‘ਪਿੰਡ’

ਸੰਦੀਪ ਸਿੰਘ (ਬਖੋਪੀਰ)
(ਸਮਾਜ ਵੀਕਲੀ)
ਚੱਲ ਆ ਪਿੰਡਾਂ ਨਾਲ ਜਾ ਜੁੜੀਏ,
ਇੱਥੇ ਲੱਖਾਂ ਵਿੱਚ ਵੀ ਇਕੱਲੇ ਹਾਂ,
ਚੱਲ ਭੈਣ-ਭਾਈਆਂ ਦੇ ਨਾਲ ਜਾ ਜੁੜੀਏ।
ਇੱਥੇ ਦੁੱਖ-ਸੁੱਖ ਕੋਈ ਪੁੱਛਦਾ ਨਹੀਂ,
ਪਿੰਡ ਸਾਂਝ ਹੁੰਦੀ ਹੈ ਘਰ-ਘਰ ਦੀ,
ਚੱਲ ਸਾਂਝਾ ਦੇ ਨਾਲ ਜਾ ਜੁੜੀਏ।
ਪਿੰਡ ਅੰਮ੍ਰਿਤ ਵੇਲਾ ਹੁੰਦਾ ਏ,
ਸੁਭਾ,ਸ਼ਾਮ, ਕੁਵੇਲਾ ਹੁੰਦਾ ਏ,
ਚੱਲ ਘੜੀਆਂ-ਪਹਿਰਾਂ ਦੇ ਨਾਲ ਜਾ ਜੁੜੀਏ।
ਇੱਥੇ ਰਿਸ਼ਤਾ ਨਹੀਂ ਪਿਆਰਾ ਦਾ,
ਛੋਟੇ-ਵੱਡਿਆਂ ਦੇ ਸਤਿਕਾਰਾ ਦਾ,
ਚੱਲ ਚਾਚੇ, ਤਾਏ, ਬਾਪੂਆਂ ਦੇ ਨਾਲ ਜਾ ਜੁੜੀਏ।
ਇੱਥੇ ਏਸੀਆਂ ਵਿੱਚ ਵੀ ਦਮ ਘੁਟੇ,
ਕੋਈ ਪਿੱਪਲ-ਬੋਹੜ ਨਾ ਰੁੱਖ ਦਿਸੇ,
ਚੱਲ ਤੂਤਾਂ, ਨਿੰਮਾਂ,ਬੋਹੜਾ ਦੇ ਨਾਲ ਜਾ ਜੁੜੀਏ।
ਇੱਥੇ ਕੋਈ ਲਾਡ ਲਡਾਉਂਦਾ ਨਾ,
ਕੋਈ ਕਿਸੇ ਦੇ ਜਾਂਦਾ-ਆਉਂਦਾ ਨਾ,
ਚੱਲ ਚਾਚੀਆਂ, ਤਾਈਆਂ, ਮਾਸੀਆਂ ਦੇ ਨਾਲ ਜਾ ਜੁੜੀਏ।
ਇੱਥੇ ਸਾਂਝ ਨਾ ਸਾਂਝੀਆ ਥਾਵਾਂ ਦੀ,
ਕੋਈ ਧੂੜ ਨਾ ਕੱਚੀਆਂ ਰਾਹਾਂ ਦੀ,
ਚੱਲ ਪਹੇ ‘ਤੇ ਡੰਡੀਆ, ਦੇ ਨਾਲ ਜਾ ਜੁੜੀਏ।
ਇੱਥੇ ਮੇਲੇ-ਗੇਲੇ ਲੱਗਦੇ ਨਾ,
ਜਿੱਥੇ ਲੱਗਦੀ ਰੌਣਕ ਸੱਥਾਂ ਵਿੱਚ,
ਚੱਲ ਸੱਥਾਂ, ਖੁੰਡਾਂ ਦੇ ਨਾਲ ਜਾ ਜੁੜੀਏ।
ਇੱਥੇ ਦੌੜ ਹੈ ਇਕੱਲੀ ਪੈਸੇ ਦੀ,
ਇਹ ਦੁਨੀਆਂ ਐਸੇ-ਵੈਸੇ ਦੀ,
ਜਿੱਥੇ ਹਰ ਕੋਈ ਆਪਣਾ ਲੱਗਦਾ ਏ,
ਚੱਲ ਆਪਣੇ ਨਾਲ ਗਰਾਂ ਜੁੜੀਏ।
‘ਸੰਦੀਪ’ ਕੌਣ ਤੇਰਾ ਕੋਈ ਇੱਥੇ ਹੈ,
ਚੱਲ ਮੁੜੀਏ ਆਪਣੇ ਬੇਲੀਆਂ ਵੱਲ।
ਪਿੰਡ ਉਡੀਕਦੇ ਬੇਬੇ-ਬਾਪੂ ਨੇ,
ਚੱਲ ਉਨ੍ਹਾਂ ਦੇ ਨਾਲ ਜਾ ਜੁੜੀਏ।
ਸੰਦੀਪ ਸਿੰਘ (ਬਖੋਪੀਰ)
ਸੰਪਰਕ ਨੰਬਰ:- 9815321017
Previous articleਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ‘ਚ ਅਧਿਆਪਕ ਦਿਵਸ ਮਨਾਇਆ
Next article‘ਨਵਾਂ- ਜਮਾਨਾ’