਸ਼ਦਗਰਦਾਂ ਦੇ ਟੋਲੇ ਨੇ ਹਮਲਾ ਕੀਤਾ ਸੀ ਅਤੇ ਚੌਥੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਹਮਲਾ ਦਹਿਸ਼ਤਗਰਦ ਗੁੱਟਾਂ ਲਸ਼ਕਰ-ਏ-ਤੋਇਬਾ ਅਤੇ ਅਲ-ਬਦਰ ਵੱਲੋਂ ਰਲ ਕੇ ਕੀਤਾ ਗਿਆ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਨੌਗਾਮ ’ਚ ਹਮਲੇ ਦੌਰਾਨ ਪੁਲੀਸ ਮੁਲਾਜ਼ਮ ਤੋਂ ਖੋਹੀ ਗਈ ਐੱਸਐੱਲਆਰ ਵੀ ਘਾਟ ਮੁਹੱਲਾ ’ਚ ਹੋਏ ਮੁਕਾਬਲੇ ਵਾਲੀ ਥਾਂ ਤੋਂ ਬਰਾਮਦ ਹੋਈ ਹੈ।

ਆਈ.ਜੀ. ਨੇ ਦੱਸਿਆ ਕਿ ਪੁਲੀਸ ਨੇ ਭਾਜਪਾ ਆਗੂ ਦੇ ਘਰ ’ਤੇ ਹਮਲੇ ਦੀ ਵਾਰਦਾਤ 24 ਘੰਟਿਆਂ ’ਚ ਹੱਲ ਕਰ ਲਈ ਗਈ ਹੈ। ਇੱਕ ਇਤਲਾਹ ਦੇ ਆਧਾਰ ’ਤੇ ਇੱਕ ਸਰਗਰਮ ਕਾਰਕੁਨ ਇਸ਼ਫਾਕ ਅਹਿਮਦ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਨੇ ਦੋ ਹੋਰ ਵਿਅਕਤੀਆਂ ਦੇ ਨਾਵਾਂ ਦਾ ਖੁਲਾਸਾ ਕੀਤਾ। ਉਨ੍ਹਾਂ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਪੁੱਛ-ਪੜਤਾਲ ਕਰਨ ’ਤੇ ਪਤਾ ਚੱਲਿਆ ਸੀ ਕਿ ਤਿੰਨ ਦਹਿਸ਼ਤਗਰਦ ਘਾਟ ਮੁਹੱਲਾ ਦੇ ਇੱਕ ਘਰ ’ਚ ਲੁਕੇ ਹੋਏ ਹਨ। ਇਸ ਮਗਰੋਂ ਪੁਲੀਸ ਸਵੇਰੇ 4.30 ਵਜੇ ਉਕਤ ਥਾਂ ਨੂੰ ਘੇਰਾ ਪਾ ਲਿਆ।

Previous articleਮਿਆਂਮਾਰ: ਪ੍ਰਦਰਸ਼ਨਾਂ ਵਿਚਾਲੇ ਇੰਟਰਨੈੱਟ ਸੇਵਾਵਾਂ ਬੰਦ
Next articleਬੰਗਲਾਦੇਸ਼ ’ਚ ਰੋਹਿੰਗੀਆ ਕੈਂਪ ਨੇੜੇ ਅੱਗ ਲੱਗੀ, ਤਿੰਨ ਜਣੇ ਹਲਾਕ