ਸੀਬੀਆਈ ਨੇ ਭਾਰਤੀ ਹਵਾਈ ਸੈਨਾ ਲਈ ਸਾਲ 2009 ’ਚ ਤਕਰੀਬਨ 2895 ਕਰੋੜ ਰੁਪਏ ਦੀ ਲਾਗਤ ਨਾਲ 75 ਪਿਲੈਟਸ ਬੇਸਿਕ ਟਰੇਨਰ ਜਹਾਜ਼ ਖਰੀਦੇ ਜਾਣ ਨਾਲ ਸਬੰਧਤ ਸੌਦੇ ’ਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਵਿਵਾਦਤ ਹਥਿਆਰ ਕਾਰੋਬਾਰੀ ਸੰਜੈ ਭੰਡਾਰੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਨੇ ਅੱਜ ਇਸ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੀਬੀਆਈ ਨੇ ਸੌਦੇ ਦੇ ਸਬੰਧ ਵਿੱਚ ਭੰਡਾਰੀ ਦੀ ਰਿਹਾਇਸ਼ ਤੇ ਦਫ਼ਤਰ ’ਚ ਛਾਪੇ ਵੀ ਮਾਰੇ ਹਨ। ਉਨ੍ਹਾਂ ਕਿਹਾ ਕਿ ਏਜੰਸੀ ਨੇ ਫਿਲਹਾਲ ਹੋਰ ਟਿਕਾਣਿਆਂ ’ਤੇ ਛਾਪੇ ਮਾਰਨ ਸਬੰਧੀ ਵੇਰਵੇ ਨਹੀਂ ਦਿੱਤੇ ਹਨ। ਇਹ ਕਾਰਵਾਈ ਸੀਬੀਆਈ ਵੱਲੋਂ ਤਿੰਨ ਸਾਲ ਪੁਰਾਣੀ ਜਾਂਚ ਦੇ ਨਤੀਜਿਆਂ ਤੋਂ ਬਾਅਦ ਕੀਤੀ ਗਈ। ਜਾਂਚ ਏਜੰਸੀ ਨੇ ਭਾਰਤੀ ਹਵਾਈ ਸੈਨਾ ਤੇ ਰੱਖਿਆ ਮੰਤਰਾਲੇ ਦੇ ਇੱਕ ਅਣਪਛਾਤੇ ਅਧਿਕਾਰੀ ਦੇ ਨਾਲ ਹੀ ਸਵਿੱਟਜ਼ਰਲੈਂਡ ਸਥਿਤ ਪਿਲੈਟਸ ਏਅਰਕ੍ਰਾਫਟ ਲਿਮਟਡ ਦੇ ਬੇਨਾਮ ਅਧਿਕਾਰੀਆਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਹੈ। ਉਨ੍ਹਾਂ ਕਿਹਾ ਸਵਿੱਸ ਕੰਪਨੀ 2009 ’ਚ ਮੰਗੇ ਗਏ ਗਏ ਟੈਂਡਰਾਂ ਲਈ ਅਰਜ਼ੀਆਂ ਦੇਣ ਵਾਲਿਆਂ ’ਚ ਸ਼ਾਮਲ ਸੀ। ਸੀਬੀਆਈ ਨੇ ਦੋਸ਼ ਲਗਾਇਆ ਕਿ ਕੰਪਨੀ ਨੇ ਆਫਸੈੱਟ ਇੰਡੀਆ ਸਲਿਊਸ਼ਨਜ਼ ਪ੍ਰਾਈਵੇਟ ਲਿਮਟਡ ਦੇ ਡਾਇਰੈਕਟਰਾਂ ਭੰਡਾਰੀ ਅਤੇ ਬਿਮਲ ਸਰੀਨ ਨਾਲ ਮਿਲ ਕੇ ਅਪਰਾਧਿਕ ਸਾਜ਼ਿਸ਼ ਰਚੀ ਅਤੇ ਭੰਡਾਰੀ ਨਾਲ ਜੂਨ 2010 ’ਚ ਬੇਈਮਾਨੀ ਤੇ ਧੋਖੇ ਨਾਲ ਸੇਵਾ ਦੇਣ ਸਬੰਧੀ ਸਮਝੌਤੇ ’ਤੇ ਦਸਤਖਤ ਕੀਤੇ ਜੋ ਰੱਖਿਆ ਖਰੀਦ ਪ੍ਰਕਿਰਿਆ 2008 ਦੀ ਉਲੰਘਣਾ ਸੀ। ਏਜੰਸੀ ਨੇ ਦੋਸ਼ ਲਗਾਇਆ ਕਿ ਕੰਪਨੀ ਵੱਲੋਂ ਆਫਸੈੱਟ ਇੰਡੀਆ ਸਲਿਊਸ਼ਨਜ਼ ਪ੍ਰਾਈਵੇਟ ਲਿਮਟਡ ਦੇ ਖਾਤੇ ’ਚੋਂ 10 ਲੱਖ ਸਵਿੱਸ ਫਰੈਂਕ ਦਾ ਭੁਗਤਾਨ ਕੀਤਾ ਗਿਆ। ਇਹ ਰਕਮ ਅਗਸਤ ਤੇ ਅਕਤੂਬਰ 2010 ’ਚ ਨਵੀਂ ਦਿੱਲੀ ਦੇ ਸਟੈਂਡਰਡ ਚਾਰਟਰਡ ਬੈਂਕ ਦੇ ਖਾਤੇ ’ਚੋਂ ਅਦਾ ਕੀਤੀ ਗਈ ਸੀ। ਇਸ ਤੋਂ ਇਲਾਵਾ ਭੰਡਾਰੀ ਦੀ ਹੀ ਦੁਬਈ ਸਥਿਤ ਕੰਪਨੀ ਆਫਸੈੱਟ ਇੰਡੀਆ ਸਲਿਊਸ਼ਨਜ਼ ਐੱਫਜ਼ੈੱਡਸੀ ਦੇ ਬੈਂਕ ਖਾਤਿਆਂ ’ਚੋਂ 2011 ਤੋਂ 2015 ਵਿਚਾਲੇ 350 ਕਰੋੜ ਰੁਪਏ ਮੁੱਲ ਦੇ ਸਵਿੱਸ ਫਰੈਂਕ ਦਾ ਭੁਗਤਾਨ ਕੀਤਾ ਗਿਆ। ਉਨ੍ਹਾਂ ਕਿਹਾ ਜਾਂਚ ’ਚ ਪਾਇਆ ਗਿਆ ਹੈ ਕਿ ਪਿਲੈਟਸ ਨੇ ਕਥਿਤ ਤੌਰ ’ਤੇ ਭਾਰਤ ਤੇ ਦੁਬਈ ’ਚ ਭੰਡਾਰੀ ਦੀ ਕੰਪਨੀ ਨੂੰ ਅਦਾ ਕੀਤੀ ਗਈ ਰਕਮ ਦੀ ਗੱਲ ਲੁਕਾਈ ਹੈ।
HOME ਪਿਲੈਟਸ ਜਹਾਜ਼ ਸੌਦਾ: ਸੰਜੈ ਭੰਡਾਰੀ ਤੇ ਹੋਰਾਂ ਖ਼ਿਲਾਫ਼ ਕੇਸ ਦਰਜ