ਈਡੀ ਵੱਲੋਂ ਵਾਡਰਾ ਦੀ ਫ਼ਰਮ ਖ਼ਿਲਾਫ਼ ਸੱਜਰਾ ਕੇਸ ਦਰਜ

ਐਨਫੋਰਸਮੈਂਟ ਡਾਇਰੈਕਟੋਰੇਟ ਨੇ ਕਾਂਗਰਸ ਆਗੂ ਸੋਨੀਆ ਗਾਂਧੀ ਦੇ ਜਵਾਈ ਰੌਬਰਟ ਵਾਡਰਾ ਨਾਲ ਸਬੰਧਤ ਫਰਮ ਤੇ ਕੁਝ ਹੋਰਨਾਂ ਖ਼ਿਲਾਫ਼ ਕਾਲੇ ਧਨ ਨੂੰ ਸਫ਼ੇਦ ਕਰਨ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਹੈ। ਸੱਜਰਾ ਕੇਸ ਸਾਲ 2008 ਵਿੱਚ ਹਰਿਆਣਾ ਦੇ ਗੁੜਗਾਉਂ ਵਿੱਚ ਜ਼ਮੀਨ ਦੀ ਖਰੀਦੋ ਫਰੋਖ਼ਤ ਮੌਕੇ ਵਿੱਤੀ ਤੇ ਹੋਰ ਬੇਨਿਯਮੀਆਂ ਨਾਲ ਸਬੰਧਤ ਹੈ। ਅਧਿਕਾਰੀਆਂ ਮੁਤਾਬਕ ਕੇਂਦਰੀ ਜਾਂਚ ਏਜੰਸੀ ਨੇ ਪੀਐਮਐਲਏ ਤਹਿਤ ਅਪਰਾਧਿਕ ਐਫਆਈਆਰ ਦਰਜ ਕੀਤੀ ਹੈ। ਈਡੀ ਨੇ ਪਿਛਲੇ ਸਾਲ ਦਸੰਬਰ ਵਿੱਚ ਵਾਡਰਾ ਨਾਲ ਸਬੰਧਤ ਤਿੰਨ ਲੋਕਾਂ ਦੇ ਘਰਾਂ ਤੇ ਦਫ਼ਤਰਾਂ ’ਤੇ ਛਾਪੇ ਮਗਰੋਂ ਸੱਜਰਾ ਕੇਸ ਦਰਜ ਕੀਤਾ ਹੈ। ਕੇਸ ਵਿੱਚ ਲਾਏ ਨਵੇਂ ਦੋਸ਼ ਹਰਿਆਣਾ ਪੁਲੀਸ ਵੱਲੋਂ ਪਿਛਲੇ ਸਾਲ ਸਤੰਬਰ ਵਿੱਚ ਦਰਜ ਐਫਆਈਆਰ ’ਤੇ ਆਧਾਰਿਤ ਹਨ। ਇਸ ਦੌਰਾਨ ਰੌਬਰਟ ਵਾਡਰਾ ਦੇ ਕਥਿਤ ਨੇੜਲੇ ਸਾਥੀ ਮਨੋਜ ਅਰੋੜਾ, ਜਿਸ ਖਿਲਾਫ਼ ਈਡੀ ਵੱਲੋਂ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ, ਨੇ ਅੱਜ ਦਿੱਲੀ ਦੀ ਅਦਾਲਤ ਵਿੱਚ ਪਹੁੰਚ ਕਰਦਿਆਂ ਕਾਲੇ ਧਨ ਨੂੰ ਸਫ਼ੇਦ ਬਣਾਉਣ ਦੇ ਮਾਮਲੇ ਵਿੱਚ ਪੇਸ਼ਗੀ ਜ਼ਮਾਨਤ ਮੰਗੀ ਹੈ।

Previous articleਬਠਿੰਡਾ ਸੰਸਦੀ ਹਲਕੇ ਤੋਂ ਚੋਣ ਲੜ ਸਕਦੇ ਨੇ ਖਹਿਰਾ
Next articleਪੀੜਤ ਪਰਿਵਾਰ ਵੱਲੋਂ ਪੁਲੀਸ ਚੌਕੀ ਅੱਗੇ ਧਰਨਾ