ਪੀ ਟੀ ਆਈ ਅਧਿਆਪਕਾ ਮਨਦੀਪ ਕੌਰ ਨੇ ਰਾਸ਼ਟਰੀ ਪੱਧਰ ਦੇ ਸਰਟੀਫਿਕੇਟ ਕੋਰਸ ਵਿੱਚ ‘ਏ’ ਗਰੇਡ ਪ੍ਰਾਪਤ ਕਰਕੇ ਸਿੱਖਿਆ ਵਿਭਾਗ ਦਾ ਮਾਣ ਵਧਾਇਆ

ਫੋਟੋ ਕੈਪਸ਼ਨ - ਅਧਿਆਪਕਾ ਮਨਦੀਪ ਕੌਰ।

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਿੱਖਿਆ ਵਿਭਾਗ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਅਧੀਨ ਜਿੱਥੇ ਵਿਦਿਆਰਥੀਆਂ ਦੀ ਭਲਾਈ ਲਈ ਯਤਨਸ਼ੀਲ ਹੈ, ਉੱਥੇ ਅਧਿਆਪਕਾਂ ਦੀ ਸਮਰੱਥਾ ਉਸਾਰੀ ਲਈ ਵੀ ਉਪਰਾਲੇ ਕਰ ਰਿਹਾ ਹੈ। ਇਹਨਾਂ ਉਪਰਾਲਿਆਂ ਦੀ ਕੜੀ ਵਿੱਚ ਕਬੱਡੀ ਖੇਡ ਵਿੱਚ ਰਾਸ਼ਟਰੀ ਪੱਧਰ ਤੇ ਕਰਵਾਏ ਗਏ ਛੇ ਹਫਤਿਆਂ ਦੇ ਸਰਟੀਫਿਕੇਟ ਕੋਰਸ ਵਿੱਚ ਪੀ.ਟੀ.ਆਈ. ਅਧਿਆਪਕਾ ਮਨਦੀਪ ਕੌਰ ਨੇ ਏ ਗਰੇਡ ਪ੍ਰਾਪਤ ਕੀਤਾ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਾਈਂ ਐੱਨ ਐੱਸ ਦੱਖਣੀ ਸੈਂਟਰ ਬੰਗਲੌਰ ( ਕਰਨਾਟਕ) ਵਿਖੇ ਜੁਲਾਈ-ਅਗਸਤ ਵਿੱਚ ਕਰਵਾਏ ਗਏ ਸਪੋਰਟਸ ਕੋਚਿੰਗ ਦੇ ਸਰਟੀਫਿਕੇਟ ਕੋਰਸ ਵਿੱਚ ਸਰਕਾਰੀ ਹਾਈ ਸਕੂਲ ਖਾਨੋਵਾਲ ਜ਼ਿਲ੍ਹਾ ਕਪੂਰਥਲਾ ਦੀ ਹੋਣਹਾਰ ਪੀ ਟੀ ਆਈ ਅਧਿਆਪਕਾ ਮਨਦੀਪ ਕੌਰ ਨੇ 74 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ‘ਏ’ ਗਰੇਡ ਪ੍ਰਾਪਤ ਕੀਤਾ ਹੈ।ਮਨਦੀਪ ਕੌਰ ਨੇ ਰਾਸ਼ਟਰੀ ਪੱਧਰ ਆਪਣੀ ਬਿਹਤਰੀਨ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕਰਕੇ ਸਿੱਖਿਆ ਵਿਭਾਗ ਦਾ ਨਾਂ ਰੌਸ਼ਨ ਕੀਤਾ ਹੈ ਜੋ ਕਿ ਬਾਕੀ ਅਧਿਆਪਕਾਂ ਲਈ ਚੰਗੀ ਮਿਸਾਲ ਵੀ ਹੈ।

ਇਸ ਸਰਟੀਫਿਕੇਟ ਕੋਰਸ ਬਾਰੇ ਦੱਸਦਿਆਂ ਪੀ.ਟੀ.ਆਈ. ਅਧਿਆਪਕਾ ਮਨਦੀਪ ਕੌਰ ਨੇ ਕਿਹਾ ਕਿ ਇਸ ਕੋਰਸ ਵਿੱਚ ਟ੍ਰੇਨਿੰਗ ਲਈ ਸਮੂਹ ਭਾਗ ਲੈਣ ਵਾਲੇ ਅਧਿਆਪਕਾਂ ਨੂੰ ਚਾਰ ਬੈਚਾਂ ਵਿੱਚ ਵੰਡ ਕੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਪਹਿਲੇ ਬੈਚ ਵਿੱਚ 66 ਅਧਿਆਪਕਾਂ ਨੂੰ ਇਹ ਕੋਰਸ ਕਰਵਾਇਆ ਗਿਆ ਹੈ। ਇਸ ਕੋਰਸ ਦੇ ਥੀਊਰੀ ਦੇ ਆਨਲਾਈਨ ਸੈਸ਼ਨ ਲਗਾਏ ਗਏ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਪ੍ਰੈਕਟੀਕਲ ਕਰਵਾਏ ਗਏ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਵੱਲੋਂ ਏ ਗਰੇਡ ਵਿੱਚ ਸਰਟੀਫਿਕੇਟ ਵੀ ਜਾਰੀ ਕੀਤਾ ਗਿਆ ਹੈ।

ਇਸ ਮੌਕੇ ਮਨਦੀਪ ਕੌਰ ਨੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਨ ਲਈ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ , ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਕਪੂਰਥਲਾ ਗੁਰਦੀਪ ਸਿੰਘ ਗਿੱਲ ਸਟੇਟ ਐਵਾਰਡੀ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਕਪੂਰਥਲਾ ਬਿਕਰਮਜੀਤ ਸਿੰਘ ਥਿੰਦ ਸਟੇਟ ਐਵਾਰਡੀ, ਏ.ਈ.ਓ. ਸੁਖਵਿੰਦਰ ਸਿੰਘ ਅਤੇ ਜ਼ਿਲ੍ਹਾ ਦੇ ਸਰੀਰਕ ਸਿੱਖਿਆ ਅਧਿਆਪਕਾਂ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਸ ਪ੍ਰਾਪਤੀ ਲਈ ਉਹਨਾਂ ਦੇ ਪਤੀ ਹਰਪ੍ਰੀਤਪਾਲ ਸਿੰਘ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ ਹੈ, ਜੋ ਕਿ ਸਕੂਲ ਸਿੱਖਿਆ ਵਿਭਾਗ ਵਿੱਚ ਹੀ ਪੀ. ਟੀ. ਆਈ ਅਧਿਆਪਕ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleBiden says Quad partnership ‘elevated’, US will defend allies
Next articleਜਖਮ