ਸ਼ਮੀ ਦੀ ਹੈਟ੍ਰਿਕ ਨਾਲ ਭਾਰਤ ਜੇਤੂ

ਭਾਰਤ ਨੇ ਅੱਜ ਇਥੇ ਮੈਚ ਦੇ ਆਖਰੀ ਓਵਰ ਵਿੱਚ ਗੇਂਦਬਾਜ਼ ਮੁਹੰਮਦ ਸ਼ਮੀ ਦੀ ਹੈਟ੍ਰਿਕ ਤੇ ਸਾਥੀ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਘੱਟ ਸਕੋਰਿੰਗ ਵਾਲੇ ਰੋਮਾਂਚਕ ਮੁਕਾਬਲੇ ਵਿੱਚ ਅਫ਼ਗ਼ਾਨਿਸਤਾਨ ਨੂੰ 11 ਦੌੜਾਂ ਨਾਲ ਹਰਾ ਦਿੱਤਾ। ਭਾਰਤ ਵੱਲੋਂ ਜਿੱਤ ਲਈ ਦਿੱਤੇ 225 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਅਫ਼ਗ਼ਾਨਿਸਤਾਨ ਦੀ ਪੂਰੀ ਟੀਮ 49.5 ਓਵਰਾਂ ਵਿੱਚ 213 ਦੌੜਾਂ ’ਤੇ ਢੇਰ ਹੋ ਗਈ। ਅਫ਼ਗ਼ਾਨ ਟੀਮ ਲਈ ਮੁਹੰਮਦ ਨਬੀ ਨੇ ਸਭ ਤੋਂ ਵਧ 52 ਦੌੜਾਂ ਬਣਾਈਆਂ। ਹੋਰਨਾਂ ਬੱਲੇਬਾਜ਼ਾਂ ਵਿੱਚ ਰਹਿਮਤ ਸ਼ਾਹ ਨੇ 36 ਅਤੇ ਹਸ਼ਮਾਤੁੱਲ੍ਹਾ ਸ਼ਾਹਿਦੀ ਤੇ ਨਜੀਬੁੱਲ੍ਹਾ ਜ਼ਾਦਰਾਨ ਨੇ 21-21 ਦੌੜਾਂ ਬਣਾਈਆਂ। ਸ਼ਮੀ ਨੇ 50ਵੇਂ ਓਵਰ ਵਿੱਚ ਨਬੀ, ਆਫ਼ਤਾਬ ਆਲਮ ਤੇ ਮੁਜੀਬ ਉਰ ਰਹਿਮਾਨ ਨੂੰ ਉਪਰੋਥੱਲੀ ਆਊਟ ਕਰਕੇ ਆਪਣੀ ਹੈਟ੍ਰਿਕ ਪੂਰੀ ਕੀਤੀ। ਉਂਜ ਸ਼ਮੀ ਨੇ ਹੈਟ੍ਰਿਕ ਸਮੇਤ ਕੁੱਲ ਚਾਰ ਵਿਕਟਾਂ ਲਈਆਂ। ਜਸਪ੍ਰੀਤ ਬੁਮਰਾਹ, ਯੁਜ਼ਵੇਂਦਰ ਚਹਿਲ ਤੇ ਹਾਰਦਿਕ ਪੰਡਿਆ ਦੇ ਹਿੱਸੇ ਦੋ ਦੋ ਵਿਕਟ ਆਏ। ਸ਼ਮੀ, ਚੇਤਨ ਸ਼ਰਮਾ ਮਗਰੋਂ ਵਿਸ਼ਵ ਕੱਪ ਵਿੱਚ ਹੈਟ੍ਰਿਕ ਲਾਉਣ ਵਾਲਾ ਦੂਜਾ ਭਾਰਤੀ ਗੇਂਦਬਾਜ਼ ਹੈ। ਇਸ ਜਿੱਤ ਨਾਲ ਭਾਰਤ ਨੇ ਆਲਮੀ ਕੱਪ ਵਿੱਚ ਆਪਣੀ ਜੇਤੂ ਲੈਅ ਬਰਕਰਾਰ ਰੱਖੀ ਹੈ। ਭਾਰਤੀ ਟੀਮ ਪੰਜ ਮੈਚਾਂ ਵਿੱਚ ਚਾਰ ਜਿੱਤਾਂ ਤੇ ਇਕ ਮੈਚ ਨਾ ਖੇਡੇ ਜਾ ਸਕਣ ਕਰਕੇ ਨੌਂ ਅੰਕਾਂ ਨਾਲ ਤੀਜੇ ਸਥਾਨ ’ਤੇ ਪੁੱਜ ਗਈ ਹੈ। ਇਸ ਤੋਂ ਪਹਿਲਾਂ ਇੰਗਲੈਂਡ ਖ਼ਿਲਾਫ਼ ਹਾਰ ਤੋਂ ਸਬਕ ਲੈਂਦਿਆਂ ਅਫ਼ਗਾਨਿਸਤਾਨ ਨੇ ਅੱਜ ਭਾਰਤ ਖ਼ਿਲਾਫ਼ ਕਸਵੀਂ ਗੇਂਦਬਾਜ਼ੀ ਅਤੇ ਦੋ ਵਾਰ ਦੀ ਚੈਂਪੀਅਨ ਟੀਮ ਦੀ ਮਜ਼ਬੂਤ ਬੱਲੇਬਾਜ਼ੀ ਨੂੰ ਬੰਨ੍ਹ ਕੇ ਰੱਖਿਆ। ਭਾਰਤ ਤੋਂ ਵਿਸ਼ਵ ਕੱਪ ਦੀ ਸੂਚੀ ਵਿੱਚ ਸਭ ਤੋਂ ਹੇਠਾਂ ਚੱਲ ਰਹੇ ਅਫ਼ਗਾਨਿਸਤਾਨ ਖ਼ਿਲਾਫ਼ ਵੱਡੇ ਸਕੋਰ ਦੀ ਉਮੀਦ ਸੀ। ਕੋਹਲੀ ਅਤੇ ਜਾਧਵ ਤੋਂ ਇਲਾਵਾ ਕੋਈ ਭਾਰਤੀ ਬੱਲੇਬਾਜ਼ ਅਫ਼ਗਾਨ ਗੇਂਦਬਾਜ਼ਾਂ ਸਾਹਮਣੇ ਟਿਕ ਨਹੀਂ ਸਕਿਆ। ਭਾਰਤੀ ਪਾਰੀ ਦੌਰਾਨ ਸਿਰਫ਼ ਇੱਕ ਛੱਕਾ ਵੱਜਿਆ, ਜੋ ਜਾਧਵ ਦੇ ਬੱਲੇ ਤੋਂ ਨਿਕਲਿਆ ਸੀ। ਆਈਪੀਐਲ ਸਟਾਰ ਮੁਹੰਮਦ ਨਬੀ ਨੇ ਨੌਂ ਓਵਰਾਂ ਵਿੱਚ 33 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਮੁਜੀਬਰ-ਉਰ-ਰਹਿਮਾਨ ਨੇ ਦਸ ਓਵਰਾਂ ਵਿੱਚ 26 ਦੌੜਾਂ ਦੇ ਕੇ ਇੱਕ ਅਤੇ ਰਾਸ਼ਿਦ ਖ਼ਾਨ ਨੇ ਦਸ ਓਵਰਾਂ ਵਿੱਚ 38 ਦੌੜਾਂ ਦੇ ਕੇ ਇੱਕ ਵਿਕਟ ਲਈ। ਪਿੱਚ ਤੋਂ ਮਿਲ ਰਹੀ ਉਛਾਲ ਅਤੇ ਟਰਨ ਦਾ ਪੂਰਾ ਫ਼ਾਇਦਾ ਉਠਾਉਂਦਿਆਂ ਅਫ਼ਗਾਨ ਗੇਂਦਬਾਜ਼ਾਂ ਨੇ ਭਾਰਤ ਦੇ ਸਟਾਰ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਖੇਡਣ ਨਹੀਂ ਦਿੱਤਾ। ਉਨ੍ਹਾਂ ਨੇ 152 ਡਾਟ ਗੇਂਦਾਂ (25.2 ਓਵਰ) ਪਾਈਆਂ। ਅਫ਼ਗਾਨ ਗੇਂਦਬਾਜ਼ਾਂ ਲਈ ਇਹ ਚੰਗੀ ਵਾਪਸੀ ਸੀ, ਜਿਨ੍ਹਾਂ ਖ਼ਿਲਾਫ਼ ਪਿਛਲੇ ਮੈਚ ਵਿੱਚ ਇੰਗਲੈਂਡ ਦੇ ਬੱਲੇਬਾਜ਼ਾਂ ਨੇ ਰਿਕਾਰਡ 25 ਛੱਕੇ ਮਾਰੇ ਸਨ। ਮਹਿੰਦਰ ਸਿੰਘ ਧੋਨੀ (52 ਗੇਂਦਾਂ ਵਿੱਚ 28 ਦੌੜਾਂ) ਅਤੇ ਕੇਦਾਰ ਜਾਧਵ ਦੌੜਾਂ ਦੀ ਗਤੀ ਨਹੀਂ ਵਧਾ ਸਕੇ। ਦੋਵਾਂ ਨੇ ਵਿਚਕਾਰਲੇ 14 ਓਵਰਾਂ ਵਿੱਚ ਸਿਰਫ਼ 57 ਦੌੜਾਂ ਬਣਾਈਆਂ। ਧੋਨੀ ਸਟਰਾਈਕ ਰੋਟੇਟ ਕਰਨ ਵਿੱਚ ਨਾਕਾਮ ਰਿਹਾ ਅਤੇ ਬੱਲੇਬਾਜ਼ਾਂ ਵਿਚਾਲੇ ਚੰਗਾ ਤਾਲਮੇਲ ਵੀ ਨਹੀਂ ਦਿਸਿਆ। ਇੱਕ ਵਾਰ ਤਾਂ ਉਸ ਦੀ ਵਜ੍ਹਾ ਕਾਰਨ ਜਾਧਵ ਰਨ ਆਊਟ ਹੋਣ ਤੋਂ ਬਚਿਆ। ਧੋਨੀ ਨੂੰ ਰਾਸ਼ਿਦ ਨੇ ਆਊਟ ਕੀਤਾ, ਜੋ ਅੱਗੇ ਵਧ ਕੇ ਖੇਡਣ ਦੇ ਯਤਨ ਵਿੱਚ ਸਟੰਪਿੰਗ ਦਾ ਸ਼ਿਕਾਰ ਹੋਇਆ।ਹਾਰਦਿਕ ਪਾਂਡਿਆ ਨੇ ਆਉਂਦਿਆਂ ਹੀ ਹਮਲਾਵਰ ਰੁਖ਼ ਅਪਣਾਇਆ, ਪਰ ਟਿਕ ਨਹੀਂ ਸਕਿਆ। ਉਸ ਨੂੰ ਤੇਜ਼ ਗੇਂਦਬਾਜ਼ ਆਫ਼ਤਾਬ ਆਲਮ ਨੇ ਪੈਵਿਲੀਅਨ ਭੇਜਿਆ। ਕਪਤਾਨ ਗੁਲਬਦੀਨ ਨਾਇਬ ਨੇ 52 ਦੌੜਾਂ ਦੇ ਕੇ ਦੋ ਵਿਕਟਾਂ ਝਟਕਾਈਆਂ। ਉਸ ਨੇ ਆਖ਼ਰੀ ਓਵਰ ਦੀ ਪੰਜਵੀਂ ਗੇਂਦ ’ਤੇ ਜਾਧਵ ਨੂੰ ਆਊਟ ਕੀਤਾ। ਇਸ ਮੈਚ ਤੋਂ ਪਹਿਲਾਂ ਭਾਰਤ ਨੇ ਤਿੰਨ ਮੈਚਾਂ ਵਿੱਚ ਸਿਰਫ਼ 14 ਵਿਕਟਾਂ ਗੁਆਈਆਂ ਸਨ ਅਤੇ ਸਪਿੰਨਰ ਸਾਹਮਣੇ ਕੋਈ ਬੱਲੇਬਾਜ਼ ਆਊਟ ਨਹੀਂ ਹੋਇਆ ਸੀ। ਸ਼ਾਨਦਾਰ ਲੈਅ ਵਿੱਚ ਚੱਲ ਰਹੇ ਰੋਹਿਤ ਸ਼ਰਮਾ ਨੂੰ ਮੁਜ਼ੀਬ ਨੇ ਪੈਵਿਲੀਅਨ ਭੇਜਿਆ। ਇਸ ਤੋਂ ਇਲਾਵਾ ਕੇਐਲ ਰਾਹੁਲ 30 ਦੌੜਾਂ ਬਣਾਉਣ ਦੇ ਬਾਵਜੂਦ ਸਹਿਜ ਨਹੀਂ ਦਿਸਿਆ। ਉਸ ਨੂੰ ਵੀ ਕਿੰਗਜ਼ ਇਲੈਵਨ ਪੰਜਾਬ ਦੇ ਉਸ ਦੇ ਸਾਥੀ ਖਿਡਾਰੀ ਮੁਜ਼ੀਬ ਨੇ ਆਊਟ ਕੀਤਾ। ਰੀਵਰਸ ਸਵੀਪ ਖੇਡਣ ਦੇ ਯਤਨ ਵਿੱਚ ਉਹ ਸ਼ਾਰਟ ਥਰਡਮੈਨ ’ਤੇ ਹਜ਼ਰਤੁੱਲ੍ਹਾ ਜਜ਼ਈ ਨੂੰ ਕੈਚ ਦੇ ਬੈਠਾ। ਕੋਹਲੀ ਇਕੱਲਾ ਅਜਿਹਾ ਭਾਰਤੀ ਬੱਲੇਬਾਜ਼ ਸੀ, ਜੋ ਸਹਿਜ ਦਿਸਿਆ। ਉਸ ਨੇ ਰਾਸ਼ਿਦ ਦੀ ਗੇਂਦ ਨੂੰ ਸ਼ਾਨਦਾਰ ਕਵਰ ਡਰਾਈਵ ਕੀਤਾ। ਵਿਜੈ ਸ਼ੰਕਰ ਨੇ 41 ਗੇਂਦਾਂ ਵਿੱਚ 29 ਦੌੜਾਂ ਬਣਾਈਆਂ ਅਤੇ ਕੋਹਲੀ ਨਾਲ 58 ਦੌੜਾਂ ਦੀ ਭਾਈਵਾਲੀ ਕੀਤੀ। ਉਸ ਨੂੰ ਰਹਿਮਤ ਸ਼ਾਹ ਨੇ ਐਲਬੀਡਬਲਯੂ ਆਊਟ ਕੀਤਾ। ਕੋਹਲੀ ਇੱਕ ਹੋਰ ਸੈਂਕੜਾ ਮਾਰਨ ਵੱਲ ਵਧ ਰਿਹਾ ਸੀ, ਪਰ ਉਸ ਨੇ ਨਬੀ ਨੂੰ ਕੱਟ ਲਗਾਉਣ ਦੇ ਯਤਨ ਵਿੱਚ ਆਪਣੀ ਵਿਕਟ ਗੁਆ ਲਈ।

Previous articleਪਿਲੈਟਸ ਜਹਾਜ਼ ਸੌਦਾ: ਸੰਜੈ ਭੰਡਾਰੀ ਤੇ ਹੋਰਾਂ ਖ਼ਿਲਾਫ਼ ਕੇਸ ਦਰਜ
Next articleਮੋਦੀ ਵੱਲੋਂ ਅਰਥਸ਼ਾਸਤਰੀਆਂ ਤੇ ਸਨਅਤ ਮਾਹਿਰਾਂ ਨਾਲ ਮੀਟਿੰਗ