ਪਿੰਡਾਂ ਵਿੱਚ ਹੁਣ ਪਾ ਲਿਆ ਹੁਣ ਸ਼ਹਿਰੀ ਸੋਚ ਨੇ ਫੇਰਾ ……

ਜਤਿੰਦਰ ਭੁੱਚੋ

(ਸਮਾਜ ਵੀਕਲੀ)

ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨੂੰ ਹੁਣ ਤੱਕ ਪੰਜਾਬ ਦੇ ਪਿੰਡ ਹੀ ਸਾਂਭੀ ਤੁਰੇ ਆ ਰਹੇ ਸਨ ।ਸਾਡੇ ਰੀਤੀ ਰਿਵਾਜਾਂ ਵਿੱਚ ਸੱਭਿਆਚਾਰ ਨਾਲ ਜੁੜਿਆ ਹਰ ਰੰਗ ਪਹਿਰਾਵਾ , ਵਿਆਹ- ਸ਼ਾਦੀ , ਗੀਤ -ਸੰਗੀਤ, ਨੱਚਣ ਗਾਉਣ ਇੱਥੋਂ ਤਕ ਖ਼ੁਸ਼ੀ ਗ਼ਮੀ ਵਿੱਚ ਵੀ ਜੇਕਰ ਝਲਕਦਾ ਸੀ ਤਾਂ ਉਹ ਸਭ ਪਿੰਡਾਂ ਤਕ ਹੀ ਸੀਮਿਤ ਸੀ ।ਪਰ ਹੁਣ ਹੌਲੀ ਹੌਲੀ ਪਿੰਡਾਂ ਵਿਚ ਸ਼ਹਿਰੀ ਸੋਚ ਹਾਵੀ ਹੋ ਰਹੀ ਹੈ ਪਹਿਲਾਂ ਤਾਂ ਹੋਇਆ ਇਹ ਕਿ ਪਿੰਡ ਸ਼ਹਿਰਾਂ ਵੱਲ ਕੂਚ ਕਰ ਰਹੇ ਸਨ ਪਰ ਹੁਣ ਬਣਿਆ ਬਣਾਇਆ ਸ਼ਹਿਰ ਪਿੰਡ ਦੇ ਬੂਹੇ ਤੇ ਦਸਤਕ ਦੇ ਰਿਹਾ ਹੈ ।

ਸ਼ਹਿਰੀ ਖਾਣ ਪੀਣ ,ਪਹਿਰਾਵਾ ,ਪੇਂਡੂ ਜੀਵਨ ਵਿੱਚ ਘੁਸਪੈਠ ਕਰ ਚੁੱਕਿਆ ਹੈ ।ਪੇਂਡੂ ਜੀਵਨ ਉੱਤੇ ਸ਼ਹਿਰੀ ਸੋਚ ਹਾਵੀ ਹੋਣ ਦੇ ਕਾਰਨਾ ਵਿੱਚੋਂ ਅਹਿਮ ਰੁਜ਼ਗਾਰ ਪ੍ਰਾਪਤੀ , ਚਕਾ-ਚੌਂਧ ਵਾਲੀ ਜ਼ਿੰਦਗੀ ,ਸ਼ਹਿਰਾਂ ਵਿਚ ਮਿਲ ਰਹੀਆਂ ਸਹੂਲਤਾਂ ਜਿਵੇਂ ਵੱਡੇ ਵੱਡੇ ਸਿਨੇਮਾ ਘਰ ਪਾਰਕ ਖੇਡ ਦੇ ਮੈਦਾਨ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਜਿਨ੍ਹਾਂ ਦੀ ਸਾਡੇ ਪਿੰਡਾਂ ਵਿੱਚ ਹਾਲੇ ਤਕ ਬਹੁਤ ਵੱਡੀ ਘਾਟ ਹੈ ਆਪਣੇ ਵੱਲ ਬੜੀ ਤੇਜ਼ੀ ਨਾਲ ਖਿੱਚ ਰਹੀਆਂ ਹਨ ।

ਸ਼ਹਿਰੀ ਖਾਣ ਪੀਣ ਪਹਿਰਾਵਾ ਗਾਉਣ ਵਜਾਉਣ ਡੀਜੇ ਦੀ ਧਮਕ ਸਾਡੇ ਵਿਰਸੇ ਨੂੰ ਸਿਉਂਕ ਦੀ ਤਰ੍ਹਾਂ ਹੌਲੀ ਹੌਲੀ ਖੋਖਲਾ ਕਰ ਚੁੱਕਿਆ ਹੈ ਪੇਂਡੂ ਲੋਕ ਵਧੀਆ ਜੁੱਸੇ ਅਤੇ ਦੇਸੀ ਖੁਰਾਕਾਂ ਖਾਣ ਵਾਲੇ ਜਾਣੇ ਜਾਂਦੇ ਸਨ ਪਰ ਪੀਜ਼ੇ ਬਰਗਰ ਹੁਣ ਉਨ੍ਹਾਂ ਦੇ ਵੀ ਹੱਡੀਂ ਰਚ ਚੁੱਕੇ ਹਨ ।ਪੰਜਾਬੀਆਂ ਦੀ ਜਿੰਦ ਜਾਨ ਸਰ੍ਹੋਂ ਦਾ ਸਾਗ ਤੇ ਮੱਕੀ ਦੀ ਰੋਟੀ ਫਿੱਕੇ ਪੈਂਦੇ ਨਜ਼ਰ ਆ ਰਹੇ ਹਨ। ਸਾਡੀਆਂ ਆਉਣ ਵਾਲੀਆਂ ਨਸਲਾਂ ਸਾਡੀਆਂ ਜੜ੍ਹਾਂ ਅਤੇ ਆਪਣੇ ਅਸਲ ਤੋਂ ਟੁੱਟ ਕੇ ਪੱਛਮੀ ਸੱਭਿਅਤਾ ਦੀ ਪੈੜ ਵਿੱਚ ਪੈੜ ਧਰਦੇ ਆਪਣੀ ਮਾਂ ਬੋਲੀ ਪੰਜਾਬੀ ਅਤੇ ਆਪਣਾ ਆਪ ਗੁਆ ਕੇ ਨਸ਼ਿਆਂ ਦੀ ਜਕੜਨ ਵਿਚ ਜਕੜੇ ਦਮ ਤੋੜ ਰਹੇ ਹਨ ਖੇਡਾਂ ਵਿੱਚ ਵੱਡੀ ਪੱਧਰ ਤੇ ਨਸ਼ਿਆਂ ਦੀ ਵਰਤੋਂ ਸ਼ਰ੍ਹੇਆਮ ਹੋ ਰਹੀ ਹੈ ।

ਨਸ਼ਿਆਂ ਦੇ ਚੁੰਗਲ ਵਿਚ ਫਸੇ ਗੱਭਰੂ ਅਤੇ ਮੁਟਿਆਰਾਂ ਸ਼ਰਮ ਹਯਾ ਤੋਂ ਕੋਹਾਂ ਦੂਰ ਹੋ ਚੁੱਕੇ ਹਨ ।ਪੇਂਡੂ ਜੀਵਨ ਵਿੱਚੋਂ ਸੱਥਾਂ ਅਲੋਪ ਹੋ ਰਹੀਆਂ ਹਨ ਤੇ ਉਨ੍ਹਾਂ ਦੀ ਜਗ੍ਹਾ ਫੇਸਬੁੱਕ ਟਵਿੱਟਰ ਸਨੈਪ ਚੈਟ ਵਰਗੀਆਂ ਸੋਸ਼ਲ ਸਾਈਟਾਂ ਨੇ ਲੈ ਲਈ ਹੈ ਜਿਨ੍ਹਾਂ ਦੇ ਮਾਰੂ ਪ੍ਰਭਾਵ ਸਾਡੇ ਸਾਹਮਣੇ ਹਨ ਕਿ ਬੱਚੇ ਗਰਾਊਂਡਾਂ ਵਿੱਚ ਜਾ ਕੇ ਖੇਡਣ ਦੀ ਜਗ੍ਹਾ ਮੋਬਾਇਲ ਉੱਪਰ ਹੀ ਗੇਮਾਂ ਖੇਡ ਕੇ ਖ਼ੁਸ਼ੀ ਅਤੇ ਆਨੰਦ ਮਾਣ ਕੇ ਬੰਦ ਕਮਰਿਆਂ ਵਿੱਚ ਬੈਠੇ ਆਪੋ ਆਪ ਵਿਚ ਚੈਂਪੀਅਨ ਬਣ ਰਹੇ ਹਨ ।ਵਰਤਮਾਨ ਸਮੇਂ ਵਿੱਚ ਬੱਚਿਆਂ ਦੀ ਨਿਗ੍ਹਾ ਘੱਟ ਹੋਣਾ ਇੱਕ ਆਮ ਜਿਹੀ ਗੱਲ ਬਣ ਚੁੱਕੀ ਹੈ । ਉਹ ਦਿਨ ਦੂਰ ਨਹੀਂ ਜਦੋਂ ਸਾਡੇ ਬੱਚੇ ਜੰਮਦੇ ਹੀ ਭਿਆਨਕ ਬੀਮਾਰੀਆਂ ਦੀ ਚਪੇਟ ਵਿੱਚ ਹੋਇਆ ਕਰਨਗੇ । ਉਹ ਦਿਨ ਦੂਰ ਨਹੀਂ ਜਦੋਂ ਪੜ੍ਹਾਕੂ ਤੇ ਰੱਟੂ ਤੋਤੇ ਘਰ ਘਰ ਮਿਲਣਗੇ ਪਰ ਸਰੀਰਕ ਤੌਰ ਤੇ ਰਿਸ਼ਟ ਪੁਸ਼ਟ ਅਤੇ ਤੰਦਰੁਸਤ ਬੱਚੇ ਵਿਰਲੇ ਹੀ ਲੱਭਿਆ ਕਰਨਗੇ ।

ਇਹ ਸਾਡੇ ਪੰਜਾਬੀਆਂ ਅਤੇ ਪੰਜਾਬੀਅਤ ਲਈ ਬਹੁਤ ਗੰਭੀਰ ਅਤੇ ਵਿਚਾਰਨਯੋਗ ਮਸਲਾ ਹੈ । ਹੁਣ ਉਹ ਦਿਨ ਆ ਚੁੱਕੇ ਹਨ ਕਿ ਸਾਨੂੰ ਆਪਣੀ ਜ਼ਿੰਦਗੀ ਦੇ ਹਿੱਸੇ ਸਾਡੇ ਆਪਣੇ ਸੱਭਿਆਚਾਰ ਨੂੰ ਮੁੜ ਤੋਂ ਪਾਉਣ ਲਈ ਸੱਭਿਆਚਾਰਕ ਪ੍ਰੋਗਰਾਮ ਕਰਵਾਉਣੇ ਪੈ ਰਹੇ ਹਨ । ਭਾਈਚਾਰਕ ਸਾਂਝ ਅਤੇ ਆਪਸੀ ਪ੍ਰੇਮ ਪਿਆਰ ਦੀ ਮਿਸਾਲ ਸਾਡੇ ਪੇਂਡੂ ਤੇ ਅਣਭੋਲ ਲੋਕਾਂ ਵਿਚ ਸ਼ਹਿਰੀ ਲੋਕਾਂ ਦੀ ਤਰ੍ਹਾਂ ਵਿਖਾਵੇ ਅਤੇ ਬਨਾਉਟੀਪਣ ਦਾ ਰੁਝਾਨ ਵਧ ਰਿਹਾ ਹੈ ਦਿਨੋਂ ਦਿਨ ਨੈਤਿਕਤਾ ਦਾ ਪੱਧਰ ਨਿਘਾਰ ਵੱਲ ਜਾ ਰਿਹਾ ਹੈ ।ਸਾਡੀ ਜਵਾਨੀ ਕਿਸੇ ਭਟਕੇ ਹੋਏ ਮੁਸਾਫ਼ਰ ਦੀ ਤਰ੍ਹਾਂ ਆਪਣੇ ਆਪ ਨੂੰ ਚੁਰਸਤੇ ਤੇ ਦਿਸ਼ਾਹੀਣ ਖਡ਼੍ਹੀ ਭੰਬਲਭੂਸੇ ਵਿੱਚ ਹੈ ਤੇ ਬਦਕਿਸਮਤੀ ਨਾਲ ਦਰ ਬਦਰ ਬਿਗਾਨਿਆਂ ਦੇ ਬੂਹੇ ਤੇ ਦਸਤਕ ਦੇ ਰਹੀ ਹੈ ।

ਸਾਡੇ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਦੇ ਅਮੀਰ ਅਤੇ ਸੱਚੇ ਸੁੱਚੇ ਵਿਰਸੇ ਨੂੰ ਬਚਾਉਣ ਲਈ ਪੂਰੇ ਵਿਸ਼ਵ ਦੇ ਚੱਪੇ ਚੱਪੇ ਵਿੱਚ ਵੱਸਦੇ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਿਤ ਕਰਨਾ ਚਾਹੀਦਾ ਹੈ ।ਸਰਕਾਰਾਂ ਨੂੰ ਪਿੰਡਾਂ ਵੱਲ ਵਿਸ਼ੇਸ਼ ਧਿਆਨ ਦੇ ਕੇ ਪਿੰਡਾਂ ਵਿੱਚ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ । ਸਾਹਿਤ ਨਾਲ ਜੁੜੇ ਸਾਰੇ ਹੀ ਲੇਖਕਾਂ ਕਵੀਆਂ ਗੀਤਕਾਰਾਂ ਅਤੇ ਗਾਇਕਾਂ ਨੂੰ ਇਹ ਚਾਹੀਦਾ ਹੈ ਕਿ ਉਹ ਜੋ ਵੀ ਲਿਖਣ ਜਾਂ ਗਾਉਣ ਉਸ ਵਿੱਚ ਸਾਡੇ ਵਿਰਸੇ ਅਤੇ ਸੱਭਿਆਚਾਰ ਦੀ ਝਲਕ ਦਿਖਦੀ ਹੋਵੇ ਉਨ੍ਹਾਂ ਦੀ ਲੇਖਣੀ ਸਾਡੇ ਨਾਇਕ ਅਤੇ ਨਾਇਕਾਵਾਂ ਨੂੰ ਉਭਾਰਦੇ ਹੋਣ ਨਾ ਕਿ ਸਾਡੇ ਨੌਜਵਾਨਾਂ ਨੂੰ ਨਸ਼ੇੜੀ ਅਤੇ ਮਾਰਕੁੱਟ ਕਰਨ ਵਾਲੇ ਬਦਮਾਸ਼ਾਂ ਦੇ ਰੂਪ ਵਿੱਚ ਪੇਸ਼ ਕਰਨ ।

ਬੱਚਿਆਂ ਨੂੰ ਟੀ ਵੀ ਚੈਨਲਾਂ ਤੇ ਚੱਲਦੇ ਕਾਰਟੂਨਾਂ , ਮੋਬਾਇਲ ਫੋਨ ਅਤੇ ਇੰਟਰਨੈੱਟ ਤੋਂ ਦੂਰ ਰੱਖਿਆ ਜਾਵੇ , ਦੇਸੀ ਖੁਰਾਕਾਂ ਹੀ ਖਵਾਈਆਂ ਜਾਣ ਤਾਂ ਜੋ ਸਾਡੇ ਪਿੰਡ ਪਿੰਡ ਰਹਿ ਸਕਣ ਅਤੇ ਸਾਡੇ ਵਿਰਸੇ ਅਤੇ ਸੱਭਿਆਚਾਰ ਦੀ ਉਮਰ ਹੋਰ ਲਮੇਰੀ ਹੋ ਸਕੇ । ਅੰਤ ਵਿਚ ਪੇਂਡੂ ਜੀਵਨ ,ਸਾਡੇ ਵਿਰਸੇ ਅਤੇ ਸੱਭਿਆਚਾਰ ਤੇ ਭਾਈ ਪ੍ਰਭਾਵਾਂ ਨੂੰ ਬਿਆਨ ਕਰਦੀ ਮੇਰੀ ਇੱਕ ਕਵਿਤਾ …..

ਜਿਨ੍ਹਾਂ ਗਲੀਆਂ ਵਿਚ ਬੀਤਿਆ ਬਚਪਨ ਮੇਰਾ,
ਹੁਣ ਬਦਲਿਆ ਉਨ੍ਹਾਂ ਆਪਣਾ ਰੂਪ ਤੇ ਚਿਹਰਾ,
ਬਦਲਿਆ ਮੇਰਾ ਪਿੰਡ ਬਦਲਿਆ ਰਹਿਣ ਬਸੇਰਾ,
ਪਿੰਡਾਂ ਵਿਚ ਵੀ ਪਾ ਲਿਆ ਸ਼ਹਿਰੀ ਸੋਚ ਨੇ ਫੇਰਾ ।

ਗਲੀਆਂ ਵਿੱਚ ਰਲ ਨਿਆਣਿਆਂ ਸੀ ਖੌਰੂ ਪਾਉਣਾ,
ਗੁਆਚ ਗਿਆ ਉਹ ਬਚਪਨ ਹੁਣ ਮੁੜ ਨੀਂ ਥਿਆਉਣਾ,

ਟੀ.ਵੀ ਦੇ ਵਿਚ ਦਫਨ ਹੋ ਗਿਆ ਕਿ ਤੇਰਾ ਕੀ ਮੇਰਾ ,
ਪਿੰਡਾਂ ਵਿਚ ਵੀ ਪਾ ਲਿਆ ਸ਼ਹਿਰੀ ਸੋਚ ਨੇ ਫੇਰਾ ।

ਹੁਣ ਵਿਰਲਾ ਹੀ ਕੋਈ ਜਾ ਸੱਥਾਂ ਵਿੱਚ ਬਹਿੰਦਾ ਏ ,
ਹਰ ਕੋਈ ਮੇਰੇ ਪਿੰਡ ਦਾ ਆਨ ਲਾਈਨ ਹੀ ਰਹਿੰਦਾ ਏ,
ਚੱਕ ਲਿਆ ਹੁਣ ਪਿੰਡਾਂ ਵਿੱਚੋਂ ਸੱਭਿਆਚਾਰ ਨੇ ਡੇਰਾ,
ਪਿੰਡਾਂ ਵਿਚ ਵੀ ਪਾ ਲਿਆ ਸ਼ਹਿਰੀ ਸੋਚ ਨੇ ਫੇਰਾ ।

ਮੰਜੇ ਜੋੜ ਸਪੀਕਰ ਜਦ ਕੋਠੇ ਵੱਜਦੇ ਸੀ,
ਵਿਆਹ ਵੇਲੇ ਪਿੰਡ ਮੇਲਿਆਂ ਵਾਂਗੂ ਸਜਦੇ ਸੀ ,
ਜਾਗੋ ਬੋਲੀਆਂ ਸੁਹਾਗ ਵਿਸਰੇ ਡੀ ਜੇ ਦਾ ਡੇਰਾ,
ਪਿੰਡਾਂ ਵਿਚ ਵੀ ਪਾ ਲਿਆ ਸ਼ਹਿਰੀ ਸੋਚ ਨੇ ਫੇਰਾ ।

ਕੁਸ਼ਤੀ ਡੰਡ ਬੈਠਕਾਂ ਘੋਲ ਕਬੱਡੀ ਸੀ ਪਿੰਡ ਮੇਰੇ ਦਾ ਮਾਣ,

ਨਸ਼ਿਆਂ ਦੇ ਵਿੱਚ ਹੋ ਗਿਆ ਜਵਾਨੀ ਦਾ ਹੁਣ ਘਾਣ,
ਚਿੱਟੇ ਬੱਦਲ ਨਸ਼ਿਆਂ ਦੇ ਛਾਇਆ ਘੋਰ ਹਨੇਰਾ,
ਪਿੰਡਾਂ ਵਿਚ ਵੀ ਪਾ ਲਿਆ ਸ਼ਹਿਰੀ ਸੋਚ ਨੇ ਫੇਰਾ ।

ਜਤਿੰਦਰ ਭੁੱਚੋ
9501475400

Previous articleDigital payments well entrenched across Indian households: Survey
Next articlePassenger vehicle sales rise 13.6% in December