ਔਰਤ ਨੂੰ ਭਜਾ ਕੇ ਲੈ ਜਾਣ ਵਾਲੇ ਮੁਲਜ਼ਮ ਖ਼ਿਲਾਫ਼ ਪੁਲੀਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਬੁਰਜ ਕਾਹਨ ਸਿੰਘ ਵਾਲਾ ਦੀ ਬਰਮਾ ਬਸਤੀ ਦੇ ਵਸਨੀਕਾਂ ਨੇ ਕਾਮਰੇਡ ਜੀਤ ਸਿੰਘ ਭੀਖੀ ਦੀ ਅਗਵਾਈ ਵਿੱਚ ਸਥਾਨਕ ਪੁਲੀਸ ਚੌਕੀ ਅੱਗੇ ਧਰਨਾ ਦਿੱਤਾ। ਔਰਤਾਂ ਨੇ ਪੁਲੀਸ ਦਾ ਪਿੱਟ ਸਿਆਪਾ ਕਰਦਿਆਂ ਪੁਲੀਸ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇ ਅਤੇ ਔਰਤ ਨੂੰ ਪੀੜਤ ਪਰਿਵਾਰ ਹਵਾਲੇ ਕੀਤਾ ਜਾਵੇ।
ਕਾਮਰੇਡ ਜੀਤ ਸਿੰਘ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਸੰਦੀਪ ਸਿੰਘ ਵਾਸੀ ਗਿੱਲ ਖੁਰਦ, ਬਿੱਟੂ ਸਿੰਘ ਦੀ ਪਤਨੀ ਨੂੰ ਘਰੋਂ ਭਜਾ ਕੇ ਲੈ ਗਿਆ ਸੀ। ਮੁਲਜ਼ਮਾਂ ਦੀ ਸਪੱਸ਼ਟ ਪਛਾਣ ਦੱਸੇ ਜਾਣ ਦੇ ਬਾਵਜੂਦ ਇਸ ਮਾਮਲੇ ਵਿੱਚ ਪੁਲੀਸ ਨੇ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਇਸ ਕਾਰਨ ਉਨ੍ਹਾਂ ਨੂੰ ਪੁਲੀਸ ਚੌਕੀ ਅੱਗੇ ਧਰਨਾ ਦੇਣਾ ਪਿਆ। ਇਹ ਧਰਨਾ ਤਿੰਨ ਘੰਟੇ ਜਾਰੀ ਰਿਹਾ।
ਚੌਕੀ ਇੰਚਾਰਜ ਗੋਬਿੰਦ ਸਿੰਘ ਵੱਲੋਂ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੇ ਭਰੋਸੇ ਮਗਰੋਂ ਲੋਕਾਂ ਨੇ ਧਰਨਾ ਚੁੱਕਿਆ। ਕਾਮਰੇਡ ਜੀਤ ਸਿੰਘ ਭੀਖੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਪੁਲੀਸ ਨੇ ਵਾਅਦਾਖ਼ਿਲਾਫ਼ੀ ਕੀਤੀ, ਤਾਂ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਇਸ ਮੌਕੇ ਹਰਬੰਸ ਸਿੰਘ ਦਰਾਕਾ, ਅਜੈਬ ਸਿੰਘ ਖੋਖਰ, ਜਗਸੀਰ ਸਿੰਘ ਕਲਿਆਣ ਅਤੇ ਹਾਕਮ ਸਿੰਘ ਦਰਾਕਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪੀੜਤ ਪਰਿਵਾਰ ਸਮੇਤ ਲੋਕ ਹਾਜ਼ਰ ਸਨ।
INDIA ਪੀੜਤ ਪਰਿਵਾਰ ਵੱਲੋਂ ਪੁਲੀਸ ਚੌਕੀ ਅੱਗੇ ਧਰਨਾ