ਪਿੰਜਰਾ

ਗੁਰਮਾਨ ਸੈਣੀ

(ਸਮਾਜ ਵੀਕਲੀ)

ਦੀਨਾ ਨਾਥ ਅੱਸੀ ਪਾਰ ਕਰ ਚੁੱਕਿਆ ਸੀ। ਪਿਛਲੇ ਤਿੰਨ ਚਾਰ ਸਾਲਾਂ ਤੋਂ  ਲਕਵਾ ਮਾਰਨ ਕਰਕੇ ਅਜਿਹਾ ਮੰਜਾ ਫੜਿਆ  ਕਿ ਫੇਰ ‌ਉੱਠਣ ਦਾ ਨਾਂ ਨਹੀਂ ਲੀਤਾ। ਪੁਤ ਤੇ ਨੂੰਹ ਡਾਕਟਰ ਸਨ। ਤਿਮਾਰਦਾਰੀ ਤੇ ਸੇਵਾ ਵਿੱਚ ਕੋਈ ਕਮੀ ਨਹੀਂ ਸੀ। ਇੱਕਲੌਤਾ ਪੋਤਾ ਸਕੂਲ ਚਲਿਆ ਜਾਂਦਾ ਤਾਂ ਘਰ ਭਾਂ ਭਾਂ ਕਰਦਾ। ਅੰਦਰਲੇ ਬੈਡਰੂਮ ਦੇ ਬਾਹਰ ਬਰਾਮਦੇ ਵਿੱਚ ਉਸਦਾ ਪਲੰਗ ਡਾਹ ਦਿੱਤਾ ਗਿਆ।

ਇੱਕ ਛੋਟਾ ਟੀ. ਵੀ. ਧਰ ਉਸਨੂੰ ਰਿਮੋਟ ਸੰਭਾਲ ਦਿੱਤਾ। ਕੋਣੇ ਵਿੱਚ ਇੱਕ ਤੋਤੇ ਦਾ ਪਿੰਜਰਾ ਵੀ ਸੀ। ਆਉਂਦਿਆਂ ਜਾਂਦਿਆਂ ਡਾਕਟਰ ਪੁੱਤ ਉਸਦੇ ਖਾਣ ਪੀਣ ਦਾ ਖਿਆਲ ਰੱਖਦਾ। ਉਸਦੇ ਨਾਲ ਗੱਲਬਾਤ ਕਰਦਾ। ਪਿੰਜਰੇ ਵਿੱਚ ਹੱਥ ਪਾ ਕੇ ਉਸਨੂੰ ਪਿਆਰ ਕਰਦਾ।ਤੋਤਾ ਵੀ ਇੰਨਾ ਲਾਡ ਪਿਆਰ ਪਾ ਕੇ ਜਿਵੇਂ ਨਿਹਾਲ ਹੋ ਗਿਆ। ਪਿੰਜਰੇ ਦੇ ਹਰ ਪਾਸੇ ਉਛਲ ਕੁੱਦ ਕੇ ਖੁਸ਼ੀ ਨਾਲ ਟੈਂ ਟੈਂ ਕਰਦਿਆਂ ਝੂਮ ਉਠਦਾ।

ਦੀਨਾ ਨਾਥ ਚਾਹੁੰਦਾ ਕਿ ਉਸਦਾ ਪੁੱਤਰ ਉਸਦੇ ਨਾਲ ਵੀ ਦੋ ਘੜੀ ਗੱਲਬਾਤ ਕਰੇ, ਹਾਲਚਾਲ ਪੁੱਛੇ। ਉਸਨੂੰ ਹਰ ਦਿਨ ਨਿਰਾਸ਼ਾ ਹੀ ਹੱਥ ਲਗਦੀ। ਅੱਜ ਜਦੋਂ ਡਾਕਟਰ ਮੁੜਿਆ ਤਾਂ ਰੋਜ਼ ਦੀ ਤਰ੍ਹਾਂ ਪਿੰਜਰੇ ਕੋਲ ਰੁਕਿਆ। ਉਸਦੇ ਨਾਲ ਗੱਲਬਾਤ ਕੀਤੀ, ਦਾਣਾ ਪਾਣੀ ਦੇਖਿਆ ਤੇ ਫੁਰਤੀ ਨਾਲ ਅੰਦਰ ਚਲਿਆ ਗਿਆ। ਤੋਤਾ ਪਿੰਜਰੇ ਵਿੱਚ ਚਹਿਕ ਰਿਹਾ ਸੀ।

ਉਸਨੂੰ ਦੇਖ ਕੇ ਟੈਂ ਟੈਂ ਦਾ ਸੋ਼ਰ ਮਚਾ ਰਿਹਾ ਸੀ। ਦੀਨਾ ਨਾਥ ਕੋਲੋਂ ਸਹਿਣ ਨਾ ਹੋ ਸਕਿਆ। ਉਹ ਅੰਦਰੋਂ ਅੰਦਰੀ ਈਰਖਾ ਤੇ ਗੁੱਸੇ ਨਾਲ ਸੁਲਘ ਉੱਠਿਆ। ਜਿਵੇਂ ਕਿਵੇਂ ਉੱਠਿਆ। ਦੀਵਾਰ ਦਾ ਸਹਾਰਾ ਲੈਂਦਿਆਂ  ਪਿੰਜਰੇ ਕੋਲ ਜਾ ਪਹੁੰਚਿਆ ਤੇ ਕੱਬਦੇ ਹੱਥਾਂ ਨਾਲ ਪਿੰਜਰੇ ਦਾ ਦਰਵਾਜ਼ਾ ਖੋਲ ਦਿੱਤਾ।

ਪੇਸ਼ਕਸ਼: ਗੁਰਮਾਨ ਸੈਣੀ
ਰਾਬਤਾ : 8360487488

Previous articleਬਰਡ—ਫਲੂ ਨੂੰ ਹਲਕੇ *ਚ ਲੈਣਾ ਪੈ ਸਕਦਾ ਹੈ ਭਾਰੀ
Next articleਸਾਡਾ ਹੱਕ ਏਥੇ ਰੱਖ