ਪਿੰਗਲਵਾੜੇ ’ਚ ਦਸ ਸਾਲਾਂ ਬਾਅਦ ਭੈਣਾਂ ਦਾ ਹੋਇਆ ‘ਮੇਲ’

ਅੰਮ੍ਰਿਤਸਰ- ਇਥੋਂ ਦੇ ਪਿੰਗਲਵਾੜੇ ਵਿਚ ਲਗਪਗ ਦਸ ਸਾਲ ਬਾਅਦ ਦੋ ਸਕੀਆਂ ਭੈਣਾਂ ਦਾ ਮੇਲ ਹੋਇਆ ਹੈ। ਇਕ ਭੈਣ ਪਿਛਲੇ ਲਗਪਗ 8 ਸਾਲਾਂ ਤੋਂ ਇਥੇ ਮਰੀਜ਼ ਵਜੋਂ ਦਾਖਲ ਸੀ ਜਦੋਂਕਿ ਦੂਜੀ ਅੱਜ ਆਪਣੇ ਪਰਿਵਾਰ ਸਮੇਤ ਪਿੰਗਲਵਾੜਾ ਦੇਖਣ ਆਈ ਸੀ। ਬਚਪਨ ਵਿਚ ਮਾਂ ਦੀ ਮੌਤ ਹੋਣ ਮਗਰੋਂ ਪਿਤਾ ਨੇ ਦੂਜਾ ਵਿਆਹ ਕਰਵਾ ਲਿਆ ਸੀ। 26 ਵਰ੍ਹਿਆਂ ਦੀ ਪ੍ਰੀਤੀ ਪਿਛਲੇ ਅੱਠ ਵਰ੍ਹਿਆਂ ਤੋਂ ਇਥੇ ਪਿੰਗਲਵਾੜਾ ਵਿਚ ਦਾਖਲ ਹੈ। 27 ਜੁਲਾਈ 2011 ਵਿਚ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਤੋਂ ਲਾਵਾਰਸ ਹੋਣ ਕਾਰਨ ਪਿੰਗਲਵਾੜਾ ਭੇਜ ਦਿੱਤਾ ਗਿਆ ਸੀ। ਉਸ ਵੇਲੇ ਉਹ ਤੁਰਨ ਫਿਰਨ ਤੋਂ ਅਸਮਰਥ ਸੀ ਅਤੇ ਮਿਰਗੀ ਦੇ ਦੌਰੇ ਵੀ ਪੈਂਦੇ ਸਨ। ਪ੍ਰੀਤੀ ਦੀ ਵੱਡੀ ਭੈਣ ਨੀਲਮ ਆਪਣੇ ਪਤੀ ਦੀਪਕ ਵਾਸੀ ਪੱਟੀ ਨਾਲ ਅੱਜ ਪਿੰਗਲਵਾੜਾ ਦੀ ਮਾਨਾਂਵਾਲਾ ਬਰਾਂਚ ਆਏ ਸਨ। ਪਿੰਗਲਵਾੜੇ ਨੂੰ ਦੇਖਦਿਆਂ ਇਕ ਵਾਰਡ ਵਿਚ ਨੀਲਮ ਨੇ ਆਪਣੀ ਭੈਣ ਪ੍ਰੀਤੀ ਨੂੰ ਦੇਖਿਆ ਤੇ ਦੋਵਾਂ ਨੇ ਇਕ ਦੂਜੇ ਨੂੰ ਪਛਾਣ ਲਿਆ। ਨੀਲਮ ਤੇ ਉਸ ਦੇ ਪਤੀ ਨੇ ਤੁਰੰਤ ਪਿੰਗਲਵਾੜੇ ਦੇ ਪ੍ਰਬੰਧਕਾਂ ਕੋਲ ਪਹੁੰਚ ਕੀਤੀ ਅਤੇ ਪ੍ਰਬੰਧਕਾਂ ਦੀ ਸਹਿਮਤੀ ਨਾਲ ਅੱਜ ਪ੍ਰੀਤੀ ਨੂੰ ਆਪਣੇ ਨਾਲ ਲੈ ਜਾਣ ਦਾ ਫੈਸਲਾ ਕੀਤਾ ਹੈ। ਨੀਲਮ ਨੇ ਦੱਸਿਆ ਕਿ ਉਸ ਦੇ ਪਿਤਾ ਸਕੂਟਰ ਰਿਪੇਅਰ ਦਾ ਕੰਮ ਕਰਦੇ ਸਨ, ਜਿਨ੍ਹਾਂ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਹੈ। ਉਨ੍ਹਾਂ ਦੀ ਮਾਂ ਬਚਪਨ ਵਿਚ ਹੀ ਚਲ ਵੱਸੀ ਸੀ। ਪਿਤਾ ਨੇ ਮੁੜ ਵਿਆਹ ਕਰਵਾ ਲਿਆ। ਨਵੀਂ ਮਾਂ ਦੇ ਘਰ ਵਿਚ ਆਉਣ ਮਗਰੋਂ ਪਿਤਾ ਨੇ ਦੋਵਾਂ ਧੀਆਂ ਨੂੰ ਛੋਟੀ ਉਮਰੇ ਹੀ ਵਿਆਹ ਕੇ ਘਰੋਂ ਤੋਰ ਦਿੱਤਾ। ਪ੍ਰੀਤੀ ਨੇ ਪ੍ਰਬੰਧਕਾਂ ਨੂੰ ਦੱਸਿਆ ਕਿ ਉਸ ਦੇ ਪਤੀ ਨੇ ਉਸ ਨੂੰ ਛੱਤ ਤੋਂ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ ਸੀ ਅਤੇ ਉਸ ਦੇ ਸਿਰ ਵਿਚ ਸੱਟ ਲਗੀ ਸੀ। ਜਦੋਂ ਉਸ ਨੂੰ ਹੋਸ਼ ਆਈ ਤਾਂ ਉਹ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਸੀ। ਇਸ ਤੋਂ ਬਾਅਦ ਉਹ ਕਦੇ ਵੀ ਆਪਣੇ ਪਤੀ ਨੂੰ ਨਹੀਂ ਮਿਲੀ ਅਤੇ ਨਾ ਹੀ ਕਿਸੇ ਨੇ ਉਸ ਦੀ ਪੁੱਛਗਿੱਛ ਕੀਤੀ। ਉਹ ਆਪਣੇ ਪਰਿਵਾਰ ਨੂੰ ਮੁੜ ਮਿਲਣ ਬਾਰੇ ਭੁੱਲ ਹੀ ਚੁੱਕੀ ਸੀ ਕਿ ਅੱਜ ਅਚਨਚੇਤੀ ਉਸ ਦੀ ਵੱਡੀ ਭੈਣ ਮਿਲ ਗਈ। ਨੀਲਮ ਨੇ ਦੱਸਿਆ ਕਿ ਉੁਸ ਨੂੰ ਪ੍ਰੀਤੀ ਦੇ ਵਿਆਹ ਬਾਰੇ ਕੋਈ ਸੂਚਨਾ ਨਹੀਂ ਦਿੱਤੀ ਗਈ ਸੀ ਸਗੋਂ ਇਹ ਦੱਸਿਆ ਗਿਆ ਸੀ ਕਿ ਉਸ ਦੀ ਮੌਤ ਹੋ ਚੁੱਕੀ ਹੈ। ਪਿੰਗਲਵਾੜਾ ਦੀ ਮੁਖੀ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਪ੍ਰੀਤੀ ਨੇ ਕਦੇ ਵੀ ਆਪਣੇ ਮਾਪਿਆਂ ਜਾਂ ਵਾਰਸਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ, ਜਿਸ ਕਾਰਨ ਉਸ ਦੇ ਘਰ ਦਾ ਪਤਾ ਨਹੀਂ ਲੱਗ ਸਕਿਆ।

Previous articleਕੋਰਟ ਕੰਪਲੈਕਸ ਵਿੱਚ ਚੱਲੀਆਂ ਇੱਟਾਂ
Next articleਐਨਬੀਐੱਫਸੀ ਸੰਕਟ ਠੱਲ੍ਹਿਆ: ਸੀਤਾਰਾਮਨ