ਨਵੀਂ ਦਿੱਲੀ (ਸਮਾਜਵੀਕਲੀ) :ਚੀਨੀ ਕੰਪਨੀਆਂ ਵੱਲੋਂ ਫੰਡ ਦਿੱਤੇ ਜਾਣ ਦੇ ਮੁੱਦੇ ’ਤੇ ਇੱਕ ਦੂਜੇ ਖ਼ਿਲਾਫ਼ ਕਾਂਗਰਸ ਤੇ ਭਾਜਪਾ ਵੱਲੋਂ ਲਾਏ ਜਾ ਰਹੇ ਦੋਸ਼ਾਂ ਵਿਚਾਲੇ ਕਾਂਗਰਸ ਨੇ ਦੋਸ਼ ਲਗਾਇਆ ਹੈ ਕਿ ਚੀਨੀ ਫਰਮਾਂ ਨੇ ‘ਪੀਐੱਮ-ਕੇਅਰਜ਼ ਫੰਡ’ ਲਈ ਵੀ ਦਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਚੀਨੀ ਕੰਪਨੀਆਂ ਤੋਂ ਫੰਡ ਲੈ ਕੇ ਆਪਣੇ ਅਹੁਦੇ ਨਾਲ ਸਮਝੌਤਾ ਕਰ ਰਹੇ ਹਨ।
ਕਾਂਗਰਸ ਦੇ ਬੁਲਾਰੇ ਤੇ ਸੀਨੀਅਰ ਆਗੂ ਅਭਿਸ਼ੇਕ ਮਨੂ ਸਿੰਘ ਨੇ ਕਿਹਾ, ‘ਚੀਨ ਨਾਲ ਬਣੇ ਯੁੱਧ ਦੇ ਮਾਹੌਲ ਦੇ ਬਾਵਜੂਦ ਪ੍ਰਧਾਨ ਮੰਤਰੀ ਮੋਦੀ ਨੇ ਚੀਨੀ ਕੰਪਨੀਆਂ ਤੋਂ ਫੰਡ ਕਿਉਂ ਲਏ? ਕੀ ਪ੍ਰਧਾਨ ਮੰਤਰੀ ਨੇ ਵਿਵਾਦਤ ਕੰਪਨੀ ਹੁਆਵੇਈ ਤੋਂ 7 ਕਰੋੜ ਰੁਪਏ ਲਏ ਹਨ? ਕੀ ਹੁਆਵੇਈ ਦਾ ਸਿੱਧਾ ਸਬੰਧਤ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨਾਲ ਹੈ? ਟਿੱਕਟੌਕ ਦੀ ਮਲਕੀਅਤ ਵਾਲੀ ਕੰਪਨੀ ਨੇ ਪੀਐੱਮ-ਕੇਅਰਜ਼ ਫੰਡ ’ਚ 30 ਕਰੋੜ ਰੁਪਏ ਦਾ ਚੰਦਾ ਦਿੱਤਾ ਹੈ?’
ਕਾਂਗਰਸ ਨੇ ਨਾਲ ਹੀ ਸਵਾਲ ਕੀਤਾ ਕਿ ਕੀ ਚੀਨ ਦੀ 38 ਫੀਸਦ ਮਲਕੀਅਤ ਵਾਲੀ ਕੰਪਨੀ ਪੇਟੀਐੱਮ ਨੇ 100 ਕਰੋੜ ਰੁਪਏ, ਓਪੋ ਨੇ 1 ਕਰੋੜ ਤੇ ਸ਼ਿਓਮੀ ਨੇ 15 ਕਰੋੜ ਰੁਪਏ ਦੇ ਫੰਡ ਦਿੱਤੇ ਹਨ। ਸ੍ਰੀ ਸਿੰਘਵੀ ਨੇ ਕਿਹਾ, ‘ਕੀ ਪ੍ਰਧਾਨ ਮੰਤਰੀ ਨੇ ਪੀਐੱਮਐੱਨਆਰਐੱਫ ’ਚ ਮਿਲੇ ਫੰਡਾਂ ਨੂੰ ਵਿਵਾਦਤ ਪੀਐੱਮ-ਕੇਅਰਜ਼ ਫੰਡਾਂ ’ਚ ਤਬਦੀਲ ਕੀਤਾ ਹੈ ਤੇ ਹੋਰ ਕਿੰਨੇ ਕਰੋੜ ਇਨ੍ਹਾਂ ਫੰਡਾਂ ’ਚ ਤਬਦੀਲ ਕੀਤੇ ਗਏ ਹਨ।’
ਉਨ੍ਹਾਂ ਕਿਹਾ ਕਿ ਪ੍ਰਾਪਤ ਰਿਪੋਰਟਾਂ ਅਨੁਸਾਰ 20 ਮਈ 2020 ਤੱਕ ਪੀਐੱਮ ਕੇਅਰਜ਼ ’ਚ 9678 ਕਰੋੜ ਰੁਪਏ ਦੇ ਫੰਡ ਆਏ ਹਨ। ਉਨ੍ਹਾਂ ਦੋਸ਼ ਲਾਇਆ, ‘ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਚੀਨੀ ਫੌਜਾਂ ਸਾਡੇ ਇਲਾਕੇ ’ਚ ਕਬਜ਼ੇ ਕਰ ਰਹੀਆਂ ਹਨ ਤੇ ਪ੍ਰਧਾਨ ਮੰਤਰੀ ਚੀਨੀ ਕੰਪਨੀਆਂ ਤੋਂ ਫੰਡ ਲੈ ਰਹੇ ਹਨ।’ ਇਸੇ ਦੌਰਾਨ ਸ੍ਰੀ ਸਿੰਘਵੀ ਨੇ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਕਿ ਲੰਘੇ ਛੇ ਸਾਲਾਂ ਦੌਰਾਨ ਉਨ੍ਹਾਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ 18 ਮੀਟਿੰਗਾਂ ਕੀਤੀਆਂ ਹਨ ਤੇ ਉਹ ਹੁਣ ਵੀ ਚੀਨ ਨੂੰ ‘ਧਾੜਵੀ’ ਕਿਉਂ ਨਹੀਂ ਕਹਿੰਦੇ।